ਤਲਵੰਡੀ ਸਾਬੋ,25ਫਰਵਰੀ(ਰੇਸ਼ਮ ਸਿੰਘ ਦਾਦੂ) ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਇਨੋਵੇਸ਼ਨ ਮਿਸ਼ਨ ਤਹਿਤ ਨੀਤੀ ਆਯੋਗ ਦੀ ਸਕੂਲ ਇਨੋਵੇਸ਼ਨ ਮੈਰਾਥਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਨੋਡਲ ਕੇਂਦਰ ਵੱਲੋਂ ਚੁਣੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆ ਪ੍ਰੋ.ਡਾ.ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਨੇ ਦੱਸਿਆ ਕਿ ਜੀ.ਕੇ.ਯੂ ਵੱਲੋਂ ਖੋਜ ਨੂੰ ਹੁਲਾਰਾ ਦੇਣ ਲਈ ਵਰਸਿਟੀ ਵੱਲੋਂ ਕਈ ਅਕਾਦਮਿਕ ਸੈਮੀਨਰ,ਵਰਕਸ਼ਾਪ ਅਤੇ ਵਿਚਾਰ ਚਰਚਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਦੀ ਦੇਸ਼ ਵਿਆਪੀ ਪਹਿਲ ਕਦਮੀ ਅਨੁਸਾਰ ਵਰਸਿਟੀ ਨੂੰ ਸਾਰੇ ਭਾਰਤ ਵਿੱਚ ਚੁਣੇ ਗਏ 15 ਨੋਡਲ ਕੇਂਦਰਾਂ ਵਿੱਚੋ ਇੱਕ ਨੋਡਲ ਕੇਂਦਰ ਹੋਣ ਦਾ ਮਾਣ ਹਾਸਿਲ ਹੋਇਆ ਹੈ। ਉਹਨਾਂ ਦੱਸਿਆ ਕਿ ਇਹ ਸਨਮਾਨ ਹਾਸਿਲ ਕਰਨ ਵਾਲੀ ਜੀ.ਕੇ.ਯੂ ਪੰਜਾਬ ਦੀ ਪਹਿਲੀ ਵਰਸਿਟੀ ਹੈ। ਜਿਸ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਆਪਣੇ ਪੋਰਟਲ ਰਾਹੀਂ ਨਵੀਨਤਾਕਾਰੀ ਵਿਚਾਰ ਭੇਜਣ ਦਾ ਮੰਚ ਮੁਹਾਈਆ ਕਰਵਾਇਆ ਹੈ।
ਇਸ ਮੌਕੇ ਡਾ.ਅਜੈ ਗੁਪਤਾ ਨਿਰਦੇਸ਼ਕ ਖੋਜ ਤੇ ਵਿਕਾਸ ਸੈੱਲ ਨੇ ਦੱਸਿਆ ਕਿ ਇਸ ਪੋਰਟਲ ਤੇ ਸਟਾਰਟਅੱਪ ਮਾਹਿਰਾਂ ਦੇ ਪੈਨਲ ਨੇ 10000 ਤੋਂ ਵੱਧ ਵਿਚਾਰਾਂ ਦਾ ਮੁਲਾਂਕਣ ਕੀਤਾ ਹੈ। ਇਹਨਾਂ ਵਿੱਚੋਂ 1556 ਵਿਚਾਰਾਂ ਨੂੰ ਈ-ਪੀਚਿੰਗ ਲਈ ਚੁਣਿਆ ਗਿਆ ਹੈ ਜਿਸ ਤਹਿਤ 400 ਨਵੀਨਤਾਕਾਰੀ ਖੋਜ ਵਿਚਾਰਾਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ਚੋਟੀ ਦੀਆਂ 75 ਟੀਮਾਂ ਨੂੰ ਆਪਣੇ ਉਤਪਾਦਾਂ ਦੇ ਵਿਕਾਸ ਲਈ ਸਲਾਹਕਾਰ ਅਤੇ ਫੰਡ ਉਪਲਬਧ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਜੀ.ਕੇ.ਯੂ ਵਿਖੇ ਆਯੋਜਿਤ ਈ-ਪੀਚਿੰਗ ਇਵੈਂਟ ਵਿੱਚ ਖੋਜਾਰਥੀਆਂ ਵੱਲੋਂ ਪਹਿਲੇ ਪੱਧਰ ਤੇ ਔਰਤਾਂ ਦੀ ਸੁਰੱਖਿਆ,ਫਸਲਾਂ ਦੀ ਸੁਰੱਖਿਆ,ਸਮਾਰਟ ਡਿਵਾਈਸਾਂ (ਡਰੋਨ ਆਦਿ) ਗਲੋਬਲ ਵਾਰਮਿੰਗ, ਨਿੱਜੀ ਸੁਰੱਖਿਆ ਉਪਕਰਨਾਂ ਆਦਿ ਸੰਬੰਧਿਤ ਵਿਸ਼ਿਆ ਤੇ ਖੋਜੀ ਵਿਚਾਰ ਪੇਸ਼ ਕੀਤੇ ਗਏ।