ਬਠਿੰਡਾ 6 ਮਾਰਚ (ਮੱਖਣ ਸਿੰਘ ਬੁੱਟਰ) : ਸਮਾਜਿਕ ਭਲਾਈ ਅਤੇ ਸਿੱਖਿਆ ਦੇ ਵਿਕਾਸ ਪ੍ਰਤੀ ਆਪਣੇ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਸਟੇਟ ਬੈਂਕ ਆਫ ਇੰਡੀਆ (ਐਸ.ਬੀ.ਆਈ.) ਬਰਾਂਚ ਬਠਿੰਡਾ ਵੱਲੋਂ ਸੀਨੀਅਰ ਸੈਕੈਂਡਰੀ ਕੰਨਿਆ ਸਕੂਲ ਭਾਈ ਰੂਪਾ ਨੂੰ ਵਿਸ਼ੇਸ਼ ਭੇਟ ਦਿੱਤੀ ਗਈ। ਸਕੂਲ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਬੈਂਕ ਦੇ ਇਸ ਮਹੱਤਵਪੂਰਨ ਯੋਗਦਾਨ ਲਈ ਬੈਂਕ ਪ੍ਰਬੰਧਨ ਅਤੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ।ਬੈਂਕ ਵੱਲੋਂ ਦਿੱਤੀ ਗਈ ਭੇਟ ਵਿੱਚ 5 ਏਅਰ ਕੰਡਿਸ਼ਨਰ (AC), 10 ਪੱਖੇ, 5 ਕੰਪਿਊਟਰ ਅਤੇ 2 ਅਲਮਾਰੀਆਂ ਸ਼ਾਮਲ ਹਨ। ਇਹ ਸਮਾਨ ਨਾ ਸਿਰਫ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਸੁਧਾਰ ਲਿਆਉਣਗੇ, ਬਲਕਿ ਉਨ੍ਹਾਂ ਨੂੰ ਤਾਪਮਾਨ ਅਤੇ ਹੋਰ ਆਬੋ-ਹਵਾ ਸੰਬੰਧੀ ਸਮੱਸਿਆਵਾਂ ਤੋਂ ਵੀ ਬਚਾਉਣਗੇ। ਮਿਡਲ ਵਿੰਗ ਹੁਣ ਲਗਭਗ ਇੱਕ ਏ.ਸੀ. ਬਿਲਡਿੰਗ ਵਿੱਚ ਤਬਦੀਲ ਹੋ ਚੁੱਕਾ ਹੈ, ਜਿਸ ਨਾਲ ਬੱਚਿਆਂ ਨੂੰ ਗਰਮੀ ਤੋਂ ਖਾਸਾ ਰਾਹਤ ਮਿਲੇਗਾ।ਇਸ ਪੂਰੇ ਉਪਰਾਲੇ ਨੂੰ ਹਕੀਕਤ ਬਣਾਉਣ ਵਿੱਚ ਮੈਡਮ ਅਮਨਪ੍ਰੀਤ ਕੰਬੋਜ ਦੀ ਮਹੱਤਵਪੂਰਨ ਭੂਮਿਕਾ ਰਹੀ। ਉਨ੍ਹਾਂ ਨੇ ਬੈਂਕ ਅਤੇ ਸਕੂਲ ਪ੍ਰਸ਼ਾਸਨ ਦੇ ਵਿਚਕਾਰ ਪੂਲ ਬਣ ਕੇ ਕੰਮ ਕੀਤਾ ਅਤੇ ਇਸ ਯਤਨ ਨੂੰ ਅਮਲੀ ਜਾਮਾ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਕੂਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਪ੍ਰਗਟ ਕੀਤਾ ਗਿਆ।
ਇਸ ਵਿਸ਼ੇਸ਼ ਮੌਕੇ ‘ਤੇ ਐਸ.ਬੀ.ਆਈ. ਬਰਾਂਚ ਸਿਵਲ ਲਾਈਨ ਬਠਿੰਡਾ ਦੇ ਮੈਨੇਜਰ ਅਤੇ ਸਟਾਫ, ਸਕੂਲ ਪ੍ਰਿੰਸੀਪਲ ਅਤੇ ਅਧਿਆਪਕ ਮੰਡਲ ਹਾਜ਼ਰ ਰਹੇ। ਸਕੂਲ ਪ੍ਰਸ਼ਾਸਨ ਵੱਲੋਂ ਬੈਂਕ ਪ੍ਰਬੰਧਨ ਅਤੇ ਸਟਾਫ ਨੂੰ ਸਨਮਾਨਿਤ ਕੀਤਾ ਗਿਆ, ਤਾਂ ਜੋ ਉਨ੍ਹਾਂ ਦੀ ਸਮਾਜਿਕ ਸੇਵਾ ਅਤੇ ਉਤਕ੍ਰਿਸ਼ਟ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਜਾ ਸਕੇ।ਇਸ ਮੌਕੇ ‘ਤੇ ਸਕੂਲ ਪ੍ਰਿੰਸੀਪਲ ਸ. ਬਲਵਿੰਦਰ ਸਿੰਘ ਨੇ ਆਪਣੇ ਵਿਚਾਰ ਵਿਆਕਤ ਕਰਦੇ ਹੋਏ ਕਿਹਾ ਕਿ “ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਨਾ ਸਿਰਫ਼ ਸਰਕਾਰੀ ਸਕੂਲਾਂ ਦੀ ਤਰੱਕੀ ਹੋਵੇਗੀ, ਬਲਕਿ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਨ ਵਿੱਚ ਵੀ ਮਦਦ ਮਿਲੇਗੀ।” ਉਨ੍ਹਾਂ ਆਸ਼ਾ ਜਤਾਈ ਕਿ “ਭਵਿੱਖ ਵਿੱਚ ਹੋਰ ਸੰਸਥਾਵਾਂ, ਸਮਾਜਿਕ ਕਾਇਰਕਰਤਾ ਅਤੇ ਅਧਿਕਾਰੀ ਵੀ ਸਮਾਜ ਭਲਾਈ ਲਈ ਇਸ ਤਰ੍ਹਾਂ ਦੇ ਉੱਦਮ ਕਰਣਗੇ।”ਇਸ ਯੋਗਦਾਨ ਨਾਲ ਸਕੂਲ ਦੀਆਂ ਵਿਦਿਆਰਥਣਾਂ ਵਿੱਚ ਇੱਕ ਨਵੀਂ ਉਤਸ਼ਾਹਨਾ ਜਗਣੀ ਨਿਸ਼ਚਤ ਹੈ। ਉਨ੍ਹਾਂ ਨੇ ਐਸ.ਬੀ.ਆਈ. ਬੈਂਕ, ਸਕੂਲ ਪ੍ਰਸ਼ਾਸਨ ਅਤੇ ਮੈਡਮ ਅਮਨਪ੍ਰੀਤ ਕੰਬੋਜ ਦਾ ਖੁੱਲ੍ਹੇ ਦਿਲ ਨਾਲ ਧੰਨਵਾਦ ਕੀਤਾ। ਬਚੀਆਂ ਦੀਆਂ ਖਿੜ੍ਹੀਆਂ ਮੁਸਕਾਨਾਂ ਨੇ ਇਹ ਦਰਸਾਇਆ ਕਿ ਆਉਣ ਵਾਲੀ ਨਵੀਂ ਪੀੜ੍ਹੀ, ਜਿਹੜੀ ਚੰਗੀ ਵਿਦਿਆ ਪ੍ਰਾਪਤ ਕਰਕੇ ਭਵਿੱਖ ਦੇ ਆਗੂ ਬਣੇਗੀ, ਉਨ੍ਹਾਂ ਲਈ ਇਹ ਪਹਿਲ ਇੱਕ ਮਜਬੂਤ ਪੱਥਰ ਦਾ ਕੰਮ ਕਰੇਗੀ।