– ਜੱਥੇਬੰਦੀ ਵੱਲੋਂ ਇਨਸਾਫ ਲੈਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਕੀਤਾ ਐਲਾਨ
ਜਲਾਲਾਬਾਦ, 15 ਅਪ੍ਰੈਲ – ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ ਨੇ ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਸਰਕਾਰ ਦੀਆਂ ਪੇਂਡੂ ਜਲ ਸਪਲਾਈ ਸਕੀਮਾਂ ’ਤੇ ਫੀਲਡ ਅਤੇ ਦਫਤਰਾਂ ਵਿੱਚ ਪਿਛਲੇ ਸਾਲਾਂਬੱਧੀ ਅਰਸ਼ੇ ਤੋਂ ਸੇਵਾਵਾਂ ਦੇ ਰਹੇ ਇਨਲਿਸਟਮੈਂਟ/ਆਊਟਸੋਰਸ ਠੇਕਾ ਅਧਾਰਿਤ ਵਰਕਰਾਂ ਨੂੰ ਸਬੰਧਤ ਵਿਭਾਗ ’ਚ ਮਰਜ ਕਰਕੇ ਪੱਕਾ ਰੁਜਗਾਰ ਕਰਨ ਸਮੇਤ ‘ਮੰਗ-ਪੱਤਰ’ ਵਿੱਚ ਦਰਜ ਮੰਗਾਂ ਨੂੰ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਚੱਲ ਰਹੇ ਪੂਰਅਮਨ ਸੰਘਰਸ਼ ਦੀ ਅਗੁਵਾਈ ਕਰ ਰਹੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਸਬ ਡਵਿਜਨ ਕਾਹਨੂੰਵਾਲ ਦੇ ਐਸ.ਡੀ.ਓ. ਜਤਿੰਦਰ ਸਿੰਘ ਰੰਧਾਵਾ ਵੱਲੋਂ ਜੱਥੇਬੰਦੀ ਨੂੰ ਬਦਨਾਮ ਕਰਨ ਲਈ ਰਿਸ਼ਵਤ ਲੈਣ ਦੇ ਬੇਬੁਨਿਆਦ ਅਤੇ ਝੂਠੇ ਦੋਸ਼ ਲਗਾਏ ਹਨ। ਇਨ੍ਹਾਂ ਦੋਸ਼ ਨੂੰ ਸਾਬਿਤ ਕਰਨ ਲਈ ਮਿਤੀ 12-04-2025 ਨੂੰ ਸਬੰਧਤ ਡਵਿਜਨ ਗੁਰਦਾਸਪੁਰ ਦੇ ਕਾਰਜਕਾਰੀ ਇੰਜੀਨੀਅਰ ਅਤੇ ਨਿਗਰਾਨ ਇੰਜੀਨੀਅਰ ਸਮੇਤ ਡਿਪਟੀ ਕਮਿਸ਼ਨਰ ਨੂੰ ਇਕ ਪੱਤਰ ਲਿਖਿਆ ਗਿਆ ਹੈ ਕਿ ਕਾਹਨੂੰਵਾਲ ਸਬ ਡਵਿਜਨ ਦੇ ਐਸ.ਡੀ.ਓ. ਵੱਲੋਂ ਵਰਿੰਦਰ ਮੋਮੀ ਤੇ ਰਿਸ਼ਵਤ ਲੈਣ ਦੇ ਲਗਾਏ ਗਏ ਝੂਠੇ ਦੋਸ਼ਾਂ ਨੂੰ ਸਾਬਿਤ ਕਰੇ ਜਾਂ ਫਿਰ ਇਸ ਝੂਠ ਦਾ ਲੋਕਾਂ ਵਿੱਚ ਅਹਿਸਾਸ ਕਰੇ ਨਹੀਂ ਤਾਂ ਇਸਦੇ ਵਿਰੋਧ ਵਿੱਚ ਇਨਸਾਫ ਲੈਣ ਲਈ ਜੱਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਸੰਘਰਸ਼ ਕੀਤਾ ਜਾਵੇਗਾ ਅਤੇ ਇਸੇ ਕੜੀ ਤਹਿਤ ਜੱਥੇਬੰਦੀ ਵੱਲੋਂ 17 ਅਤੇ 18 ਅਪ੍ਰੈਲ 2025 ਨੂੰ ਸਾਰੇ ਪੰਜਾਬ ਵਿੱਚ ਵਿਭਾਗ ਦੇ ਸਬ ਡਵਿਜਨ ਦਫਤਰਾਂ ਅੱਗੇ ਕਾਹਨੂੰਵਾਲ ਸਬ ਡਵਿਜਨ ਦੇ ਐਸ.ਡੀ.ਓ. ਦੇ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾਣਗੇ।
ਉਕਤ ਸੂਬਾਈ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਜੋਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਨਿੱਜੀਕਰਨ/ਪੰਚਾਇਤਕਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਇਹ ਯਤਨ ਪੰਜਾਬ ਵਾਸੀਆ ਨੂੰ ਪੀਣ ਲਈ ਸਾਫ ਪਾਣੀ ਮੁਹੱਈਆ ਕਰਵਾਉਣ ਦੀ ਲੋੜ ਲਈ ਪ੍ਰਬੰਧ ਨਹੀਂ ਹੈ, ਬਲਕਿ ਪਾਣੀ ਦਾ ਸਾਰਾ ਪ੍ਰਬੰਧ ਕਾਰਪੋਰੇਟ ਘੁਰਾਇਆ ਦੀ ਲੁੱਟ ਅਤੇ ਮੁਨਾਫੇ ਦੀ ਲੋੜ ਅਨੁਸਾਰ ਸਿਰਜਿਆ ਜਾ ਰਿਹਾ ਹੈ। ਸਰਕਾਰ ਕਾਰਪੋਰੇਟ ਘਰਾਣਿਆ ਦੀ ਅੰਨ੍ਹੀ ਲੁੱਟ ਅਤੇ ਮੁਨਾਫੇ ਦੀ ਲੋੜ ਮੁਤਾਬਿਕ ਹੀ ਨਹਿਰੀ ਜਲ ਸਪਲਾਈ ਸਕੀਮਾਂ ਉਸਾਰ ਕੇ ਅਤੇ ਲੋਕ ਭਲਾਈ ਦਾ ਪਰਦਾ ਪਾ ਕੇ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਨਾਲ ਧੋਖਾ ਕਰ ਰਹੀ ਹੈ ਕਿਉਂਕਿ ਇਹੀ ਨਹਿਰੀ ਜਲ ਸਪਲਾਈ ਮੈਗਾ ਪ੍ਰੋਜੈਕਟ ਪਾਣੀ ਦੇ ਨਿੱਜੀਕਰਨ/ਪੰਚਾਇਤੀਕਰਨ ਦੀ ਲੋੜ ਵਿਚੋਂ ਹੀ ਉਸਾਰ ਕੇ ਜਲ ਸਪਲਾਈ ਸਕੀਮਾਂ ਤੇ ਸਕਾਡਾ ਸਿਸਟਮ ਲਗਾਏ ਜਾ ਰਹੇ ਹਨ, ਜਿਸਦਾ ਜਥੇਬੰਦੀ ਵੱਲੋਂ ਪੰਜਾਬ ਭਰ ਅੰਦਰ ਵਿਰੋਧ ਜਾਰੀ ਹੈ। ਇਸੇ ਵਿਰੋਧ ਨੂੰ ਮੁੱਖ ਰੱਖ ਕੇ ਜਦੋਂ ਬੀਤੇ ਦਿਨੀਂ ਜਥੇਬੰਦੀ ਦੇ ਨੁਮਾਇੰਦੇ ਉਪ ਮੰਡਲ ਅਫ਼ਸਰ ਕਾਹਨੂੰਵਾਨ ਨੂੰ ਮਿਲਣ ਲਈ ਗਏ ਸਨ ਤਾਂ ਉਪ ਮੰਡਲ ਅਫ਼ਸਰ ਵਲੋਂ ਸੂਬਾ ਆਗੂ ਵਰਿੰਦਰ ਸਿੰਘ ਮੋਮੀ ਤੇ ਰਿਸ਼ਵਤ ਲੈ ਕੇ ਸਕਾਡਾ ਸਿਸਟਮ ਨਾਲ ਸਹਿਮਤੀ ਦਾ ਝੂਠਾ ਦੋਸ਼ ਲਾ ਕੇ ਜਥੇਬੰਦੀ ਨੂੰ ਬਦਨਾਮ ਕਰਨ ਅਤੇ ਠੇਕਾ ਕਾਮਿਆਂ ਵਿੱਚ ਲੀਡਰਸ਼ਿਪ ਵਿਰੁੱਧ ਬੇਵਿਸ਼ਵਾਸੀ ਪੈਦਾ ਕਰਕੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਹੈ। ਜਥੇਬੰਦੀ ਉਪ ਮੰਡਲ ਅਫ਼ਸਰ ਦੇ ਇਸ ਘਟੀਆ ਅਤੇ ਸਾਜ਼ਿਸ਼ ਭਰੇ ਵਤੀਰੇ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਮੰਗ ਕਰਦੀ ਹੈ ਕਿ ਉਪ ਮੰਡਲ ਅਧਿਕਾਰੀ, ਲਗਾਏ ਗਏ ਝੂਠੇ ਦੋਸ਼ਾਂ ਦੇ ਕੋਈ ਸਬੂਤ ਪੇਸ਼ ਕਰੇ ਜਾਂ ਫਿਰ ਲੋਕ ਸੱਥ ’ਚ ਇਸ ਝੂਠ ਨੂੰ ਰੱਦ ਕਰੇ, ਨਹੀ ਤਾਂ ਫਿਰ ਇਸ ਝੂਠੀ ਅਤੇ ਨਿੰਦਣਯੋਗ ਕਾਰਵਾਈ ਕਾਰਨ ਤਿੱਖੇ ਜਨਤਕ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਇਸ ਮੌਕੇ ਸੂਬਾ ਆਗੂ ਹਾਕਮ ਸਿੰਘ ਧਨੇਠਾ, ਭੁਪਿੰਦਰ ਸਿੰਘ ਕੁਤਬੇਵਾਲ, ਰੁਪਿੰਦਰ ਸਿੰਘ, ਜਸਬੀਰ ਸਿੰਘ ਜਿੰਦਵੜੀ, ਬਲਜੀਤ ਸਿੰਘ ਭੱਟੀ, ਮਨਪ੍ਰੀਤ ਸਿੰਘ, ਜਗਰੂਪ ਸਿੰਘ, ਸੁਰਿੰਦਰ ਸਿੰਘ, ਓਕਾਰ ਸਿੰਘ, ਪ੍ਰਦੂਮਣ ਸਿੰਘ, ਤਰਜਿੰਦਰ ਸਿੰਘ ਮਾਨ, ਗੁਰਵਿੰਦਰ ਸਿੰਘ ਬਾਠ, ਜਸਵੀਰ ਸਿੰਘ ਸੀਰਾ, ਮੇਜਰ ਸਿੰਘ, ਗੁਰਵਿੰਦਰ ਸਿੰਘ ਪੰਜੋਲੀ ਨੇ ਵੀ ਐਸ.ਡੀ.ਓ. ਕਾਹਨੂੰਵਾਲ ਵੱਲੋਂ ਸੂਬਾ ਪ੍ਰਧਾਨ ਵਰਿੰਦਰ ਮੋਮੀ ਤੇ ਲਾਏ ਝੂਠੇ ਦੋਸ਼ਾਂ ਦੀ ਨਿਖੇਧੀ ਕਰਦਿਆ ਕਿਹਾ ਕਿ 17 ਅਤੇ 18 ਅਪ੍ਰੈਲ ਨੂੰ ਸਾਰੇ ਪੰਜਾਬ ਭਰ ਵਿੱਚ ਹੋਣ ਵਾਲੇ ਅਰਥੀ ਫੂਕ ਮੁਜਾਹਰਿਆ ਦੇ ਬਾਅਦ ਵੀ ਇਨਸਾਨ ਨਾ ਮਿਲਿਆ ਤਾਂ ਜੱਥੇਬੰਦੀ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਅ ਕੇ ਅਗਲੇ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ ਅਤੇ ਇਹ ਸੰਘਰਸ਼ ਇਨਸਾਫ ਲੈਣ ਤੱਕ ਜਾਰੀ ਰੱਖਿਆ ਜਾਵੇਗਾ।
ਨੋਟ ਫੋਟੋ ਫਾਇਲ-15ਜੇਬੀਡੀ-01