*ਵਿਜੀਲੈਂਸ ਬਿਊਰੋ ਬਰਨਾਲਾ ਵੱਲੋਂ ਮਹਿਲ ਕਲਾਂ ਵਿਖੇ ਕਰਪਸ਼ਨ ਵਿਰੋਧੀ ਜਾਗਰੂਕਤਾ ਸੈਮੀਨਾਰ ਸਫਲਤਾ ਪੂਰਵਕ ਸੰਪੰਨ*

*“ਇਮਾਨਦਾਰੀ ਸਾਡੀ ਸ਼ਾਨ — ਰਿਸ਼ਵਤਖੋਰੀ ਸਾਡਾ ਅਪਮਾਨ” ਦਾ ਗੂੰਜਦਾ ਨਾਅਰਾ, ਸੱਚਾਈ ਦੇ ਸੁਨੇਹੇ ਨਾਲ ਪਿੰਡ ਮਹਿਲ ਕਲਾਂ ਹੋਇਆ ਰੌਸ਼ਨ*
ਮਹਿਲ ਕਲਾਂ, 31 ਅਕਤੂਬਰ (ਡਾ. ਮਿੱਠੂ ਮੁਹੰਮਦ) —ਪੰਜਾਬ ਸਰਕਾਰ ਵੱਲੋਂ ਚੱਲ ਰਹੀ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੀ ਲੜੀ ਤਹਿਤ ਅੱਜ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਵੱਲੋਂ ਜੰਗ ਸਿੰਘ ਪਾਰਕ ਮਹਿਲ ਕਲਾਂ ਵਿੱਚ ਇੱਕ ਸ਼ਾਨਦਾਰ ਅਤੇ ਪ੍ਰੇਰਣਾਦਾਇਕ ਕਰੱਪਸ਼ਨ ਵਿਰੋਧੀ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸਨੇ ਲੋਕਾਂ ਵਿੱਚ ਇਮਾਨਦਾਰੀ ਤੇ ਪਾਰਦਰਸ਼ਤਾ ਦੀ ਅਹਿਮੀਅਤ ਬਾਰੇ ਨਵਾਂ ਜੋਸ਼ ਜਗਾਇਆ।
ਇਹ ਪ੍ਰੋਗਰਾਮ ਸ੍ਰੀ ਪ੍ਰਵੀਨ ਕੁਮਾਰ ਸਿਨਹਾ (ਆਈਪੀਐਸ), ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਦੇ ਸਪਸ਼ਟ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਰਾਜਪਾਲ ਸਿੰਘ ਹੁੰਦਲ (ਪੀਪੀਐਸ), ਸੀਨੀਅਰ ਪੁਲਿਸ ਅਧਿਕਾਰੀ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਦੀ ਰਹਿਨੁਮਾਈ ਹੇਠ ਕੀਤਾ ਗਿਆ।ਇਸ ਸੈਮੀਨਾਰ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਮਾਜ ਦੇ ਹਰ ਤੱਬਕੇ ਪੰਚਾਇਤੀ ਆਗੂਆਂ, ਪੱਤਰਕਾਰਾਂ, ਸਮਾਜ ਸੇਵੀ ਸੰਸਥਾਵਾਂ, ਡਾਕਟਰੀ ਜਥੇਬੰਦੀਆਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਕੁਰੱਪਸ਼ਨ ਵਿਰੋਧੀ ਜੰਗ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਵਾਅਦਾ ਕੀਤਾ। ਇਹ ਪ੍ਰੋਗਰਾਮ ਪਿੰਡ ਮਹਿਲ ਕਲਾਂ ਦੀ ਸਰਪੰਚ ਸ਼੍ਰੀਮਤੀ ਕਿਰਨਾ ਰਾਣੀ, ਸਰਪੰਚ ਸਰਬਜੀਤ ਸਿੰਘ ਸੰਭੂ, ਸਮਾਜ ਸੇਵੀ ਅਰੁਣ ਬਾਂਸਲ, ਸ੍ਰੀ ਅਸ਼ੋਕ ਕੁਮਾਰ ਭਾਰਤ ਸੇਲਜ਼, ਅਤੇ ਸ੍ਰੀ ਜਸਬੀਰ ਸਿੰਘ ਭੋਲਾ ਛੀਨੀਵਾਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।ਮੌਕੇ ‘ਤੇ ਡੀ.ਐਸ.ਪੀ. ਹਰਿਮੰਦਰ ਸਿੰਘ ਅਤੇ ਇੰਸਪੈਕਟਰ ਗੁਰਮੇਲ ਸਿੰਘ (ਵਿਜੀਲੈਂਸ ਬਿਊਰੋ ਬਰਨਾਲਾ) ਨੇ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ  “ਰਿਸ਼ਵਤਖੋਰੀ ਸਿਰਫ਼ ਕਾਨੂੰਨ ਦੀ ਉਲੰਘਣਾ ਨਹੀਂ, ਸਗੋਂ ਇਹ ਇੱਕ ਆਤਮਿਕ ਬੀਮਾਰੀ ਹੈ, ਜੋ ਸਮਾਜ ਦੇ ਨੈਤਿਕ ਧਾਗਿਆਂ ਨੂੰ ਕਮਜ਼ੋਰ ਕਰਦੀ ਹੈ। ਇਸਨੂੰ ਮਿਟਾਉਣ ਦਾ ਇਕੱਲਾ ਰਾਹ ਸੱਚਾਈ ਤੇ ਨਿਸ਼ਠਾ ਨਾਲ ਕੰਮ ਕਰਨਾ ਹੈ।”
ਉਨ੍ਹਾਂ ਨੇ ਸਭ ਨੂੰ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਦੀ ਸੌਂਹ ਚੁਕਾਈ ਅਤੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਵੱਲੋਂ ਰਿਸ਼ਵਤ ਮੰਗੀ ਜਾਵੇ, ਤਾਂ ਲੋਕ ਤੁਰੰਤ ਵਿਜੀਲੈਂਸ ਬਿਊਰੋ ਦੇ ਟੋਲ-ਫਰੀ ਨੰਬਰ ਤੇ ਸੰਪਰਕ ਕਰਨ।
ਉਨ੍ਹਾਂ ਨੇ ਸ਼ਿਕਾਇਤਕਰਤਾਵਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਸੈਮੀਨਾਰ ਵਿੱਚ ਪ੍ਰਮੁੱਖ ਬੁਲਾਰੇ ਵਜੋਂ ਸ੍ਰੀ ਰਾਜਾ ਰਾਮ (ਪ੍ਰਧਾਨ ਤਰਕਸ਼ੀ ਸੋਸਾਇਟੀ ਭਾਰਤ),ਸ੍ਰੀ ਨਿਰਮਲ ਸਿੰਘ ਪੰਡੋਰੀ (ਪ੍ਰਧਾਨ ਪ੍ਰੈਸ ਐਸੋਸੀਏਸ਼ਨ),ਸ੍ਰੀ ਜਸਬੀਰ ਸਿੰਘ ਖਾਲਸਾ ਮਹਿਲ ਕਲਾਂ,ਡਾ. ਮਿੱਠੂ ਮੁਹੰਮਦ (ਸੂਬਾ ਪ੍ਰੈਸ ਮੀਡੀਆ ਇੰਚਾਰਜ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ),ਸ੍ਰੀ ਸ਼ੇਰ ਸਿੰਘ (ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਲ ਕਲਾਂ), ਐਡਵੋਕੇਟ ਅਭਿਸ਼ੇਕ ਸਿੰਗਲਾ, ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਬੇਅੰਤ ਸਿੰਘ ਅਤੇ ਗੁਰਪ੍ਰੀਤ ਸਿੰਘ ਅਣਖੀ (ਪੱਤਰਕਾਰ) ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ “ਕੁਰੱਪਸ਼ਨ ਉਹ ਜ਼ਹਿਰ ਹੈ, ਜੋ ਕਾਬਲੀਅਤ ਨੂੰ ਮਾਰਦਾ ਅਤੇ ਸੱਚਾਈ ਨੂੰ ਕਮਜ਼ੋਰ ਕਰਦਾ ਹੈ। ਜੇ ਹਰ ਨਾਗਰਿਕ ਆਪਣਾ ਫ਼ਰਜ਼ ਇਮਾਨਦਾਰੀ ਨਾਲ ਨਿਭਾਏ ਤਾਂ ਦੇਸ਼ ਆਪ ਹੀ ਰਿਸ਼ਵਤਮੁਕਤ ਬਣ ਸਕਦਾ ਹੈ।” ਇੱਥੇ ਜ਼ਿਕਰਯੋਗ ਹੈ ਕਿ ਪਿੰਡ ਮਹਿਲ ਕਲਾਂ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਨੇ ਇਮਾਨਦਾਰੀ ਅਤੇ ਸੱਚਾਈ ਨਾਲ ਦੇਸ਼-ਸਮਾਜ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਅਤੇ “No to Corruption, Yes to Honesty” ਦੇ ਨਾਅਰੇ ਨਾਲ ਇਕ ਜਾਗਰੂਕਤਾ ਰੈਲੀ ਕੱਢਣ ਦਾ ਐਲਾਨ ਕੀਤਾ। ਡੀਐਸਪੀ ਹਰਿਮੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਵੱਲੋਂ ਜਾਰੀ ਕੀਤੇ ਟੋਲ-ਫਰੀ ਨੰਬਰ, ਐਂਟੀ ਕਰਪਸ਼ਨ ਐਕਸ਼ਨ ਲਾਈਨ ਨੰਬਰ ਅਤੇ ਆਧਿਕਾਰਿਕ ਵੈਬਸਾਈਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਤਾਂ ਜੋ ਲੋਕ ਬੇਧੜਕ ਆਪਣੇ ਹੱਕ ਦੀ ਆਵਾਜ਼ ਉਠਾ ਸਕਣ।ਸੈਮੀਨਾਰ ਦੇ ਅੰਤ ਵਿੱਚ ਵਿਜੀਲੈਂਸ ਅਧਿਕਾਰੀਆਂ ਅਤੇ ਸਾਰੇ ਹਾਜ਼ਰੀਨ ਨੇ ਇਕਸੁਰ ਹੋ ਕੇ ਸੰਦੇਸ਼ ਦਿੱਤਾ ਕਿ “ਇਮਾਨਦਾਰੀ ਸਿਰਫ਼ ਇਕ ਗੁਣ ਨਹੀਂ, ਇਹ ਇਕ ਕਰਾਂਤੀ ਹੈ , ਜੋ ਸਾਫ ਸਿਸਟਮ, ਮਜ਼ਬੂਤ ਦੇਸ਼ ਅਤੇ ਖੁਸ਼ਹਾਲ ਪੰਜਾਬ ਦੀ ਨੀਂਹ ਹੈ।”
ਸਟੇਜ ਸਕੱਤਰ ਰਾਜਾ ਰਾਮ ਹੰਡਿਆਇਆ ਨੇ ਪ੍ਰੋਗਰਾਮ ਦੀ ਰੂਹਾਨੀ ਤੇ ਸਮਾਰੋਹੀ ਮਾਹੌਲ ਵਿੱਚ ਸ਼ਾਨਦਾਰ ਸਟੇਜ ਦੀ ਭੂਮਿਕਾ ਨਿਭਾਈ। ਅੰਤ ਵਿੱਚ ਡਾ. ਮਿੱਠੂ ਮੁਹੰਮਦ ਅਤੇ ਸਮਾਜ ਸੇਵੀ ਅਰੁਣ ਬਾਂਸਲ ਨੇ ਪਹੁੰਚੇ ਹੋਏ ਵਿਜੀਲੈਂਸ ਅਧਿਕਾਰੀਆਂ, ਪੱਤਰਕਾਰ ਵੀਰਾਂ, ਸਰਪੰਚ ਸਾਹਿਬਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਨੇ ਇਹ ਸਾਬਤ ਕੀਤਾ ਕਿ ਜੇ ਸਮਾਜ ਇਕਜੁੱਟ ਹੋ ਜਾਵੇ, ਤਾਂ ਕੁਰੱਪਸ਼ਨ ਵਰਗੇ ਰੋਗ ਨੂੰ ਵੀ ਜੜੋਂ ਤੋਂ ਮਿਟਾਇਆ ਜਾ ਸਕਦਾ ਹੈ।