ਬਠਿੰਡਾ 31 ਅਕਤੂਬਰ (ਮੱਖਣ ਸਿੰਘ ਬੁੱਟਰ) : ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਡਾਕਟਰਾਂ ਨੇ ਮਿਤੀ 02 ਨਵੰਬਰ ਦਿਨ ਐਤਵਾਰ ਨੂੰ ਜ਼ਿਮਨੀ ਚੋਣ ਤੋਂ ਪਹਿਲਾਂ ਤਰਨਤਾਰਨ ਵਿਖੇ ਸਟੇਟ ਪੱਧਰੀ ਧਰਨਾ ਅਤੇ ਵਿਸ਼ਾਲ ਰੋਸ ਮਾਰਚ ਕੱਢਣ ਦਾ ਫੈਸਲਾ ਲਿਆ ਹੈ।ਇਸ ਸਬੰਧੀ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ (ਜੇ.ਏ.ਸੀ.) ਦੇ ਕਨਵੀਨਰ, ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਸਾਰੇ ਪੰਜਾਬ ਦੇ ਵੈਟਨਰੀ ਡਾਕਟਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੈਡੀਕਲ ਡਾਕਟਰਾਂ ਨਾਲ ਪੇਅ-ਪੈਰਿਟੀ ਅਤੇ 4-9-14 ਡੀ.ਏ.ਸੀ.ਪੀ. ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ।ਵੈਟਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲ 42 ਸਾਲ ਤੋਂ ਚੱਲੀ ਆ ਰਹੀ ਪੇਅ-ਪੈਰਿਟੀ ਪਿਛਲੀ ਸਰਕਾਰ ਵੱਲੋਂ ਜਨਵਰੀ 2021 ਵਿੱਚ ਗਲਤ ਤਰੀਕੇ ਨਾਲ ਤੋੜ ਦਿੱਤੀ ਗਈ ਸੀ। ਸਰਕਾਰ ਵੱਲੋਂ ਵੈਟਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲੋਂ ਪੇਅ-ਪੈਰਿਟੀ ਤੋੜਦੇ ਹੋਏ ਵੈਟਨਰੀ ਡਾਕਟਰਾਂ ਦਾ ਮੁਢਲਾ ਤਨਖਾਹ ਸਕੇਲ 56100 ਤੋਂ ਘਟਾ ਕੇ 47600 ਕਰ ਦਿੱਤਾ ਗਿਆ ਸੀ ਜਿਸਨੂੰ ਕਿ ਮੁੜ 56100 ਕਰਵਾਉਣ ਲਈ ਪੰਜਾਬ ਦੇ ਵੈਟਨਰੀ ਡਾਕਟਰਾਂ ਵੱਲੋਂ ਸੰਘਰਸ਼ ਦੇ ਰਾਹ ਤੇ ਹਨ।ਇਸ ਸੰਘਰਸ਼ ਅਧੀਨ ਮਿਤੀ 29-07-2025 ਨੂੰ ਪੂਰੇ ਪੰਜਾਬ ਦੇ ਡਿਪਟੀ ਡਾਇਰੈਕਟਰ ਦਫਤਰਾਂ ਦੇ ਬਾਹਰ ਧਰਨੇ ਲਗਾਏ ਗਏ ਸੀ ਤੇ ਫਿਰ 11-08-2025 ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਟੇਟ ਪੱਧਰੀ ਧਰਨਾ ਲਗਾ ਕੇ ਵੱਡੀ ਪੱਧਰ ਤੇ ਸਰਕਾਰ ਖਿਲਾਫ ਰੋਸ ਮਾਰਚ ਵੀ ਕੱਢਿਆ ਗਿਆ ਸੀ। ਉਨ੍ਹਾਂ ਕਿਹਾ ਕਿ ਚੱਲ ਰਹੇ ਸੰਘਰਸ਼ ਦੇ ਦੌਰਾਨ ਜੇ.ਏ.ਸੀ ਵੱਲੋਂ ਅਗਲਾ ਪ੍ਰੋਗਰਾਮ ਤਹਿ ਕਰ ਲਿਆ ਗਿਆ ਸੀ ਪਰ ਪੰਜਾਬ ਸੂਬਾ ਬੁਰੀ ਤਰ੍ਹਾਂ ਹੜ੍ਹਾਂ ਦੀ ਚਪੇਟ ਵਿੱਚ ਆ ਗਿਆ ਸੀ ਜਿਸ ਕਾਰਨ ਜੇ.ਏ.ਸੀ. ਨੇ ਸੰਘਰਸ਼ ਨੂੰ ਰੋਕ ਕੇ ਪੰਜਾਬ ਦੇ ਪਸ਼ੂ ਪਾਲਕਾਂ ਅਤੇ ਉੱਨ੍ਹਾਂ ਦੇ ਕੀਮਤੀ ਬੇਜ਼ੁਬਾਨ ਪਸ਼ੂਆਂ ਪ੍ਰਤੀ ਆਪਣੀ ਨੈਤਿਕ ਜਿੰਮੇਵਾਰੀ ਨੂੰ ਪਹਿਲ ਦਿੰਦੇ ਹੋਏ, ਵੈਟਨਰੀ ਡਾਕਟਰਾਂ ਨੂੰ ਆਪਣੀਆਂ ਅਣਥੱਕ ਵੱਡਮੁੱਲੀਆਂ ਸੇਵਾਵਾਂ ਦੇਣ ਲਈ ਕਿਹਾ, ਜਿਸਨੂੰ ਮੰਨਦੇ ਹੋਏ ਪੰਜਾਬ ਦੇ ਵੈਟਨਰੀ ਡਾਕਟਰਾਂ ਨੇ ਦਿਨ-ਰਾਤ ਅਣਥੱਕ ਵੱਡਮੁੱਲੀਆਂ ਸੇਵਾਵਾਂ ਦੇ ਕੇ ਪਸ਼ੂਧਨ ਨੂੰ ਹੜ੍ਹਾਂ ਦੇ ਪ੍ਰਕੋਪ ਤੋਂ ਨਾ-ਸਿਰਫ ਬਚਾਇਆ, ਬਲਕਿ ਸ਼ਲਾਘਾਯੋਗ ਕੰਮ ਕਰਦੇ ਹੋਏ ਸਮੁੱਚੇ ਪੰਜਾਬ ਸੂਬੇ ਵਿੱਚ ਕਿਤੇ ਵੀ ਕੋਈ ਬਿਮਾਰੀ ਨਹੀਂ ਫੈਲਣ ਦਿੱਤੀ। ਪਸ਼ੂ ਪਾਲਣ ਮੰਤਰੀ ਜੀ ਨੂੰ ਉਸ ਸਮੇਂ ਜੇ.ਏ.ਸੀ. ਵੱਲੋਂ ਸੂਚਿਤ ਕਰ ਦਿੱਤਾ ਗਿਆ ਸੀ ਕਿ ਹੜ੍ਹਾਂ ਕਾਰਨ ਪੰਜਾਬ ਦੇ ਵੈਟਨਰੀ ਡਾਕਟਰ ਆਪਣਾ ਸੰਘਰਸ਼ ਫਿਲਹਾਲ ਰੋਕ ਰਹੇ ਹਨ। ਹੜ੍ਹਾਂ ਦੀ ਮਾਰ ਤੋਂ ਬਾਅਦ ਮੰਤਰੀ ਜੀ ਨਾਲ ਮੁੜ ਤੋਂ ਮੀਟਿੰਗ ਲਈ ਸਮਾਂ ਮੰਗਿਆ ਜਾਂਦਾ ਰਿਹਾ ਪ੍ਰੰਤੂ ਉੱਨ੍ਹਾਂ ਵੱਲੋਂ ਕੋਈ ਹੁੰਘਾਰਾ ਨਹੀਂ ਆਇਆ।
ਇੱਥੇ ਵਿਭਾਗ ਦੇ ਵਜ਼ੀਰ ਸਾਹਿਬ ਪੰਜਾਬ ਦੇ ਵੈਟਨਰੀ ਡਾਕਟਰਾਂ ਨੂੰ ਉਹਨਾਂ ਦਾ ਬਣਦਾ ਸਨਮਾਨ ਦਿਵਾਉਣ ਲਈ ਅਵਾਜ਼ ਬੁਲੰਦ ਕਰਨ ਤੋਂ ਫਿਰ ਖੁੰਝ ਗਏ।ਸਰਕਾਰ ਦੇ ਇਸ ਰੱਵਈਏ ਕਾਰਨ ਜੇ.ਏ.ਸੀ. ਵੱਲੋਂ ਤਰਨਤਾਰਨ ਜ਼ਿਮਨੀ ਚੋਣ ਤੋਂ ਪਹਿਲਾਂ ਮਿਤੀ 02-11-2025 , ਦਿਨ ਐਤਵਾਰ ਨੂੰ ਸਟੇਟ ਪੱਧਰੀ ਧਰਨਾ ਅਤੇ ਰੋਸ ਮਾਰਚ ਉਲੀਕਿਆ ਗਿਆ ਹੈ।ਜੇ.ਏ.ਸੀ. ਦੇ ਕੋ-ਕਨਵੀਨਰ, ਡਾ. ਪੁਨੀਤ ਮਲਹੋਤਰਾ ਅਤੇ ਡਾ. ਅਬਦੁਲ ਮਜ਼ੀਦ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜੇ.ਏ.ਸੀ. ਦੀਆਂ ਪਸ਼ੂ ਪਾਲਣ ਵਿਭਾਗ ਦੇ ਉਚ-ਅਧਿਕਾਰੀਆਂ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਸਬ-ਕਮੇਟੀ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਸਰਕਾਰ ਵੱਲੋਂ ਭਰੋਸਾ ਦਿੱਤੇ ਜਾਣ ਤੇ ਕਈ ਵਾਰ ਸੰਘਰਸ਼ ਮੁਲਤਵੀ ਵੀ ਕੀਤਾ ਗਿਆ। ਪ੍ਰੰਤੂ ਇਸ ਸਭ ਦੇ ਬਾਵਜੂਦ ਵੀ ਵੈਟਨਰੀ ਡਾਕਟਰਾਂ ਦੇ ਹੱਥ ਅੱਜ ਤੱਕ ਸਿਰਫ ਲਾਰੇ ਅਤੇ ਡੰਗ ਟਪਾਊ ਵਾਅਦਿਆਂ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਲੱਗਿਆ। ਜੇ.ਏ.ਸੀ. ਦੇ ਕੋਆਡੀਨੇਟਰ, ਡਾ. ਤੇਜਿੰਦਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਦਿੱਲੀ ਸਰਕਾਰ, ਕੇਂਦਰ ਸਰਕਾਰ, ਇੰਡੀਅਨ ਆਰਮੀ, ਬੀ ਐਸ ਐਫ, ਰਾਜਸਥਾਨ, ਉੜੀਸਾ ਸਰਕਾਰ ਸਮੇਤ ਹੋਰ ਬਹੁਤ ਰਾਜ ਸਰਕਾਰਾਂ ਵੈਟਨਰੀ ਅਫ਼ਸਰਾਂ ਨੂੰ ਮੈਡੀਕਲ ਅਫ਼ਸਰਾਂ ਦੇ ਬਰਾਬਰ 56100 ਦਾ ਸਕੇਲ ਦੇ ਰਹੀਆਂ ਹਨ ਪਰ ਪੰਜਾਬ ਸਰਕਾਰ ਵੈਟਨਰੀ ਡਾਕਟਰਾਂ ਨੂੰ 47600 ਦਾ ਸਕੇਲ ਦੇ ਰਹੀ ਹੈ। ਵੈਟਨਰੀ ਡਾਕਟਰਾਂ ਨਾਲ ਇਹ ਮਤਰੇਈ ਮਾਂ ਵਰਗਾ ਸਲੂਕ ਨਾ-ਸਹਿਣਯੋਗ ਹੈ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਫੈਸਲੇ ਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਜੇ.ਏ.ਸੀ. ਦੇ ਮੀਡੀਆ ਅਡਵਾਈਜ਼ਰ, ਡਾ. ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਬੜੀ ਹੀ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਸਰਕਾਰ ਸਮਾਜ ਦੇ ਪੜੇ-ਲਿਖੇ ਵਰਗ ਵੈਟਨਰੀ ਡਾਕਟਰ ਜੋ ਕਿ ਬੇਜ਼ੁਬਾਨ ਪਸ਼ੂਆਂ ਦੀ ਮਰਜ਼ ਸਮਝ ਕੇ ਉਸਦਾ ਇਲਾਜ ਕਰਕੇ ਉਸਨੂੰ ਰੋਗ ਮੁਕਤ ਕਰਦੇ ਹਨ, ਪੰਜਾਬ ਸਰਕਾਰ ਨੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੋਲਿਆਂ ਕਰਕੇ ਉਹਨਾਂ ਕੋਲ ਸੜਕਾਂ ਤੇ ਆਉਣ ਤੋਂ ਬਿਨ੍ਹਾਂ ਕੋਈ ਵੀ ਰਸਤਾ ਬਾਕੀ ਨਹੀਂ ਛੱਡਿਆ ਹੈ। ਉਹਨਾਂ ਦੱਸਿਆ ਕਿ ਮਿਤੀ 02-11-2025 ਦਿਨ ਐਤਵਾਰ ਨੂੰ ਤਰਨਤਾਰਨ ਵਿਖੇ ਰੱਖੇ ਗਏ ਇਸ ਧਰਨੇ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਅਫ਼ਸਰ, ਸੀਨੀਅਰ ਵੈਟਨਰੀ ਅਫਸਰ, ਸਹਾਇਕ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਸੇਵਾ ਮੁਕਤ ਵੈਟਨਰੀ ਡਾਕਟਰ ਵੀ ਸ਼ਿਰਕਤ ਕਰਨਗੇ।