ਕਰਮਜੀਤ ਨੇ ਸੋਨੇ ਦੀ ਚੇਨ ਅਸਲੀ ਵਾਰਿਸ ਨੂੰ ਸੌਂਪ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ

ਸ਼ੇਰਪੁਰ , 20 ਫਰਵਰੀ  ( ਹਰਜੀਤ ਸਿੰਘ ਕਾਤਿਲ ) – ਸਥਾਨਕ ਏਕਤਾ ਮਾਰਕੀਟ ਵਿੱਚ  ਬੁਟੀਕ ਦਾ ਕੰਮ ਕਰਨ ਵਾਲੀ ਮਹਿਲਾ ਕਰਮਜੀਤ ਕੌਰ ਪਤਨੀ ਲਖਵੀਰ ਸਿੰਘ ਨੰਬਰਦਾਰ ਵਾਸੀ ਮਾਹਮਦਪੁਰ ਨੇ ਇੱਕ ਤੋਲੇ ਤੋਂ ਵੱਧ ਸੋਨੇ ਦੀ ਲੱਭੀ ਚੇਨ ਉਸ ਦੇ ਅਸਲੀ ਵਾਰਸਾਂ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ। ਇਸ ਸਬੰਧੀ ਅਮਰਜੀਤ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਪਿੰਡ ਕਾਤਰੋਂ ਨੇ ਦੱਸਿਆ ਕਿ ਉਹ ਸ਼ੇਰਪੁਰ ਵਿਖੇ ਘਰੇਲੂ ਕੰਮ ਆਏ ਸਨ ਕਿ ਉਹਨਾਂ ਦੀ ਸੋਨੇ ਦੀ ਚੇਨ ਏਕਤਾ ਮਾਰਕੀਟ ਵਿੱਚ ਅਚਾਨਕ ਡਿੱਗ ਗਈ, ਜਿਸ ਬਾਰੇ ਉਨ੍ਹਾਂ ਤੁਰੰਤ ਸੋਸ਼ਲ ਮੀਡੀਆ ਤੇ ਪਵਾ ਦਿੱਤਾ । ਜਿਸ ਸਬੰਧੀ ਪਤਾ ਲੱਗਦਿਆਂ ਹੀ ਕਰਮਜੀਤ ਕੌਰ ਨੇ ਬਹੁਤ ਜਿਆਦਾ ਘਬਰਾਈ ਹੋਈ ਅਤੇ ਚੇਨ ਦੀ ਭਾਲ ਕਰ ਰਹੀ ਅਮਰਜੀਤ ਕੌਰ ਨੂੰ ਕਾਰਨ ਪੁੱਛਿਆ ਤਾਂ ਉਹਨਾਂ ਪੂਰਨ ਯਕੀਨ ਹੋਣ ਤੇ ਇਕ ਲੱਖ ਰੁਪਏ ਦੇ ਕਰੀਬ ਦੀ ਚੇਨ ਉਸਦੀ ਅਸਲ ਵਾਰਸ ਅਮਰਜੀਤ ਕੌਰ ਵਾਸੀ ਕਾਤਰੋਂ ਨੂੰ ਸੌਂਪ ਦਿੱਤੀ ਜਿਸ ਤੇ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਛਲਕ ਆਏ ਤੇ ਕਰਮਜੀਤ ਕੌਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਸ ਦੀ ਇਲਾਕੇ ਦੇ ਲੋਕਾਂ ਵੱਲੋਂ ਸਲਾਘਾਂ ਕੀਤੀ ਜਾ ਰਹੀ ਹੈ । ਇਸ ਮੌਕੇ ਅਮਰਜੀਤ ਕੌਰ ਦਾ ਬੇਟਾ ਬਲਵਿੰਦਰ ਸਿੰਘ ਅਤੇ ਕਰਮਜੀਤ ਕੌਰ ਦੇ ਬੇਟੇ ਕਰਨਵੀਰ ਸਿੰਘ ਅਤੇ ਏਕਮਜੀਤ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ।