ਅਕਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕੰਧ ਪਤ੍ਰਿਕਾ ਆਗ਼ਾਜ਼ ਦਾ 22ਵਾਂ ਅੰਕ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ 

ਤਲਵੰਡੀ ਸਾਬੋ,25ਫਰਵਰੀ(ਰੇਸ਼ਮ ਸਿੰਘ ਦਾਦੂ)ਅਕਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੁਆਰਾ ਵਿਦਿਆਰਥੀਆਂ ਨੂੰ ਸਾਹਿਤਕ ਰੁਚੀਆਂ ਵੱਲ ਪ੍ਰੇਰਿਤ ਕਰਨ ਹਿੱਤ ਸਮੇਂ ਸਮੇਂ ਸਿਰ ਵੱਖ ਵੱਖ ਤਰ੍ਹਾਂ ਦੀਆਂ ਰਚਨਾਤਮਕ ਗਤੀਵਿਧੀਆਂ ਜਿਵੇਂ ਸੈਮੀਨਾਰ, ਵਿਸ਼ੇਸ਼ ਲੈਕਚਰ, ਵੱਖ ਵੱਖ ਵਿਸ਼ਿਆਂ ਉੱਤੇ ਵਰਕਸ਼ਾਪ, ਭਾਸ਼ਣ ਮੁਕਾਬਲੇ ਅਤੇ ਕਵਿਤਾ ਉਚਾਰਣ ਆਦਿ ਦਾ ਆਯੋਜਨ ਹੁੰਦਾ ਰਹਿੰਦਾ ਹੈ। ਇਸ ਸੰਦਰਭ ਵਿਚ ਕੰਧ ਪੱਤ੍ਰਿਕਾ ‘ਆਗ਼ਾਜ਼’ ਦਾ ਪ੍ਰਕਾਸ਼ਨ ਇਕ ਅਹਿਮ ਉਪਰਾਲਾ ਹੈ। ਬੀਤੇ ਦਿਨ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ‘ਆਗ਼ਾਜ਼’ ਦੇ 22ਵੇਂ ਅੰਕ ਦਾ ਪ੍ਰਕਾਸ਼ਨ ਕੀਤਾ ਗਿਆ, ਜਿਸ ਦਾ ਉਦਘਾਟਨ ਪੰਜਾਬੀ ਵਿਭਾਗ ਦੇ ਮੁਖੀ ਡਾ. ਸੰਦੀਪ ਸਿੰਘ ਨੇ ਕੀਤਾ। ਕੰਧ ਪੱਤ੍ਰਿਕਾ ਦੇ ਸੰਪਾਦਕ ਡਾ. ਸਰਬਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਵੱਡੀ ਮਾਤਰਾ ਵਿਚ ਰਚਨਾਵਾਂ ਪ੍ਰਾਪਤ ਹੋਈਆਂ, ਜਿਹਨਾਂ ਵਿਚੋਂ ਇਸ ਅੰਕ ਵਿਚ ਚੋਣਵੀਆਂ 9 ਰਚਨਾਵਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਅੰਕ ਵਿਚ ਵਿਦਿਆਰਥੀਆਂ ਨੇ ਜਿੱਥੇ ਵੱਖ ਵੱਖ ਸਾਹਿਤਕਾਰਾਂ ਦੀਆਂ ਮਾਂ ਬੋਲੀ ਸੰਬੰਧੀ ਰਚਨਾਵਾਂ ਨੂੰ ਪ੍ਰਕਾਸ਼ਿਤ ਕੀਤਾ ਉੱਥੇ ਵਿਦਿਆਰਥੀਆਂ ਲੇਖਕਾਂ ਦੀਆਂ ਚੋਣਵੀਆਂ ਰਚਨਾਵਾਂ ਨੂੰ ਵੀ ਥਾਂ ਦਿੱਤੀ ਗਈ। ਅੰਕ ਨੂੰ ਸੁਹਜਾਤਮਕ ਢੰਗ ਨਾਲ ਤਿਆਰ ਕਰਕੇ ਪ੍ਰਕਾਸ਼ਿਤ ਕਰਨ ਦਾ ਕੰਮ ਐਮ ਏ ਭਾਗ ਪਹਿਲਾ ਦੇ ਵਿਦਿਆਰਥੀਆਂ ਨੇ ਕੀਤਾ। ਵਿਭਾਗ ਮੁਖੀ ਡਾ. ਸੰਦੀਪ ਸਿੰਘ ਨੇ ਵਿਦਿਆਰਥੀਆਂ ਦੀ ਰਚਨਾਵਾਂ ਪੜ੍ਹਕੇ ਉਹਨਾਂ ਦੀ ਸ਼ਲਾਘਾ ਕੀਤੀ ਅਤੇ ਲੇਖਣ ਕਲਾ ਨਿਖਾਰਨ ਲਈ ਕੁਝ ਸਾਹਿਤਕ ਨੁਕਤੇ ਵੀ ਸਾਂਝੇ ਕੀਤੇ। ਉਹਨਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਵਿਭਾਗੀ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ।