ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ ਧਾਰਮਿਕ ਸਮਾਗਮ ਆਯੋਜਿਤ

9ਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ 18 ਅਪਰੈਲ ਨੂੰ –

ਭਾਦਸੋਂ, 15 ਅਪਰੈਲ (ਗੁਰਦੀਪ ਟਿਵਾਣਾ)ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸਬੰਧ ਵਿੱਚ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ (ਪਾਤਸ਼ਾਹੀ 9ਵੀਂ) ਵਿਖੇ ਤਿੰਨ ਦਿਨਾਂ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਆਯੋਜਿਤ ਕੀਤਾ ਗਿਆ। ਇਸੇ ਦੌਰਾਨ ਸੰਤ ਬਾਬਾ ਗੁਰਜੰਟ ਸਿੰਘ ਮੰਡਵੀਂ ਵਾਲਿਆਂ ਨੇ ਕਥਾ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕਰਦਿਆਂ ਜਿੱਥੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਕਰਨ ਲਈ ਪ੍ਰੇਰਿਤ ਕੀਤਾ ਉਥੇ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਾਜਨਾਂ ਦੇ ਸਬੰਧ ਵਿੱਚ ਸੰਗਤਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਵਿੱਚੋਂ ਜਾਤ-ਪਾਤ ਦਾ ਵਿਤਕਰਾ ਦੂਰ ਕੀਤਾ ਅਤੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਕਰਵਾਇਆ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਨੂੰ ਗੁਰੂਆਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ। ਇਸ ਮੌਕੇ ਭਾਈ ਤਰਲੋਕ ਸਿੰਘ ਭਾਦਸੋਂ ਵੱਲੋਂ ਪਾਠੀ ਸਿੰਘਾਂ ਦਾ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ (ਪਾਤਸ਼ਾਹੀ 9ਵੀਂ) ਵਿਖੇ ਮਿਤੀ 18 ਅਪਰੈਲ ਦਿਨ ਸੁੱਕਰਵਾਰ ਨੂੰ ਸਵੇਰੇ 8 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਦੀ ਫਿਰਨੀ ਤੋਂ ਹੋ ਕੇ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਰਤੇਗਾ। ਨਗਰ ਕੀਰਤਨ ਦੀ ਸਮਾਪਤੀ ਉਪਰੰਤ 10 ਵਜੇ ਤੋਂ 12 ਵਜੇ ਤੱਕ ਕੀਰਤਨ ਦਰਬਾਰ ਸਜੇਗਾ। ਇਸ ਮੌਕੇ ਹੈਡਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ ਗੋਲਡੀ, ਰਾਗੀ ਭਾਈ ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਦੇਵੇ ਪ੍ਰਧਾਨ, ਅੰਗਰੇਜ਼ ਸਿੰਘ ਸਰਪੰਚ, ਗੁਰਦੀਪ ਸਿੰਘ ਦੇਵੇ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਖਾਲਸਾ, ਗੁਰਮੇਲ ਸਿੰਘ ਖੱਟੜਾ, ਦੀਦਾਰ ਸਿੰਘ ਥਾਣੇਦਾਰ, ਦਿਆਲ ਸਿੰਘ ਸਕਰਾਲੀ ਵਾਲੇ, ਸੁਖਦੇਵ ਸਿੰਘ ਡਕੌਂਦਾ, ਲਖਵਿੰਦਰ ਸਿੰਘ ਬੰਟੀ, ਗੁਰਸੇਵਕ ਸਿੰਘ, ਲਖਵੀਰ ਸਿੰਘ ਗੋਲੂ ਸਮੇਤ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਗੁਰਸੇਵਕ ਸਿੰਘ ਨੇ ਬਾਖੂਬੀ ਨਿਭਾਈ। ਸਮਾਗਮ ਉਪਰੰਤ ਅਤੁੱਟ ਲੰਗਰ ਵਰਤਿਆ।