ਰਾਮ ਸਰੂਪ ਅਣਖੀ ਦਾ ਕਾਲਪਨਿਕ ਪਿੰਡ ਕੋਠੇ ਖੜਕ ਸਿੰਘ 

ਮਾਲਵਾ ਖਿੱਤਾ ਮਾਝੇ ਅਤੇ ਦੁਆਬੇ ਨਾਲੋਂ ਵੱਡਾ ਖ਼ੇਤਰ ਹੈ ਜਿਸ ਵਿੱਚ ਬਠਿੰਡੇ ਜਿਹਾ ਵਿਰਾਸਤੀ ਅਤੇ ਇਤਿਹਾਸਕ ਸ਼ਹਿਰ ਵੀ ਆਪਣਾ ਇਤਿਹਾਸ ਸੁਨਹਿਰੀ ਪੰਨਿਆਂ ਵਿੱਚ ਸੰਜੋਈ ਬੈਠਾ ਹੈ। ਮੇਰਾ ਜਨਮ ਵੀ ਬਠਿੰਡੇ ਜਿਲ੍ਹੇ ਵਿੱਚ ਹੋਇਆ, ਮੈਂ ਰਾਮਪੁਰੇ ਵੀ ਗਿਆ,ਸੰਗਤ ਮੰਡੀ ਵੀ ਦੇਖਿਆ,ਡੂੰਮਵਾਲੀ ਵਿੱਚੋਂ ਵੀ ਗੁਜ਼ਰਿਆ,ਭੂੰਦੜ ਦਾ ਨਾਂ ਸੁਣਿਆ, ਸਿਧਾਣਾ ਵੀ ਆਪਣਾ ਜਿਹਾ ਲੱਗਿਆ, ਤਪਾ ਅਤੇ ਧਨੌਲੇ ਵਿੱਚੋਂ ਹੁੰਦਿਆਂ ਬਰਨਾਲੇ ਵੀ ਗਿਆ ਪਰ ਇਹ ਸਭ ਕੁੱਝ ਉਦੋਂ ਹੀ ਵਾਪਰਿਆ ਜਦੋਂ ਰਾਮ ਸਰੂਪ ਅਣਖੀ ਦਾ ਕੋਠੇ ਖੜਕ ਸਿੰਘ ਹੱਥ ਲੱਗਿਆ। ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕੋਠੇ ਖੜਕ ਸਿੰਘ ਇੱਕ ਕਾਲਪਨਿਕ ਪਿੰਡ ਦੀ ਗਾਥਾ ਨਾ ਹੋ ਕੇ ਸਮੁੱਚੇ ਪੰਜਾਬ ਦੀ ਕਹਾਣੀ ਜਾਪਦੀ ਹੈ।
ਕੋਠੇ ਖੜਕ ਸਿੰਘ ਦੇ ਪਾਤਰ ਬਗਾਨੇ ਨਹੀਂ ਆਪਣੇ ਆਲੇ ਦੁਆਲੇ ਵਿਚਰਦੇ ਦਿਖਾਈ ਦਿੰਦੇ ਹਨ।ਜਦੋ ਇੱਕ ਵਾਰ ਨਾਵਲ ਪੜ੍ਹਨਾ ਸ਼ੁਰੂ ਕਰੀਏ ਤਾਂ ਰਾਮ ਸਰੂਪ ਅਣਖੀ ਪਾਠਕ ਨੂੰ ਖ਼ਤਮ ਹੋਣ ਤੱਕ ਹਿੱਲਣ ਨਹੀਂ ਦਿੰਦਾ।ਇੱਕ ਇੱਕ ਸ਼ਬਦ ਅਤੇ ਮਾਲਵੇ ਦੀ ਭਾਸ਼ਾ ਦੇ ਨਾਲ ਨਾਲ ਪੰਜਾਬੀ ਦੀਆਂ ਉਪ ਬੋਲੀਆਂ ਦੇ ਨਾਲ ਨਾਲ ਉਰਦੂ,ਹਿੰਦੀ ਅਤੇ ਅੰਗਰੇਜ਼ੀ ਦੇ ਸ਼ਬਦ ਵੀ ਮਲਵਾਈ ਭਾਸ਼ਾ ਵਿੱਚ ਰਚੇ ਮਿਚੇ ਲੱਗਦੇ ਹਨ।ਨਾਵਲ ਇੱਕ ਕਾਲਪਨਿਕ ਪਿੰਡ ਦੀ ਕਹਾਣੀ ਨਾ ਹੋ ਕੇ ਸਮੇਂ ਦੀ ਚਾਲ ਨਾਲ ਚੱਲਦਾ ਹਕੀਕਤ ਬਿਆਨ ਕਰਦਾ ਹੈ। ਜ਼ਮੀਨ ਜੱਟ ਦੀ ਮਾਂ ਹੁੰਦੀ ਹੈ,ਭੁੱਖ ਤੇਅ ਕੱਟ ਕੇ ਬਣਾਈ ਜ਼ਮੀਨ ਵਿੱਚੋਂ ਜਦੋਂ ਪੁੱਤ ਜਮੀਨ ਗਹਿਣੇ ਕਰ ਦੇਵੇ ਤਾਂ ਪਿਉ (ਰਸੂਲਦਾਰ) ਦੇ ਹਲਕ ਚੋਂ ਰੋਟੀ ਨਹੀਂ ਉਤਰਦੀ,ਉਹ ਗੁੰਮ ਸੁੰਮ ਹੋ ਜਾਂਦਾ ਹੈ ਅੰਤ ਮੰਜੇ ਨਾਲ ਲੱਗਿਆ ਮੌਤ ਉਡੀਕਦਾ ਰਹਿੰਦਾ ਹੈ।ਜਾਤ ਪਾਤ ਪ੍ਰੇਮ ਵਿਆਹ ਵਿੱਚ ਉਦੋਂ ਵੀ ਅੜਿੱਕਾ ਸੀ,ਤੇ ਹੁਣ ਵੀ ਹੈ। ਪੁਸ਼ਪਿੰਦਰ ਜੱਟਾਂ ਦੀ ਕੁੜੀ ਹੋ ਕੇ ਨਾਈਆਂ ਦੇ ਮੁੰਡੇ ਨਸੀਬ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਪ੍ਰੰਤੂ ਪੁਸ਼ਪਿੰਦਰ ਦਾ ਪਿਤਾ ਹਰਦਿੱਤ ਸਿੰਘ ਨਸੀਬ ਨੂੰ ਜਾਨੋਂ ਮਾਰ ਦਿੰਦਾ ਹੈ, ਜਦੋਂ ਇਸ ਗੱਲ ਦਾ ਪੁਸ਼ਪਿੰਦਰ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੇ ਪਿਉ ਨੂੰ ਜ਼ਾਲਮ ਸਮਝਦੀ ਹੋਈ ਨਫ਼ਰਤ ਦੀ ਨਿਗਾਹ ਨਾਲ ਵੇਖਦੀ ਹੈ। ਪੁਸ਼ਪਿੰਦਰ ਦਾ ਭਰਾ ਹਰਿੰਦਰ ਜਾਤ ਪਾਤ ਦਾ ਬੰਧਨ ਤੋੜਦਾ ਹੋਇਆ ਪਦਮਾ ਨਾਲ ਕੋਰਟ ਮੈਰਿਜ ਕਰਵਾਕੇ ਆਧੁਨਿਕ ਹੋਣ ਦਾ ਸੁਨੇਹਾ ਦਿੰਦਾ ਹੈ।
ਪੁਸ਼ਪਿੰਦਰ ਪੜ੍ਹ ਲਿਖ ਕੇ ਪ੍ਰੋਫੈਸਰ ਅਤੇ ਪਦਮਾ ਬੀ ਐੱਡ ਕਰਕੇ ਟੀਚਰ ਲੱਗਦੀ ਹੈ ਜ਼ੋ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਔਰਤਾਂ ਹੁਣ ਚੁੱਲ੍ਹੇ ਚੌਂਕੇ ਚੋਂ ਨਿਕਲ ਕੇ ਮਰਦ ਦੇ ਮੋਢੇ ਨਾਲ ਮੋਢਾ ਲਾ ਕੇ ਅੱਗੇ ਵਧ ਰਹੀਆਂ ਹਨ।
ਦੇਸ਼ ਵਿੱਚ ਫੈਲੀ ਹੋਈ ਆਰਥਿਕ ਨਾਬਰਾਬਰੀ ਹਰਿੰਦਰ ਅਤੇ ਬਲਕਾਰ ਨੂੰ ਸਾਮਰਾਜ ਲਿਆਉਣ ਲਈ ਪ੍ਰੇਰਿਤ ਕਰਦੀ ਹੈ। ਹਰਿੰਦਰ ਦੁਆਰਾ ਅੰਤ ਵਿਚ ਪ੍ਰਾਗਦਾਸ ਦੇ ਡੇਰੇ ਨੂੰ ਢਾਹੁਣਾ ਵਹਿਮਾਂ ਭਰਮਾਂ ਦਾ ਖੰਡਣ ਕਰਕੇ ਵਿਗਿਆਨਕ ਚੇਤਨਾ ਦੀ ਨਿਸ਼ਾਨੀ ਹੈ ਉਥੇ ਪਿੰਡ ਵਿੱਚ ਲਾਇਬ੍ਰੇਰੀ ਦਾ ਬਣਨਾ ਪਿੰਡਾਂ ਵਿੱਚ ਸਿੱਖਿਆ ਦੇ ਪ੍ਰਸਾਰ ਲਈ ਨਵੇਂ ਰਾਹ ਖੋਲ੍ਹਦੀ ਹੈ। ਸਮੇਂ ਦੀ ਘੜੀਆਂ ਬਦਲ ਚੁੱਕੀਆਂ ਹਨ,ਹੁਣ ਪੜ੍ਹਣ ਲਈ ਕਿਸੇ ਵੱਡੇ ਸ਼ਹਿਰ ਜਾਣ ਦੀ ਲੋੜ੍ਹ ਨਹੀਂ ਸਾਡੇ ਆਲੇ ਦੁਆਲੇ ਹੀ ਕਾਲਜ਼ ਅਤੇ ਸਕੂਲ ਸਿੱਖਿਆ ਦੀ ਰੌਸ਼ਨੀ ਨੂੰ ਫੈਲਾ ਰਹੇ ਹਨ।ਇਹ ਕੋਠੇ ਖੜਕ ਸਿੰਘ ਦੀ ਨਹੀਂ ਸਗੋਂ ਸਮੁੱਚੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਕਲਪਨਾ ਹੈ। ਸਚਮੁੱਚ ਕੋਠੇ ਖੜਕ ਸਿੰਘ ਕਾਲਪਨਿਕ ਪਿੰਡ ਨਾ ਹੋ ਕੇ ਆਪਣਾ ਪਿੰਡ ਹੀ ਲੱਗਦਾ ਹੈ।
                         ਰਜਵਿੰਦਰ ਪਾਲ ਸ਼ਰਮਾ 
                         7087367969