ਸੰਤ ਰਾਮ ਉਦਾਸੀ ਦੂਜਾ ਗੀਤ ਮੁਕਾਬਲਾ ਹੋਇਆ

 
ਬਰਨਾਲਾ 31- ਅਕਤੂਬਰ (ਅਸਲਮ ਖਾਨ   )ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਕਮੇਟੀ ਪਿੰਡ ਰਾਏਸਰ ਵੱਲੋਂ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਦੂਜਾ ਗੀਤ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਬਾਰਾਂ ਮੁੰਡੇ ਕੁੜੀਆਂ ਨੇ ਭਾਗ ਲਿਆ। ਸਮਾਗਮ ਦੇ ਆਰੰਭ ਵਿਚ ਡਾ ਰਾਮਪਾਲ ਸ਼ਾਹਪੁਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਉਦਾਸੀ ਦੀ ਗੀਤ ਕਲਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਕਾਲਜ ਦੀ ਇੰਚਾਰਜ ਪ੍ਰਿੰਸੀਪਲ ਡਾ ਵਿਭਾ ਅਗਰਵਾਲ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਜੀਵਨ ਵਿਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਕੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ। ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਉਦਾਸੀ ਦੇ ਅਨੇਕਾਂ ਗੀਤ ਲੋਕ ਗੀਤਾਂ ਦਾ ਰੁਤਬਾ ਹਾਸਲ ਕਰ ਚੁੱਕੇ ਹਨ। ਉਹ  ਕਿਰਤੀਆਂ ਦਾ ਕਵੀ ਸੀ। ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਉਦਾਸੀ ਬਾਰੇ ਲਿਖਿਆ ਆਪਣਾ ਗੀਤ ਵੀ ਸੁਣਾਇਆ। ਆਪਣੀ ਵਿੱਛੜ ਚੁੱਕੀ ਪੋਤੀ ਨਿਰਮਤ ਕੌਰ ਨਿਮੂ ਦੀ ਯਾਦ ਵਿਚ ਮੁਕਾਬਲੇ ਦੇ ਜੇਤੂਆਂ ਨੂੰ ਨਕਦ ਰਾਸ਼ੀ ਵੀ ਭੇਟ ਕੀਤੀ। ਬੋਲੀਕਾਰ ਰਘਬੀਰ ਸਿੰਘ ਗਿੱਲ ਕੱਟੂ ਨੇ ਉਦਾਸੀ ਬਾਰੇ ਆਪਣੀਆਂ ਸੱਤ ਬੋਲੀਆਂ ਪਾ ਕੇ ਸਮਾਂ ਬੰਨ੍ਹ ਦਿੱਤਾ। ਉਦਾਸੀ ਦੀ ਪੁੱਤਰੀ ਇਕਬਾਲ ਕੌਰ ਉਦਾਸੀ ਨੇ ਉਨ੍ਹਾਂ ਦੇ ਜੀਵਨ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਕੋਈ ਵੀ ਅਜਿਹੀ ਜੇਲ੍ਹ ਨਹੀਂ ਜਿੱਥੇ ਉਨ੍ਹਾਂ ਨੇ ਆਪਣੇ ਇਨਕਲਾਬੀ ਗੀਤ ਲਿਖਣ ਦਾ ਕਰਜ਼ਾ ਨਾ ਲਾਹਿਆ ਹੋਵੇ। ਉਨ੍ਹਾਂ ਦੱਸਿਆ ਕਿ ਕੱਲ੍ਹ ਨੂੰ ਤੀਜਾ ਗੀਤ ਮੁਕਾਬਲਾ ਪਿੰਡ ਜੋਧਪੁਰ -ਚੀਮਾ ਦੇ ਸਰਕਾਰੀ ਸਕੂਲ ਵਿਚ ਕਰਵਾਇਆ ਜਾਵੇਗਾ। ਚੌਥਾ ਗੀਤ ਮੁਕਾਬਲਾ ਪਿੰਡ ਸੰਘੇੜਾ ਦੇ ਸਰਕਾਰੀ ਸਕੂਲ ਵਿਚ ਤਿੰਨ ਦਸੰਬਰ ਨੂੰ ਕਰਵਾਇਆ ਜਾਵੇਗਾ। ਰੀਜ਼ਨਲ ਸੈਂਟਰ ਬਠਿੰਡਾ ਦੇ ਪੰਜਾਬੀ ਵਿਭਾਗ ਦੀ ਮੁਖੀ ਡਾ ਨਵਦੀਪ ਕੌਰ ਨੇ ਕਿਹਾ ਕਿ ਉਦਾਸੀ ਜੁਝਾਰੂ ਕਵੀ ਸੀ। ਉਨ੍ਹਾਂ ਸਮਾਜ ਦੀ ਹਾਸ਼ੀਆਗ੍ਰਸਤ ਧਿਰ ਦੇ ਦੁੱਖਾਂ ਦੇ ਗੀਤ ਰਚ ਕੇ ਆਪਣੇ ਪਿੰਡ ਰਾਏਸਰ ਅਤੇ ਬਰਨਾਲਾ ਇਲਾਕੇ ਦਾ ਨਾਮ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਇਆ।  ਮੁਕਾਬਲੇ ਵਿੱਚੋਂ ਪਹਿਲਾ ਸਥਾਨ ਗੁਰਤੇਜ ਸਿੰਘ, ਦੂਜਾ ਜਸਨੂਰ ਕੌਰ ਅਤੇ ਤੀਜਾ ਸਥਾਨ ਨਵਜੋਤ ਸਿੰਘ ਨੇ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ, ਯਾਦਗਾਰੀ ਚਿੰਨ੍ਹ ਅਤੇ ਇਕ ਇਕ ਪੁਸਤਕ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਹ ਰਸਮ ਸਮੁੱਚੇ ਪ੍ਰਧਾਨਗੀ ਮੰਡਲ ਅਤੇ ਕਾਲਜ ਦੇ ਹਾਜ਼ਰ ਸਟਾਫ਼ ਨੇ ਨਿਭਾਈ। ਮੁਕਾਬਲੇ ਦੀ ਪਰਖ ਡਾ ਰਾਮਪਾਲ ਸ਼ਾਹਪੁਰੀ, ਪ੍ਰੋ ਵਿਪਨ ਗੋਇਲ ਅਤੇ ਪ੍ਰੋ ਹਰਪ੍ਰੀਤ ਸਿੰਘ ਨੇ ਨਿਭਾਈ। ਮੰਚ ਸੰਚਾਲਨ ਦਾ ਫ਼ਰਜ਼ ਡਾ ਮੇਜਰ ਸਿੰਘ ਨੇ ਨਿਭਾਇਆ।
ਕੈਪਸ਼ਨ- ਤੇਜਾ ਸਿੰਘ ਤਿਲਕ ਅਤੇ ਪ੍ਰਧਾਨਗੀ ਮੰਡਲ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਾ ਹੋਇਆ।