ਪੰਜਾਬ ਸੰਭਾਲੋ ਮੁਹਿੰਮ ਤਹਿਤ 14 ਅਪ੍ਰੈਲ ਨੂੰ ਧੂਰੀ ‘ਚ ਇਤਿਹਾਸਕ “ਸੱਤਾ ਪ੍ਰਾਪਤ ਕਰੋ” ਰੈਲੀ: ਕਰੀਮਪੁਰੀ

ਧੂਰੀ, 4 ਅਪ੍ਰੈਲ ( ਧਰਮਵੀਰ ਸਿੰਘ ਵਿਕਾਸ ਵਰਮਾ ): ਬਹੁਜਨ ਸਮਾਜ ਪਾਰਟੀ ਵੱਲੋਂ “ਪੰਜਾਬ ਸੰਭਾਲੋ ਮੁਹਿੰਮ” ਦੇ ਤਹਿਤ 14 ਅਪ੍ਰੈਲ 2026 ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਵਸ ਮੌਕੇ ਸੰਗਰੂਰ ਰੋਡ ਸਥਿਤ ਪ੍ਰਿੰਸ ਵਿਲਾ ਪੈਲੇਸ, ਧੂਰੀ ਵਿਖੇ ਇਕ ਵਿਸ਼ਾਲ ਰੈਲੀ ਕਰਵਾਈ ਜਾਵੇਗੀ। ਇਸ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਆਗੂਆਂ ਅਤੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ “ਕਰੋ ਜਾਂ ਮਰੋ” ਵਾਲੀ ਸਥਿਤੀ ਬਣ ਚੁੱਕੀ ਹੈ ਅਤੇ ਲੋਕਾਂ ਨੂੰ ਆਪਣੇ ਹੱਕਾਂ ਲਈ ਅੱਗੇ ਆਉਣਾ ਪਵੇਗਾ।

ਉਨ੍ਹਾਂ ਕਿਸਾਨ ਪਰਿਵਾਰਾਂ ਨੂੰ ਖਾਸ ਅਪੀਲ ਕਰਦਿਆਂ ਕਿਹਾ ਕਿ ਡਿੱਗ ਰਹੀ ਕਿਸਾਨੀ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਵੱਡੀ ਗਿਣਤੀ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਜੁੜਨ ਦੀ ਲੋੜ ਹੈ। ਉਨ੍ਹਾਂ ਨੇ ਆਗੂਆਂ ਨੂੰ ਕਿਹਾ ਕਿ ਵੱਡੇ ਕਾਫਲਿਆਂ ਦੇ ਰੂਪ ਵਿੱਚ ਧੂਰੀ ਰੈਲੀ ਵਿੱਚ ਸ਼ਾਮਲ ਹੋਣ। ਇਸ ਮੌਕੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਨੇ ਵੀ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ ਬਾਬਾ ਸਾਹਿਬ ਨੂੰ ਆਪਣਾ ਰਹਿਬਰ ਮੰਨਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਪਹੁੰਚਣ।

ਮੀਟਿੰਗ ਦੌਰਾਨ ਹੋਰ ਆਗੂਆਂ ਵਿੱਚ ਅਮਰਜੀਤ ਸਿੰਘ ਝਲੂਰ, ਡਾ. ਮੱਖਣ ਸਿੰਘ, ਚਮਕੌਰ ਸਿੰਘ ਵੀਰ, ਸ਼ਮਸ਼ਾਦ ਅੰਸਾਰੀ, ਬਲਵਿੰਦਰ ਸਿੰਘ ਧਾਲੀਵਾਲ,ਸ੍ਰ ਨਿਰਮਲ ਸਿੰਘ ਨਿੰਮਾ ਸਾਬਕਾ ਵਿਧਾਇਕ , ਸਰਬਜੀਤ ਸਿੰਘ ਖੇੜੀ,ਡਾਕਟਰ ਜਗਜੀਵਨ ਸਿੰਘ Retd. DHO, ਡਾਕਟਰ ਸੋਮਾ ਸਿੰਘ ਗੰਡੇਵਾਲ, ਅਮਰੀਕ ਸਿੰਘ ਕੈਂਥ, ਮਾਸਟਰ ਗੁਰਮੇਲ ਸਿੰਘ ਧੂਰੀ, ਦਰਸ਼ਨ ਸਿੰਘ ਬਾਜਵਾ ਬੁੱਧੀਜੀਵੀ , ਜਗਤਾਰ ਸਿੰਘ ਨਾਰੀਕੇ, ਸਤਿਗੁਰ ਸਿੰਘ ਕੌਹਰੀਆਂ, ਡਾ. ਸਰੂਪ ਸਿੰਘ, ਬੀਬੀ ਬਲਜੀਤ ਕੌਰ ਵਿਰਕ ਅਤੇ ਪਵਿੱਤਰ ਸਿੰਘ ਸੰਗਰੂਰ ਆਦਿ ਹਾਜ਼ਰ ਸਨ। ਮੀਟਿੰਗ ਵਿੱਚ ਸਰਬਸੰਮਤੀ ਨਾਲ ਨੌਜਵਾਨਾਂ ਨੂੰ ਪ੍ਰਤੀਨਿਧਤਾ ਦਿੰਦਿਆਂ ਅਮਨ ਬੋਧ ਨੂੰ ਲੋਕ ਸਭਾ ਇੰਚਾਰਜ ਨਿਯੁਕਤ ਕਰਨ ਦਾ ਫੈਸਲਾ ਵੀ ਲਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਅਤੇ ਸਮਰਥਕ ਵੀ ਮੌਜੂਦ ਰਹੇ।