ਕਿਹਾ, ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਮਨੁੱਖੀ ਚੇਨ ਬਣਾਈ ਜਾਵੇਗੀ
ਪੰਜਾਬ ਪੁਲਿਸ ਨੇ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਂਦਿਆਂ ਨਸ਼ਿਆਂ ਦੀ ਪ੍ਰਚੂਨ ਵਿਕਰੀ ਰੋਕਕੇ ਵੱਡੇ ਸੌਦਾਗਰਾਂ ਨੂੰ ਵੀ ਹੱਥ ਪਾਇਆ-ਪੰਨੂ
ਕਿਹਾ, ਨਸ਼ਿਆਂ ਦਾ ਬਦਲ ਨਸ਼ੇ ਨਹੀਂ ਹੋ ਸਕਦੇ, ਪੰਜਾਬ ਨੂੰ ਅਫ਼ੀਮ-ਭੁੱਕੀ ਦੀ ਧਰਤੀ ਨਹੀਂ ਬਣਾਉਣਾ
ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ‘ਚ ਲੋਕ ਦੇਣ ਸਾਥ-ਜਗਦੀਪ ਜੱਗਾ
ਪਟਿਆਲਾ, 22 ਅਪ੍ਰੈਲ: ਅਸ਼ੋਕ ਸੋਫਤ
”ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਮਨੁੱਖੀ ਚੇਨ ਬਣਾ ਕੇ ਲੋਕ ਲਹਿਰ ਬਣਾਈ ਜਾਵੇਗੀ।” ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਨਸ਼ਾ ਮੁਕਤੀ ਮੋਰਚੇ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਨੇ ਕੀਤਾ। ਉਹ ਅੱਜ ਇੱਥੇ ਮਾਲਵਾ ਜੋਨ ਦੇ ਕੋਆਰਡੀਨੇਟਰ ਤੇ ਨਗਰ ਨਿਗਮ ਪਟਿਆਲਾ ਦੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਦੇ ਨਾਲ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਦੀ ਜਵਾਨੀ ਨੂੰ ਚੁਫ਼ੇਰੇ ਤੋਂ ਮਾਰ ਕਰ ਰਹੇ ਨਸ਼ਿਆਂ ‘ਤੇ ਚੁਫ਼ਰਿਓਂ ਸਿਕੰਜਾ ਕੱਸਦਿਆਂ ਹੱਲਾ ਬੋਲਿਆ ਹੈ। ਉਨ੍ਹਾਂ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਸੋਚ ਮੁਤਾਬਕ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਦੈਂਤ ਨੂੰ ਕਾਬੂ ਕਰਨ ਲਈ ਤਿੰਨ ਸਾਲ ਵਿਉਂਤਬੰਦੀ ਕੀਤੀ ਅਤੇ ਹੁਣ ਨਸ਼ਾ ਤਸਕਰਾਂ ਨੂੰ ਸਖ਼ਤ ਸੁਨੇਹਾ ਦਿੱਤਾ ਗਿਆ ਹੈ ਕਿ ਉਹ ਜਾਂ ਪੰਜਾਬ ਛੱਡ ਜਾਣ ਜਾਂ ਫੇਰ ਨਸ਼ਿਆਂ ਦਾ ਕਾਰੋਬਾਰ ਛੱਡਣ।
ਪੰਜਾਬ ਪੁਲਿਸ ਦੀ ਨਸ਼ਿਆਂ ਵਿਰੁੱਧ ਕਾਰਵਾਈ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਬਲਤੇਜ ਪੰਨੂ ਨੇ ਦੱਸਿਆ ਕਿ ਪੁਲਿਸ ਨੇ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਂਦਿਆਂ ਨਸ਼ਿਆਂ ਦੀ ਪ੍ਰਚੂਨ ਵਿਕਰੀ ਨੂੰ ਨੱਥ ਪਾਈ ਹੈ ਅਤੇ ਹੁਣ ਵੱਡੇ ਸੌਦਾਗਰਾਂ ਨੂੰ ਹੱਥ ਪਾਇਆ ਜਾ ਰਿਹਾ ਹੈ। ਪੰਨੂ ਨੇ ਕੁਝ ਰਾਜਸੀ ਨੇਤਾਵਾਂ ਵੱਲੋਂ ਪੰਜਾਬ ‘ਚ ਅਫ਼ੀਮ-ਭੁੱਕੀ ਦੀ ਖੇਤੀ ਦੀ ਵਕਾਲਤ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਬਦਲ ਨਸ਼ੇ ਕਦੇ ਵੀ ਨਹੀਂ ਹੋ ਸਕਦੇ ਤੇ ਅਸੀਂ ਪੰਜਾਬੀਆਂ ‘ਤੇ ਨਸ਼ਿਆਂ ਬਿਨ੍ਹਾਂ ਨਾ ਰਹਿ ਸਕਣ ਵਾਲੇ ਦਾ ਟੈਗ ਨਹੀਂ ਲਗਾ ਸਕਦੇ ਨਾ ਹੀ ਪੰਜਾਬ ਨੂੰ ਅਫ਼ੀਮ-ਭੁੱਕੀ ਦੀ ਧਰਤੀ ਬਣਾ ਸਕਦੇ ਹਾਂ। ਨਸ਼ਾ ਮੁਕਤੀ ਮੋਰਚੇ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਨਸ਼ਿਆਂ ਦੀ ਸ਼ੁਰੂਆਤ ਛੋਟੇ ਬੱਚਿਆਂ ਤੇ ਸਕੂਲਾਂ ਤੋਂ ਹੁੰਦੀ ਹੈ, ਇਸ ਲਈ ਮਾਪੇ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਕਿ ਬੱਚੇ ਕਿਸੇ ਬੇਗਾਨੇ ਤੋਂ ਲੈਕੇ ਬਾਹਰ ਕੁਝ ਨਾ ਖਾਣ-ਪੀਣ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਸਕੂਲਾਂ ਵਿਖੇ ਐਨਰਜੀ ਡ੍ਰਿਕਸ ਨੂੰ ਬੈਨ ਕੀਤਾ ਤੇ ਹੁਣ ਕਾਲਜਾਂ ਤੇ ਯੂਨੀਵਰਸਿਟੀਆਂ ਦਾ ਰੁਖ ਕੀਤਾ ਜਾ ਰਿਹਾ ਹੈ।
ਬਲਤੇਜ ਪੰਨੂ ਨੇ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਤਰਨਤਾਰਨ ਜ਼ਿਲ੍ਹੇ ਅੰਦਰ ਜਿਵੇਂ ਪਾਇਲਟ ਪ੍ਰਾਜੈਕਟ ਤਹਿਤ 83 ਪਿੰਡਾਂ ‘ਚ ਵਾਲੀਬਾਲ ਦੇ ਮੈਦਾਨ ਬਣਾਏ ਗਏ ਹੁਣ ਰਾਜ ਦੇ ਹਰ ਪਿੰਡ ‘ਚ ਗਰਾਊਂਡ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਪੰਜ ਜੋਨਾਂ ‘ਚ ਵੰਡਕੇ ਅਸੀਂ 1 ਮਈ ਤੋਂ ਪਿੰਡ-ਪਿੰਡ, ਕਸਬੇ ਤੇ ਸ਼ਹਿਰਾਂ ‘ਚ ਘਰ-ਘਰ ਜਾਵਾਂਗੇ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਯੁੱਧ ਨਸ਼ਿਆਂ ਵਿਰੁੱਧ ਨੂੰ ਸਫ਼ਲ ਬਣਾਉਣ ਲਈ ਨੁਕੜ ਨਾਟਕਾਂ ਸਮੇਤ ਹੋਰ ਪ੍ਰਚਾਰ ਸਾਧਨਾਂ ਅਤੇ ਹਰ ਤਰ੍ਹਾਂ ਦੇ ਮੀਡੀਆ ਦਾ ਸਾਥ ਵੀ ਲਿਆ ਜਾਵੇਗਾ।
ਇਸ ਮੌਕੇ ਮਾਲਵਾ ਜੋਨ ਦੇ ਕੋਆਰਡੀਨੇਟਰ ਤੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਨੇ ਆਮ ਆਦਮੀ ਪਾਰਟੀ, ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫ਼ਲ ਬਣਾ ਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ। ਜਗਦੀਪ ਜੱਗਾ ਨੇ ਲੋਕਾਂ ਨੂੰ ਪੰਜਾਬ ਸਰਕਾਰ ਦਾ ਸਾਥ ਦੇਣ ਸੱਦਾ ਵੀ ਦਿੱਤਾ। ਜਗਦੀਪ ਜੱਗਾ ਨੇ ਦੱਸਿਆ ਕਿ ਨਸ਼ਾ ਮੁਕਤੀ ਮੋਰਚੇ ਨੂੰ ਹੇਠਲੇ ਪੱਧਰ ਤੱਕ ਲਿਜਾਣ ਲਈ ਪਟਿਆਲਾ ਦਿਹਾਤੀ ਹਲਕਾ ਦਾ ਕੋਆਰਡੀਨੇਟਰ ਯਾਦਵਿੰਦਰ ਗੋਲਡੀ, ਮਾਲੇਰਕੋਟਲਾ ਲਈ ਨਿਸ਼ਾਰ ਅਹਿਮਦ, ਐਸ.ਏ.ਐਸ. ਨਗਰ ਲਈ ਅਨੂ ਬੱਬਰ, ਰੂਪਨਗਰ ਲਈ ਹਰਪ੍ਰੀਤ ਕਾਹਲੋਂ, ਪਟਿਆਲਾ ਸ਼ਹਿਰੀ ਹਲਕੇ ਲਈ ਗੁਰਵਿੰਦਰ ਸਿੰਘ ਹੈਪੀ ਅਤੇ ਸੰਗਰੂਰ ਜ਼ਿਲ੍ਹੇ ਲਈ ਲਵਦੀਪ ਸ਼ਰਮਾ ਨੂੰ ਕੋਆਰਡੀਨੇਟਰ ਲਗਾਇਆ ਗਿਆ ਹੈ। ਜੱਗਾ ਨੇ ਕਿਹਾ ਕਿ ਇਸ ਤੋਂ ਬਾਅਦ ਹਲਕਾ ਤੇ ਬਲਾਕ ਪੱਧਰ ਦੇ ਕੁਆਰਡੀਨੇਟਰ ਵੀ ਲਗਾਏ ਜਾ ਰਹੇ ਹਨ।