ਸਰਕਾਰੀ ਸਕੂਲ ਰਾਮਪੁਰਾ ਪਿੰਡ ਵਿਖੇ ਅੰਤਰਰਾਸ਼ਟਰੀ “ਮਾਂ ਬੋਲੀ ਦਿਵਸ” ਮਨਾਇਆ
ਬਠਿੰਡਾ 20 ਫ਼ਰਵਰੀ (ਮੱਖਣ ਸਿੰਘ ਬੁੱਟਰ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਾਮਪੁਰਾ ਪਿੰਡ ਸਕੂਲ ਵਿਖੇ ਸਕੂਲ ਮੁਖੀ ਜਸਬੀਰ ਸਿੰਘ ਦੀ ਅਗਵਾਈ ਵਿੱਚ ਅਤੇ ਸਕੂਲ ਦੇ ਭਾਸ਼ਾ ਅਧਿਆਪਕਾਂ ਦੇ ਸਹਿਯੋਗ ਸਦਕਾ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਅਤੇ ਰੂਬਰੂ ਸਮਾਗਮ ਕਰਵਾਇਆ ਗਿਆ।ਇਸ ਵਿੱਚ ਸਾਹਿਤਕਾਰ ਅਤੇ ਬਹੁਪੱਖੀ ਅਧਿਆਪਕ ਗੁਰਵਿੰਦਰ ਸਿੰਘ ਸਿੱਧੂ ਅਤੇ ਬਾਲ ਸਾਹਿਤਕਾਰ ਮਨਜੀਤ ਸਿੰਘ ਘੜੈਲੀ ਵਿਦਿਆਰਥੀਆਂ ਦੇ ਰੂਬਰੂ ਹੋਏ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਇਆ। ਬੱਚਿਆਂ ਨੂੰ ਜ਼ਿੰਦਗੀ ਵਿੱਚ ਸਾਹਿਤ ਦੇ ਮਹੱਤਵ ਬਾਰੇ ਦੱਸਦਿਆਂ ਸਾਹਿਤ ਤੇ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਸਟੇਜ ਸੰਚਾਲਨ ਦੀ ਭੂਮਿਕਾ ਪੰਜਾਬੀ ਅਧਿਆਪਕਾ ਮਨਪ੍ਰੀਤ ਕੌਰ ਵੱਲੋਂ ਨਿਭਾਈ ਗਈ। ਮੈਡਮ ਗੁਰਮੀਤ ਕੌਰ ਨੇ ਪੰਜਾਬੀ ਮਾਂ ਬੋਲੀ ਬਾਰੇ ਦੱਸਿਆ ਅਤੇ ਮੈਡਮ ਰਮਨਦੀਪ ਕੌਰ ਨੇ ਕਵਿਤਾ ਪੇਸ਼ ਕੀਤੀ।ਸਕੂਲ ਦੇ ਵਿਦਿਆਰਥੀਆਂ ਜਸ਼ਨਦੀਪ ਸਿੰਘ,ਰਣਦੀਪ, ਤਮੰਨਾ, ਅੰਜਲੀ ਨੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਆਸ਼ੀਸ਼ ਨੇ ‘ਗੁਰਮੁਖੀ ਦਾ ਬੇਟਾ’ ਗੀਤ ਸੁਣਾ ਕੇ ਰੰਗ ਬੰਨ੍ਹਿਆ। ਨੌਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਂ ਬੋਲੀ ਬਾਰੇ ਕੋਰੀਓਗ੍ਰਾਫੀ ਪੇਸ਼ ਕੀਤੀ। ਸਮਾਗਮ ਦੇ ਅੰਤ ਵਿੱਚ ਮਨਜੀਤ ਸਿੰਘ ਘੜੈਲੀ ਅਤੇ ਗੁਰਵਿੰਦਰ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ। ਸਿੱਧੂ ਨੇ ਆਪਣੀ ਸੰਪਾਦਿਤ ਕਿਤਾਬ ਸਕੂਲ ਲਾਇਬ੍ਰੇਰੀ ਲਈ ਭੇਂਟ ਕੀਤੀ। ਭਾਸ਼ਾ ਅਧਿਆਪਕ ਸੰਦੀਪ ਕੌਰ,ਗੀਤਿਕਾ ਅਤੇ ਸਮੂਹ ਸਟਾਫ਼ ਦਾ ਵਿਸ਼ੇਸ਼ ਸਹਿਯੋਗ ਰਿਹਾ।