ਸ਼ੇਰਪੁਰ 25 ਫਰਵਰੀ (ਹਰਜੀਤ ਸਿੰਘ ਕਾਤਿਲ,ਬੀ ਐਸ ਧਾਲੀਵਾਲ ) – ਬੀਤੇ ਦਿਨੀ ਫਤਿਹਗੜ੍ਹ ਪੰਜਗਰਾਈਆਂ ਤੋਂ ਬਦੇਸ਼ਾਂ ਸੜਕ ਅਤੇ ਪਿੰਡ ਟਿੱਬਾ ਤੋਂ ਬੜੀ ਸੜਕ ਤੇ ਹੋਏ ਵੱਖ-ਵੱਖ ਸੜਕ ਹਾਦਸਿਆਂ ਵਿੱਚ ਬਲਾਕ ਸ਼ੇਰਪੁਰ ਨਾਲ ਸੰਬੰਧਿਤ ਪਿੰਡਾਂ ਦੇ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਾਹਮਦਪੁਰ ਜੋ ਕਿ ਘਰੇਲੂ ਕੰਮ ਲਈ ਪਿੰਡ ਫਤਿਹਗੜ੍ਹ ਪੰਜਗਰਾਈਆਂ ਗਿਆ ਸੀ ਉਥੋਂ ਵਾਪਸ ਆਉਂਦੇ ਹੋਏ ਪੰਜਗਰਾਈਆਂ ਤੋਂ ਬਦੇਸ਼ਾਂ ਸੜਕ ਤੇ ਅਵਾਰਾ ਪਸ਼ੂ ਅੱਗੇ ਆਉਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਇਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਪਹਿਲਾਂ ਮਲੇਰਕੋਟਲਾ ਅਤੇ ਫਿਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਉਸ ਨੂੰ ਮ੍ਰਿਤਕ ਘੋਸ਼ਿਤ ਐਲਾਨ ਦਿੱਤਾ । ਮ੍ਰਿਤਕ ਦੀ ਪਤਨੀ ਪ੍ਰੀਤਪਾਲ ਕੌਰ ਦੇ ਬਿਆਨਾਂ ਤੇ ਥਾਣਾ ਸ਼ੇਰਪੁਰ ਵਿਖੇ ਬਣਦੀ ਕਾਰਵਾਈ ਕਰਨ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ।
ਦੂਜੇ ਪਾਸੇ ਜਗਰਾਜ ਸਿੰਘ ਉਰਫ ਬੱਬੀ ( 39 ) ਪੁੱਤਰ ਨਿਰਭੈ ਸਿੰਘ ਦੇ ਭਰਾ ਵਰਿੰਦਰ ਸਿੰਘ ਵੱਲੋਂ ਪੁਲਿਸ ਨੂੰ ਬਿਆਨ ਦਰਜ ਕਰਾਏ ਗਏ ਕਿ ਉਸਦਾ ਵੱਡਾ ਭਰਾ ਜਗਰਾਜ ਸਿੰਘ ਟਿੱਪਰ ਤੇ ਡਰਾਈਵਰੀ ਕਰਦਾ ਸੀ ਅਤੇ ਬੀਤੇ ਕੱਲ ਰਾਤ ਕਰੀਬ ਸਵਾ ਅੱਠ ਵਜੇ ਪਿੰਡ ਟਿੱਬਾ ਤੋਂ ਬੜੀ ਵੱਲ ਨੂੰ ਮੋਟਰਸਾਈਕਲ ਤੇ ਆ ਰਿਹਾ ਸੀ ਤਾਂ ਅੱਗੋਂ ਲਾਈਟਾਂ ਪੈਣ ਕਾਰਨ ਪੈਦਲ ਜਾਂਦੇ ਇੱਕ ਵਿਅਕਤੀ ਅਤੇ ਔਰਤ ਵਿੱਚ ਵੱਜਣ ਉਪਰੰਤ ਹੇਠਾਂ ਡਿੱਗ ਗਿਆ, ਜਿਸ ਨੂੰ ਬਾਅਦ ਵਿੱਚ ਇਲਾਜ ਲਈ ਸ਼ੇਰਪੁਰ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੋਂ ਉਸਨੂੰ ਧੂਰੀ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਉਸਦੀ ਮੌਤ ਹੋ ਗਈ । ਸ਼ੇਰਪੁਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ ਮ੍ਰਿਤਕ ਆਪਣੇ ਪਿੱਛੇ ਭਰੇ ਪਰਿਵਾਰ ਨੂੰ ਵਿਲਕਦਿਆਂ ਛੱਡ ਗਿਆ ਹੈ। ਇਲਾਕੇ ਦੇ ਨੌਜਵਾਨਾਂ ਦੀ ਬੇਵਕਤੀ ਮੌਤ ਤੇ ਗਰਾਮ ਪੰਚਾਇਤ , ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਅਤੇ ਨਗਰ ਦੇ ਲੋਕਾਂ ਨੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ।