ਜ਼ਮੀਨ ਹੇਠਲੇ ਪਾਣੀ ਨੂੰ ਬਚਾਓਣ ਤੇ ਸਾਂਭਣ ਦੀ ਲੋੜ – ਮੱਟੂ
ਭਿੱਖੀਵਿੰਡ 15 ਅਪ੍ਰੈਲ ( ਸਵਿੰਦਰ ਬਲੇਹਰ ) ਜਿਲ੍ਹਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ “ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਨੇ ਜਾਣਕਾਰੀ ਦਿੰਦਿਆਂ ਕਿਹਾ ਕੇ ਪੰਜਾਬ ਵੱਡੇ ਪੱਧਰ ‘ਤੇ ਜ਼ਮੀਨ ਹੇਠਲੇ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਹੈ, ਜੋ ਇੱਥੇ ਵੱਸਦੇ ਲੋਕਾਂ ਦੀ ਹੋਂਦ ਲਈ ਵੀ ਖ਼ਤਰਾ ਬਣ ਗਿਆ ਹੈ। ਕੇਂਦਰੀ ਗਰਾਊਂਡ ਵਾਟਰ ਬੋਰਡ (ਸੀਜੀਡਬਲਿਊਬੀ) ਦੀ ਤਾਜ਼ਾ ਰਿਪੋਰਟ ਮੁਤਾਬਿਕ ਅਗਲੇ ਸਿਰਫ 14 ਸਾਲਾਂ ਵਿੱਚ ਪੰਜਾਬ ਜ਼ਮੀਨ ਹੇਠਲੇ ਵਰਤੋਂ ਯੋਗ ਪਾਣੀ ਦੀ ਆਖ਼ਰੀ ਬੂੰਦ ਵੀ ਖ਼ਤਮ ਕਰ ਚੁੱਕਾ ਹੋਵੇਗਾ। ਇਹ ਫ਼ਰਜ਼ ਬਣਦਾ ਹੈ ਕਿ ਜ਼ਮੀਨ ਹੇਠਲਾ ਪਾਣੀ ਨਾ ਸਿਰਫ਼ ਦੁਨੀਆ ਦੇ ਇਸ ਹਿੱਸੇ ਉੱਤੇ ਵਸਦੀ ਮੌਜੂਦਾ ਪੀੜ੍ਹੀ ਲਈ ਹੀ ਬਚਾਇਆ ਜਾਵੇ I ਵਰਤਮਾਨ ਵਿਗਿਆਨਕ ਜਾਣਕਾਰੀ ਦਿਖਾਉਂਦੀ ਹੈ ਕਿ ਪੰਜਾਬ ਹਰ ਸਾਲ ਧਰਤੀ ਮਾਂ ਦੀ ਕੁੱਖ ਵਿੱਚੋਂ 28 ਕਰੋੜ ਏਕੜ ਫੁੱਟ (ਐੱਮਏਐੱਫ) ਪਾਣੀ ਕੱਢ ਰਿਹਾ ਹੈ, ਜਦੋਂਕਿ ਮੀਂਹ ਤੇ ਇਸ ਦੇ ਤਿੰਨ ਦਰਿਆਵਾਂ ਰਾਹੀਂ ਸਿਰਫ਼ 17 ਕਰੋੜ ਏਕੜ ਫੁੱਟ ਪਾਣੀ ਹੀ ਵਾਪਸ ਧਰਤੀ ‘ਚ ਪੈ ਰਿਹਾ ਹੈ।ਇਸ ਤੋਂ ਇਲਾਵਾ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਨਾ ਕੇਵਲ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ, ਸਗੋਂ ਹੁਣ ਧਰਤੀ ਦੀਆਂ ਬਹੁਤ ਡੂੰਘੀਆਂ ਪਰਤਾਂ ਵਿੱਚੋਂ ਪਾਣੀ ਕੱਢਿਆ ਜਾ ਰਿਹਾ ਹੈ I ਜੋ ਇੱਕ ਨਾ ਇੱਕ ਦਿਨ ਖ਼ਤਮ ਹੋ ਜਾਵੇਗਾ I ਇਸ ਲਈ ਅੱਜ ਸਾਨੂੰ ਜ਼ਮੀਨ ਹੇਠਲੇ ਪਾਣੀ ਨੂੰ ਬਚਾਓਣ ਤੇ ਸਾਂਭਣ ਦੀ ਲੋੜ ਹੈ ਇਸ ਗੰਭੀਰ ਮੁੱਦੇ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਸਕੂਲੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪੋਸਟਰ ਮੁਕਾਬਲਾ ਕਰਾਇਆ ਗਿਆ I ਜਿਸ ਵਿੱਚ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਦੀ ਅਰਪਨਦੀਪ ਕੌਰ, ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸ.ਸ. ਸਕੂਲ ਜੀ.ਟੀ ਰੋਡ ਦੀ ਗੁਰਕੀਰਤ ਕੌਰ, ਸਕੂਲ ਆਫ਼ ਐਮੀਨੈਸ ਮਾਲ ਰੋਡ ਦੀ ਤਨੀਸ਼ਾ, ਡੀਡੀਆਈ ਸਕੂਲ ਦੀ ਹਰਗੁਣ ਕੌਰ, ਸਕੂਲ ਆਫ਼ ਐਮੀਨੈਸ ਜੰਡਿਆਲਾ ਗੁਰੂ ਦੀ ਸਿਮਰਨਜੀਤ ਕੌਰ, ਸੈਂਟ ਪੀਟਰ ਕੌਂਨਵੈਂਟ ਸਕੂਲ ਦੀ ਮਨਕੀਰਤ ਕੌਰ,ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸ.ਸ.ਸਕੂਲ ਕਸੇਲ ਦੀ ਪਰਨੀਤ ਕੌਰ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਗੁਰਲੀਨ ਕੌਰ, ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਨਵਾਂ ਕੋਟ ਦੀ ਪੂਜਾ ਅਤੇ ਐਸ.ਐਨ.ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀ ਕਾਕੂਨ ਨੇ ਕ੍ਰਮਵਾਰ ਪਹਿਲੀਆਂ ਦੱਸ ਪੁਜੀਸ਼ਨਾ ਪ੍ਰਾਪਤ ਕੀਤੀਆਂ I ਪ੍ਰਧਾਨ ਮੱਟੂ ਅਨੁਸਾਰ ਇਹਨਾਂ ਜੇਤੂ ਲੜਕੀਆਂ ਨੂੰ ਮਈ ਮਹੀਨੇ ਦੇ ਅਖੀਰ ਵਿੱਚ ਹੋਣ ਵਾਲੇ “ਮਾਣ ਧੀਆਂ ‘ਤੇ ਐਵਾਰਡ ਸਮਾਂਰੋਹ” ਵਿੱਚ ਸਨਮਾਨਿਤ ਕੀਤਾ ਜਾਵੇਗਾ I