ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿਖੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

ਸੰਗਰੂਰ 25ਫਰਵਰੀ (ਜਸਪਾਲ ਸਰਾਓ ) ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿਖੇ ਬੈਸਟ ਆਉਟ ਆਫ ਵੇਸਟ ਸੁਸਾਇਟੀ ਵੱਲੋਂ ਕਾਲਜ ਦੀ ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈਲ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਤੋਂ ਪ੍ਰਾਪਤ ਕਿੱਤਾ ਸਿਖਲਾਈ ਅਤੇ ਹੁਨਰ ਅਨੁਕੂਲਨ ਪ੍ਰੋਗਰਾਮ ਸਕੀਮ ਅਧੀਨ ਪ੍ਰਿੰਸੀਪਲ ਪ੍ਰੋ. ਰਚਨਾ ਭਾਰਦਵਾਜ ਦੀ ਅਗਵਾਈ ਹੇਠ ਅਤੇ ਮੈਡਮ ਨਿਰਮਲ ਅਤੇ ਡਾ. ਮੋਨਿਕਾ ਸੇਠੀ ਦੀ ਦੇਖ ਰੇਖ ਹੇਠ ਦੋ ਰੋਜ਼ਾ ਵਰਕਸ਼ਾਪ ਦਾ ਆਗਾਜ਼ ਕੀਤਾ ਗਿਆ, ਜਿਸ ਵਿੱਚ ਮਿਸ ਇਨਾਇਤ ਗਰੇਵਾਲ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਇਸ ਵਰਕਸ਼ਾਪ ਦੇ ਉਦਘਾਟਨ ਸਮਾਰੋਹ ਦੇ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਦੀਪ ਸਿੰਘ ਵੱਲੋਂ ਪਹੁੰਚੇ ਰਿਸੋਰਸ ਪਰਸਨ ਦਾ ਰਸਮੀ ਸੁਆਗਤ ਕੀਤਾ ਗਿਆ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਕੈਰੀਅਰ ਕਾਉਂਸਲਿੰਗ ਕਮੇਟੀ ਅਤੇ ਬੈਸਟ ਆਉਟ ਆਫ ਵੇਸਟ ਸੁਸਾਇਟੀ ਦੇ ਇਸ ਸਹਿਯੋਗੀ ਪ੍ਰਬੰਧ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ। ਬੈਸਟ ਆਉਟ ਆਫ ਵੇਸਟ ਸੁਸਾਇਟੀ ਦੇ ਕਨਵੀਨਰ ਮੈਡਮ ਨਿਰਮਲ ਨੇ ਮੰਚ ਸੰਚਾਲਨ ਕਰਦਿਆਂ ਵਿਦਿਆਰਥੀਆਂ ਨੂੰ ਰਿਸੋਰਸ ਪਰਸਨ ਦੇ ਰੂ-ਬ-ਰੂ ਕਰਵਾਇਆ। ਪ੍ਰੋ. ਰਣਧੀਰ ਕੌਸ਼ਿਕ ਅਤੇ ਪ੍ਰੋ. ਕੁਲਦੀਪ ਕੁਮਾਰ ਨੇ ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਆ। ਕੈਰੀਅਰ ਕਾਉਂਸਲਿੰਗ ਸੈੱਲ ਦੇ ਕਨਵੀਨਰ ਡਾ. ਮੋਨਿਕਾ ਸੇਠੀ ਨੇ ਕਿਹਾ ਕਿ ਪਹਿਲਾਂ ਲੱਗ ਚੁੱਕੀਆਂ ਵਰਕਸ਼ਾਪਾਂ ਦੀ ਲਗਾਤਾਰਤਾ ਵਿੱਚ ਇਹ ਵਰਕਸ਼ਾਪ ਵੀ ਵਿਦਿਆਰਥੀਆਂ ਦੇ ਹੁਨਰ ਅਨੁਕੂਲਨ ਵਿੱਚ ਕਾਫੀ ਸਹਾਈ ਹੋਵੇਗੀ। ਮੈਡਮ ਨਿਰਮਲ ਨੇ ਦੱਸਿਆ ਕਿ ਵੱਖ-ਵੱਖ ਕਲਾਸਾਂ ਦੇ 100 ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਵਿੱਚ ਸ਼ਾਮਲ ਕੀਤਾ ਗਿਆ ਹੈ। ਪਹਿਲੇ ਦਿਨ ਮਿਸ ਇਨਾਇਤ ਨੇ ਵਿਦਿਆਰਥੀਆਂ ਨੂੰ ਟੁੱਟੀਆਂ-ਫੁੱਟੀਆਂ ਚੀਜਾਂ ਨੂੰ ਮੰਡਾਲਾ ਆਰਟ ਦੀ ਸਹਾਇਤਾ ਨਾਲ ਖੂਬਸੂਰਤ ਚੀਜਾਂ ਵਿੱਚ ਤਬਦੀਲ ਕਰਨਾ ਸਿਖਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਵਰਕਸ਼ਾਪ ਵਿੱਚ ਮੌਜੂਦ ਹਰ ਇੱਕ ਵਿਦਿਆਰਥੀ ਨੂੰ ਪ੍ਰੈਕਟੀਕਲ ਕਰਕੇ ਇਹ ਆਰਟ ਸਿਖਾਇਆ ਗਿਆ ਹੈ। ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਮੈਂਬਰਾਨ ਮੌਜੂਦ ਸਨ।