ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿਖੇ ਆਯੋਜਿਤ ਬੈਸਟ ਆਉਟ ਆਫ ਵੇਸਟ ਵਿਸ਼ੇ ਤੇ ਦੋ-ਰੋਜ਼ਾ ਵਰਕਸ਼ਾਪ ਸਮਾਪਤ

ਸੰਗਰੂਰ,27 ਫਰਵਰੀ (ਜਸਪਾਲ ਸਰਾਓ) ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿਖੇ ‘ਬੈਸਟ ਆਉਟ ਆਫ ਵੇਸਟ’ ਸੁਸਾਇਟੀ ਵੱਲੋਂ ਕੈਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਤੋਂ ਪ੍ਰਾਪਤ ਵਿੱਤੀ ਸਹਾਇਤਾ ਨਾਲ ਕਿੱਤਾ ਸਿਖਲਾਈ ਅਤੇ ਹੁਨਰ ਅਨੁਕੂਲਨ ਪ੍ਰੋਗਰਾਮ ਤਹਿਤ ਪ੍ਰਿੰਸੀਪਲ ਪ੍ਰੋ. ਰਚਨਾ ਭਾਰਦਵਾਜ ਦੀ ਰਹਿਨੁਮਾਈ ਹੇਠ ਅਤੇ ਮੈਡਮ ਨਿਰਮਲ ਅਤੇ ਡਾ. ਮੋਨਿਕਾ ਸੇਠੀ ਦੀ ਦੇਖ ਰੇਖ ਵਿੱਚ ਚੱਲ ਰਹੀ ਦੋ- ਰੋਜ਼ਾ ਵਰਕਸ਼ਾਪ ਸਮਾਪਤ ਹੋ ਗਈ ਹੈ। ਬੇਕਾਰ ਅਤੇ ਟੁੱਟੀਆਂ ਫੁੱਟੀਆਂ ਚੀਜਾਂ ਨੂੰ ਮੁੜ ਉਪਯੋਗੀ ਵਸਤੂਆਂ ਵਿੱਚ ਤਬਦੀਲ ਕਰਨ ਦੀ ਟ੍ਰੇਨਿੰਗ ਦੇਣ ਵਾਲੀ ਇਸ ਵਰਕਸ਼ਾਪ ਦੇ ਦੂਸਰੇ ਦਿਨ ਪ੍ਰੋ. ਸੁਖਪ੍ਰੀਤ ਸਿੰਘ, ਆਰੀਆਭੱਟ ਕਾਲਜ, ਬਰਨਾਲਾ ਨੇ, ਰਿਸੋਰਸ ਪਰਸਨ ਵਜੋਂ ਸਿਖਲਾਈ ਦਿੱਤੀ। ਇਸ ਵਰਕਸ਼ਾਪ ਦੇ ਸਮਾਪਨ ਸਮਾਰੋਹ ਵਿੱਚ ਸ਼੍ਰੀ ਰਾਹੁਲ ਸੈਨੀ, ਜ਼ਿਲ੍ਹਾ ਯੂਥ ਅਫਸਰ, ਨਹਿਰੂ ਯੁਵਾ ਕੇਂਦਰ, ਸੰਗਰੂਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਮੋਨਿਕਾ ਸੇਠੀ ਨੇ ਪਹੁੰਚੇ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਬੇਕਾਰ ਸਮਝੀਆਂ ਜਾਣ ਵਾਲੀਆਂ ਚੀਜਾਂ ਨੂੰ ਵਰਤਣ ਦੀ ਸਲਾਹ ਦਿੱਤੀ। ਮੁੱਖ ਮਹਿਮਾਨ ਨੂੰ ਮੰਚ ਤੇ ਵਿਰਾਜਮਾਨ ਕਾਲਜ ਸਟਾਫ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਰਸਮੀ ਸੁਆਗਤ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮਹਿਮਾਨ , ਮੈਡਮ ਨਿਰਮਲ, ਡਾ. ਮੋਨਿਕਾ ਸੇਠੀ, ਪ੍ਰੋ. ਕੁਲਦੀਪ, ਮੈਡਮ ਸੀਮਾ ਗੁਰ, ਸੀਮਾ ਅਗਰਵਾਲ, ਸੁਖਪ੍ਰੀਤ, ਇਨਾਇਤ, ਅਮਨ, ਜਸ਼ਦੀਪ, ਯੋਗੇਸ਼, ਜਸ਼ਨ, ਕਰਨ, ਅਰਸ਼ ਆਦਿ ਵੱਲੋਂ ਜਯੋਤੀ ਜਲਾਉਣ ਦੀ ਰਸਮ ਅਦਾ ਕੀਤੀ ਗਈ। ਮੁੱਖ ਮਹਿਮਾਨ ਨੇ ਆਪਣੇ ਸੰਦੇਸ਼ ਵਿੱਚ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਵੱਧ ਤੋਂ ਵੱਧ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ। ਮੈਡਮ ਨਿਰਮਲ, ਇੰਚਾਰਜ ਬੈਸਟ ਆਉਟ ਆਫ ਵੇਸਟ ਸੁਸਾਇਟੀ ਨੇ ਦੱਸਿਆ ਕਿ 100 ਵਿਦਿਆਰਥੀਆਂ ਨੇ ਦੋ ਦਿਨਾਂ ਦੀ ਵਰਕਸ਼ਾਪ ਦੌਰਾਨ ਮੰਡਾਲਾ ਆਰਟ ਅਤੇ ਡੈਕੋ ਆਰਟ ਦੀ ਸਿਖਲਾਈ ਪ੍ਰਾਪਤ ਕੀਤੀ।
ਇਸ ਤੋਂ ਬਾਅਦ ਵਰਕਸ਼ਾਪ ਦਾ ਹਿੱਸਾ ਬਣੇ 100 ਵਿਦਿਆਰਥੀਆਂ ਨੂੰ ਮੁੱਖ ਮਹਿਮਾਨ, ਕਮੇਟੀ ਮੈਂਬਰਾਂ ਅਤੇ ਬਾਕੀ ਮਹਿਮਾਨਾਂ ਵੱਲੋਂ ਕਿੱਟਾਂ ਵੰਡੀਆਂ ਗਈਆਂ। ਮੈਡਮ ਨਿਰਮਲ ਨੇ ਵਿੱਤੀ ਸਹਾਇਤਾ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੰਡੀਆਂ ਗਈਆਂ ਕਿੱਟਾਂ ਸਾਡੇ ਆਲੇ-ਦੁਆਲੇ ਨੂੰ ਸੁਆਰਣ ਵਿੱਚ ਕਾਫੀ ਲਾਹੇਵੰਦ ਸਾਬਿਤ ਹੋਣਗੀਆਂ। ਅੰਤ ਵਿੱਚ ਮੁੱਖ ਮਹਿਮਾਨ ਅਤੇ ਦੋਵਾਂ ਦਿਨਾਂ ਦੇ ਰਿਸੋਰਸ ਪਰਸਨ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਧੰਨਵਾਦੀ ਸ਼ਬਦ ਪ੍ਰੋ. ਕੁਲਦੀਪ ਕੁਮਾਰ ਵੱਲੋਂ ਕਹੇ ਗਏ। ਇਸ ਸਮਾਰੋਹ ਦੌਰਾਨ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਮੈਂਬਰ ਮੌਜੂਦ ਸਨ।