ਔਢਾਂ ਮੰਡੀ ਵਿੱਚ ਅੱਜ ਤੋਂ ਸਰ੍ਹੋਂ ਦੀ ਸਰਕਾਰੀ ਖਰੀਦ ਸ਼ੁਰੂ
ਔਢਾਂ(ਜਸਪਾਲ ਤੱਗੜ)
ਹਰਿਆਣਾ ਸਰਕਾਰ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਪੂਰਵੀ ਹਰਿਆਣੇ ਦੇ ਕਈ ਹਿੱਸਿਆਂ ਵਿੱਚ ਸਰੋਂ ਦੀ ਖਰੀਦ 15 ਮਾਰਚ ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਸਿਰਸਾ ਸਮੇਤ ਦੱਖਣ ਤੇ ਪੱਛਮ ਹਰਿਆਣੇ ਕਈ ਜਿਲ੍ਹਿਆਂ ਵਿੱਚ ਸਰੋਂ ਦੀ ਫਸਲ ਮੰਡੀਆਂ ਵਿੱਚ ਦੋ ਤਿੰਨ ਦਿਨਾਂ ਤੋਂ ਆਉਣੀ ਸ਼ੁਰੂ ਹੋਈ ਹੈ ਇਸ ਲਈ ਸਿਰਸਾ ਜਿਲ੍ਹੇ ਦੀਆਂ ਕੁਝ ਮੰਡੀਆਂ ਅੱਜ ਤੋਂ ਸ਼ੁਰੂ ਕੀਤੀਆਂ ਗਈਆਂ ਹਨ। ਇਸੇ ਦੌਰਾਨ ਅੱਜ ਮੰਗਲਵਾਰ ਨੂੰ ਔਢਾਂ ਅਨਾਜ ਮੰਡੀ ਵਿੱਚ ਸਰ੍ਹੋਂ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ। ਇਸ ਖਰੀਦ ਦੀ ਸ਼ੁਰੂਆਤ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਪਵਨ ਗਰਗ ਔਢਾਂ ਨੇ ਕੀਤੀ। ਇਸ ਮੌਕੇ ਹਰਿਆਣਾ ਵੇਅਰਹਾਊਸ ਕਾਰਪੋਰੇਸ਼ਨ ਦੇ ਮੈਨੇਜਰ ਖੈਰੇਤੀ ਲਾਲ ਮੌਜੂਦ ਸਨ। ਭਾਜਪਾ ਆਗੂ ਪਵਨ ਗਰਗ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਹਰ ਇਕ ਦਾਣਾ ਸਮਰਥਨ ਮੁੱਲ ‘ਤੇ ਖਰੀਦਿਆ ਜਾਵੇਗਾ। ਕਿਸਾਨਾਂ ਨੂੰ ਫਸਲ ਵੇਚਣ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਉਨ੍ਹਾਂ ਨੇ ਐਨਸੀਸੀਐਫ ਕਰਮਚਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਫਸਲਾਂ ਵੇਚਣ ਵਿੱਚ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਖਰੀਦ ਦੇ ਨਾਲ-ਨਾਲ ਫਸਲ ਦੀ ਢੂਵਾਈ ਵੀ ਲਗਾਤਾਰ ਜਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਮੰਡੀ ਵਿੱਚ ਹਫੜਾ-ਦਫੜੀ ਨਾ ਫੈਲੇ। ਉਨ੍ਹਾਂ ਨੇ ਕਿਸਾਨਾਂ ਨੂੰ ਸਰ੍ਹੋਂ ਦੀ ਫ਼ਸਲ ਸੁਕਾ ਕੇ ਲਿਆਉਣ ਲਈ ਕਿਹਾ ਤਾਂ ਜੋ ਇਸਨੂੰ ਖਰੀਦਣ ਵਿੱਚ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਪੀਣ ਵਾਲੇ ਪਾਣੀ, ਸਾਫ਼-ਸਫ਼ਾਈ ਅਤੇ ਰੋਸ਼ਨੀ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਵੀ ਜ਼ਰੂਰੀ ਕਦਮ ਚੁੱਕੇ ਜਾਣ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਭਾਜਪਾ ਆਗੂ ਓਮ ਪ੍ਰਕਾਸ਼ ਬਾਜਪਾਈ, ਨੌਜਵਾਨ ਆਗੂ ਸਤਿੰਦਰ ਗਰਗ ਔਢਾਂ, ਮੰਡਲ ਪ੍ਰਧਾਨ ਅਬੂਬਸ਼ਹਿਰ ਹਰਜਿੰਦਰ ਸਿੰਘ ਜੰਡਵਾਲਾ, ਮੁਖਤਿਆਰ ਸਿੰਘ ਤੱਗੜ, ਪ੍ਰੇਮ ਸ਼ਰਮਾ, ਯੋਗੇਸ਼ ਸ਼ਰਮਾ, ਨਾਜ਼ਰ ਸਿੰਘ ਤੋਂ ਇਲਾਵਾ ਅਧਿਕਾਰਤ ਡੀਲਰ ਰਾਜ ਕੁਮਾਰ ਗਰਗ, ਸੰਦੀਪ ਕੁਮਾਰ, ਰਾਜੇਸ਼ ਪੋਟਲੀਆ, ਐਨਸੀਸੀਐਫ ਤੋਂ ਸ਼ਿਵਦੇਵ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।