ਬਰਨਾਲਾ( ਲਿਆਕਤ ਅਲੀ) : ਪੰਜਾਬੀ ਲੋਕਧਾਰਾ ਵੱਲੋਂ ਮਹਾਰਾਣੀ ਜ਼ਿੰਦ ਕੌਰ ਤਸਵੀਰ ਵਾਲਾ ਕੈਲੰਡਰ ਜੋ ਪਿਛਲੇ ਦਿਨੀਂ ਲੋਕ ਅਰਪਣ ਕੀਤਾ ਗਿਆ ਸੀ, ਉਹ ਅੱਜ ਮਹਾਰਾਜਾ ਦਲੀਪ ਸਿੰਘ ਯਾਦਗਾਰ ਕੋਠੀ ਬੱਸੀਆਂ ਵਿਖੇ ਪੰਜਾਬੀ ਲੋਕਧਾਰਾ ਦੇ ਮੈਂਬਰ ਅਵਤਾਰ ਸਿੰਘ ਚੀਮਾ, ਅੰਮ੍ਰਿਤਪਾਲ ਸਿੰਘ ਜੋਧਪੁਰੀ ਤੇ ਮਿੰਟੂ ਖੁਰਮੀ ਨੇ ਗਾਇਡ ਮਨਪ੍ਰੀਤ ਸਿੰਘ ਤੇ ਗੋਬਿੰਦ ਸਿੰਘ ਨੂੰ ਭੇਟ ਕੀਤਾ ਜੋ ਉਨ੍ਹਾਂ ਮਿਊਜ਼ੀਅਮ ਵਿੱਚ ਲਗਾ ਦਿੱਤਾ ਹੈ।ਲੋਕਧਾਰਾ ਦੇ ਮੈਂਬਰ ਅਵਤਾਰ ਸਿੰਘ ਚੀਮਾ, ਅੰਮ੍ਰਿਤਪਾਲ ਸਿੰਘ ਜੋਧਪੁਰੀ ਤੇ ਮਿੰਟੂ ਖੁਰਮੀ ਨੇ ਦੱਸਿਆ ਕਿ ਪੰਜਾਬੀ ਲੋਕਧਾਰਾ ਸ਼ੋਸ਼ਲ ਮੀਡੀਆ ਤੇ ਬਣਿਆ ਗਰੁੱਪ ਹੈ ਤੇ ਇਹ ਗਰੁੱਪ ਪੰਜਾਬੀ ਦੇ ਖਤਮ ਹੋ ਰਹੇ ਸ਼ਬਦਾਂ ਨੂੰ ਸੰਭਾਲਣ ਦਾ ਕੰਮ ਕਰਦਾ ਹੈ । ਗਰੁੱਪ ਵੱਲੋਂ ਸਾਲ ਬਾਅਦ ਇੱਕ ਮੇਲਾ ਵੀ ਲਗਾਇਆ ਜਾਂਦਾ ਹੈ ਤੇ ਹਰ ਸਾਲ ਪੰਜਾਬੀ ਲੋਕਧਾਰਾ ਦਾ ਕੈਲੰਡਰ ਵੀ ਲੋਕ ਅਰਪਣ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆਂ ਕਿ ਕੈਲੰਡਰ ਤੇ ਵੱਖ ਵੱਖ ਇਤਿਹਾਸਿਕ ਤਸਵੀਰਾਂ ਦੇ ਨਾਲ ਨਾਲ ਸਿੱਖ ਰਾਜ ਨਾਲ ਸਬੰਧਤ ਤਸਵੀਰਾਂ ਵੀ ਲਗਾਈਆ ਗਈਆਂ ਹਨ। ਇੱਕ ਸਾਲ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ, ਇੱਕ ਸਾਲ ਮਹਾਰਾਜਾ ਦਲੀਪ ਸਿੰਘ ਦੀ ਤਸਵੀਰ ਤੇ ਇਸ ਸਾਲ ਮਹਾਰਾਣੀ ਜ਼ਿੰਦ ਕੌਰ ਦੀ ਤਸਵੀਰ ਵਾਲਾ ਕੈਲੰਡਰ ਲੋਕ ਅਰਪਣ ਕੀਤਾ ਗਿਆ ਹੈ ਤੇ ਬੱਸੀਆਂ ਕੋਠੀ ਦਾ ਇਤਿਹਾਸ ਵੀ ਸਿੱਖ ਰਾਜ ਨਾਲ ਹੋਣ ਕਰਕੇ ਇਹ ਕੈਲੰਡਰ ਇੱਥੇ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਜਦ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਕੈਦ ਕਰਕੇ ਇੰਗਲੈਂਡ ਲਿਜਾ ਰਹੇ ਸਨ ਤਾਂ ਉਨ੍ਹਾਂ ਇੱਕ ਰਾਤ ਇਸ ਨਹਿਰੀ ਕੋਠੀ ਵਿੱਚ ਗੁਜਾਰੀ ਸੀ ਤੇ ਇਹ ਪੰਜਾਬ ਦੀ ਧਰਤੀ ਤੇ ਉਨ੍ਹਾਂ ਦੀ ਆਖਰੀ ਰਾਤ ਸੀ ਤੇ ਉਸ ਤੋਂ ਬਾਅਦ ਕਦੇ ਪੰਜਾਬ ਨਹੀਂ ਆ ਸਕੇ । ਨਹਿਰੀ ਕੋਠੀ ਬੱਸੀਆਂ ਵਿਖੇ ਮਾਹਾਰਾਜਾ ਦਲੀਪ ਸਿੰਘ ਦੀ ਯਾਦ ਵਿੱਚ ਮਿਊਜ਼ਿਅਮ ਬਣਾਇਆ ਗਿਆ ਹੈ ਜਿੱਥੇ ਸਿੱਖ ਰਾਜ ਦੇ ਸ਼ੁਰੂ ਤੋਂ ਖਾਤਮੇ ਤੱਕ ਤੇ ਮਾਹਾਰਾਜਾ ਰਣਜੀਤ ਸਿੰਘ ਦੀ ਆਖਰੀ ਵੰਸ਼ ਤੱਕ ਦਾ ਇਤਿਹਾਸ ਮੌਜ਼ੂਦ ਹੈ। ਜਦ ਕੋਈ ਸੈਲਾਨੀ ਯਾਦਗਾਰ ਦੇਖਣ ਆਉਂਦਾ ਹੈ ਤਾਂ ਉੱਥੇ ਮੌਜ਼ੂਦ ਗਾਇਡ ਗੋਬਿੰਦ ਸਿੰਘ ਤੇ ਮਨਪ੍ਰੀਤ ਸਿੰਘ ਬਹੁਤ ਹੀ ਵਧੀਆਂ ਢੰਗ ਨਾਲ ਸਾਰੇ ਸਿੱਖ ਇਤਿਹਾਸ ਵਾਰੇ ਜਾਣਕਾਰੀ ਦਿੰਦੇ ਹਨ। ਪੰਜਾਬੀ ਲੋਕਧਾਰਾ ਵੱਲੋਂ ਇਸ ਯਾਦਗਾਰ ਵਿੱਚ ਤਿੰਨ ਲੋਕਧਾਰਾ ਮੇਲੇ ਵੀ ਲਗਾਏ ਜਾ ਚੁੱਕੇ ਹਨ ।ਗਾਇਡ ਮਨਪ੍ਰੀਤ ਸਿੰਘ ਤੇ ਗੋਬਿੰਦ ਨੇ ਕੈਲੰਡਰ ਦੇਣ ਲਈ ਪੰਜਾਬੀ ਲੋਕਧਾਰਾ ਦਾ ਧੰਨਵਾਦ ਕੀਤਾ ਤੇ ਅਪੀਲ ਵੀ ਕੀਤੀ ਕਿ ਹਰ ਕੋਈ ਆਪਣੇ ਬੱਚਿਆਂ ਨੂੰ ਮਾਹਾਰਾਜਾ ਦਲੀਪ ਸਿੰਘ ਯਾਦਗਾਰ ਕੋਠੀ ਬੱਸੀਆਂ ਵਿਖੇ ਜ਼ਰੂਰ ਲੈ ਕੇ ਆਵੇ ਤਾਂ ਜੋ ਬੱਚਿਆਂ ਨੂੰ ਸਿੱਖ ਰਾਜ ਵਾਰੇ ਜਾਣਕਾਰੀ ਮਿਲ ਸਕੇ।
ਪੰਜਾਬੀ ਲੋਕਧਾਰਾ ਵੱਲੋਂ ਮਹਾਰਾਜਾ ਦਲੀਪ ਸਿੰਘ ਯਾਦਗਾਰ ਕੋਠੀ ਬੱਸੀਆਂ ਵਿਖੇ ਮਹਾਰਾਣੀ ਜ਼ਿੰਦ ਕੌਰ ਦੀ ਤਸਵੀਰ ਵਾਲਾ ਕੈਲੰਡਰ ਭੇਟ ਕੀਤਾ
