ਸਿੱਖਿਆ ਦੇ ਖ਼ੇਤਰ ਤੇ ਚੋਟ ਕਰਦੀ ਫ਼ਿਲਮ ਹੁਸ਼ਿਆਰ ਸਿੰਘ 

ਸਿੱਖਿਆ ਇੱਕ ਅਜਿਹਾ ਹਥਿਆਰ ਹੈ ਜਿਸ ਦੀ ਵਰਤੋਂ ਕਰਕੇ ਸਮਾਜ਼ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ।ਇਹ ਸ਼ਬਦ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ, ਅਜ਼ਾਦੀ ਘੁਲਾਟੀਏ ਅਤੇ ਸਮਾਜਿਕ ਕਾਰਕੁੰਨ ਨੈਲਸਨ ਮੰਡੇਲਾ ਦੇ ਹਨ। ਸਿੱਖਿਆ ਬਦਲਾਅ ਦਾ ਮਹੱਤਵਪੂਰਨ ਸਾਧਨ ਹੈ ਪਰੰਤੂ ਬਦਲਾਅ ਫ਼ਿਰ ਹੀ ਸੰਭਵ ਹੈ ਜ਼ੇਕਰ ਬਿਨਾਂ ਕਿਸੇ ਭੇਦਭਾਵ ਤੋਂ ਸਿੱਖਿਆ ਸਾਰਿਆਂ ਲਈ ਬਰਾਬਰ ਹੋਵੇ।ਸਰਕਾਰੀ ਅਤੇ ਪ੍ਰਾਈਵੇਟ ਖ਼ੇਤਰ ਦੇ ਸਿੱਖਿਆ ਕੇਂਦਰਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਨੂੰ ਜਿਥੇ ਕਾਰਪੋਰੇਟ ਦੀ ਰਹਿਨੁਮਾਈ ਹਾਸਿਲ ਹੁੰਦੀ ਹੈ ਉਥੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਨੌਕਰੀ ਤਾਂ ਹਰ ਕੋਈ ਕਰਨਾ ਚਾਹੁੰਦਾ ਹੈ ਪ੍ਰੰਤੂ ਉਹਨਾਂ ਸਕੂਲਾਂ ਵਿੱਚ ਪੜ੍ਹਣ ਵਾਲੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਯਤਨ ਬਹੁਤ ਘੱਟ ਕੀਤੇ ਜਾਂਦੇ ਹਨ। ਜ਼ੇਕਰ ਕੋਈ ਅਧਿਆਪਕ ਆਪਣੀ ਮਿਹਨਤ ਅਤੇ ਹੌਂਸਲੇ ਸਦਕਾ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਯਤਨ ਕਰਦਾ ਹੈ ਤਾਂ ਉਸ ਨੂੰ ਸਾਥੀ ਅਧਿਆਪਕਾਂ ਅਤੇ ਉੱਚ ਅਧਿਕਾਰੀਆਂ ਦੀ ਹੱਲਾਸ਼ੇਰੀ ਦੀ ਬਜ਼ਾਏ ਸਸਪੈਂਡ ਦਾ ਤੋਹਫ਼ਾ ਦਿੱਤਾ ਜਾਂਦਾ ਹੈ। ਸਰਕਾਰੀ ਸਕੂਲਾਂ ਦੀ ਦਸ਼ਾ ਅਤੇ ਸਿੱਖਿਆ ਦੇ ਮੌਜੂਦਾ ਢਾਂਚੇ ਤੇ ਚੋਟ ਕਰਦੀ ਦਿਖਾਈ ਦਿੰਦੀ ਹੈ
ਫ਼ਿਲਮ ਹੁਸ਼ਿਆਰ ਸਿੰਘ ਜਿਸਦੇ ਟ੍ਰੇਲਰ ਨੂੰ ਭਰਮਾ ਹੁੰਗਾਰਾ ਮਿਲਿਆ ਅਤੇ 07 ਫ਼ਰਵਰੀ ਨੂੰ ਸਿਨੇਮਾ ਵਿੱਚ ਦਸਤਕ ਦੇਣ ਤੋਂ ਬਾਅਦ ਹੁਣ ਓ ਟੀ ਟੀ ਪਲੇਟਫਾਰਮ ਤੇ ਵੀ ਰਿਲੀਜ਼ ਹੋਣ ਲਈ  ਤਿਆਰ ਹੈ।
ਜਗਦੀਪ ਵੜਿੰਗ ਦੁਆਰਾ ਫ਼ਿਲਮ ਹੁਸ਼ਿਆਰ ਸਿੰਘ ਦੀ ਕਹਾਣੀ ਨੂੰ ਉਦੇ ਪ੍ਰਤਾਪ ਸਿੰਘ ਦੁਆਰਾ ਡਾਇਰੈਕਟ ਅਤੇ ਆਸ਼ੂ ਮੁਨੀਸ਼ ਸਾਹਨੀ ਅਤੇ ਸਰਤਾਜ ਫ਼ਿਲਮਜ਼ ਰਾਹੀਂ ਪਰੋਡਿਊਜ ਕਰਕੇ ਓਮ ਜੀ ਸ਼ਾਈਨ ਵਰਲਡ ਅਤੇ ਸਰਤਾਜ ਫ਼ਿਲਮਜ਼ ਦੁਆਰਾ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਹੁਸ਼ਿਆਰ ਸਿੰਘ ਜਿਸਦਾ ਕਿਰਦਾਰ ਸਤਿੰਦਰ ਸਰਤਾਜ ਨੇ ਨਿਭਾਇਆ ਦੇ ਆਲੇ ਦੁਆਲੇ ਘੁੰਮਦੀ ਹੈ।ਇਸ ਤੋਂ ਇਲਾਵਾ ਸਿੰਮੀ ਚਾਹਲ,ਬੀ ਐੱਨ ਸ਼ਰਮਾ, ਰਾਣਾ ਰਣਵੀਰ, ਮਲਕੀਤ ਰੌਣੀ, ਸਰਦਾਰ ਸੋਹੀ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਪ੍ਰਕਾਸ਼ ਗੰਡੂ ਅਤੇ ਸੰਜੂ ਸੋਲੰਕੀ ਵੀ ਆਪਣੀ ਕਾਬਲੀਅਤ ਰਾਹੀਂ ਫ਼ਿਲਮ ਦੀ ਗੋਂਦ ਨੂੰ ਹੋਰ ਵੀ ਦਿਲਚਸਪ ਬਣਾ ਕੇ ਪੇਸ਼ ਕਰਦੇ ਹਨ। ਫ਼ਿਲਮ ਦੀ ਕਹਾਣੀ ਇਹ ਦਿਖਾਉਣ ਦਾ ਯਤਨ ਕਰ ਰਹੀ ਹੈ ਕਿ ਜ਼ੇਕਰ ਯਤਨ ਕੀਤੇ ਜਾਣ ਤਾਂ ਸਰਕਾਰੀ ਸਕੂਲਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲੋਂ ਬਿਹਤਰ ਨਤੀਜੇ ਲਿਆ ਸਕਦੇ ਹਨ ਪ੍ਰੰਤੂ ਅਧਿਆਪਕਾਂ ਤੋਂ ਬੱਚਿਆਂ ਨੂੰ ਸਿੱਖਿਆ ਦੇਣ ਦੀ ਬਜ਼ਾਏ ਵੋਟਾਂ ਬਣਾਉਣ ਅਤੇ ਜਨਗਣਨਾ ਵਰਗੇ ਗੈਰ ਅਧਿਆਪਨ ਕਾਰਜਾਂ ਵਿੱਚ ਉਲਝਾ ਕੇ ਰੱਖ ਦਿੱਤਾ ਜਾਂਦਾ ਹੈ। ਜਿਹੜਾ ਅਧਿਆਪਕ ਬੱਚਿਆਂ ਦੀ ਸਿੱਖਿਆ ਲਈ ਅਧਿਆਪਨ ਦੇ ਕਾਰਜ ਨੂੰ ਤਰਜੀਹ ਦੇ ਕੇ ਸਿਸਟਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ ਉਸ ਨੂੰ ਬਦਲੀ ਅਤੇ ਸਸਪੈਂਡ ਦੇ ਆਰਡਰਾਂ ਨਾਲ ਨਿਵਾਜਿਆ ਜਾਂਦਾ ਹੈ। ਫ਼ਿਲਮ ਮਨੋਰੰਜਨ ਦੇ ਨਾਲ ਨਾਲ ਸਿੱਖਿਆ ਖ਼ੇਤਰ ਤੇ ਚੋਟ ਕਰਕੇ ਇਸ ਵਿਚਲੀਆਂ ਕਮੀਆਂ ਨੂੰ ਪੇਸ਼ ਕਰਕੇ ਹੱਲ ਤਲਾਸ਼ਣ ਦੀ ਵੀ ਮੰਗ ਕਰਦੀ ਹੈ ਤਾਂ ਜੋ ਸਿੱਖਿਆ ਦੇ ਖ਼ੇਤਰ ਵਿੱਚ ਵਧ ਰਹੇ ਆਰਥਿਕ ਪਾੜੇ ਨੂੰ ਖ਼ਤਮ ਕਰਕੇ ਸਿੱਖਿਆ ਦੇ ਅਧਿਕਾਰ ਨੂੰ ਅਮਲੀ ਰੂਪ ਦਿੱਤਾ ਕੀਤਾ ਜਾ ਸਕੇ।
                      ਰਜਵਿੰਦਰ ਪਾਲ ਸ਼ਰਮਾ 
                      7087367969