ਮਹਿਲ ਕਲਾਂ (ਡਾ. ਮਿੱਠੂ ਮੁਹੰਮਦ): ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ 295, ਦੇ ਸੂਬਾ ਮੀਡੀਆ ਇੰਚਾਰਜ ਪੰਜਾਬ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਪੱਖੋਵਾਲ ਦੇ ਮੈਡੀਕਲ ਜਗਤ ਦੇ ਬਲਾਕ ਪੱਖੋਵਾਲ ਦੇ ਮੌਜੂਦਾ ਪ੍ਰਧਾਨ ਡਾ. ਬਲਜੀਤ ਕੁਮਾਰ ਜੀ ਪਿਛਲੇ ਦਿਨੀਂ ਅਚਾਨਕ ਹਾਰਟ ਅਟੈਕ ਕਾਰਨ ਸਦਾ ਲਈ ਵਿਛੜ ਗਏ । ਉਹ ਮੈਡੀਕਲ ਪ੍ਰੈਕਟੀਸ਼ਨਰਜ਼ ਬਲਾਕ ਪੱਖੋਵਾਲ ਦੀ ਜਿੰਦ ਜਾਨ ਸਨ ਅਤੇ ਹਮੇਸ਼ਾ ਜਥੇਬੰਦੀ ਦੀ ਚੜਦੀ ਕਲਾ ਲਈ ਸਮਰਪਿਤ ਰਹਿੰਦੇ ਸਨ।
ਸਦਾ ਹੀ ਹਸਮੁੱਖ ਸੁਭਾਅ ਵਾਲੇ ਡਾ. ਬਲਜੀਤ ਕੁਮਾਰ ਜੀ ਹਰ ਇੱਕ ਨਾਲ ਦਿਲੋਂ ਪ੍ਰੇਮ ਰੱਖਦੇ ਸਨ। ਉਹ ਬਲਾਕ, ਜ਼ਿਲ੍ਹਾ ਅਤੇ ਪੰਜਾਬ ਪੱਧਰ ‘ਤੇ ਹੋਈਆਂ ਰੈਲੀਆਂ ਵਿੱਚ ਹਮੇਸ਼ਾ ਤਿੱਖੇ ਨਾਅਰੇ ਬੁਲੰਦ ਕਰਦੇ ਅਤੇ ਹਰ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕਰਦੇ ਸਨ। ਉਨ੍ਹਾਂ ਨੇ ਬਲਾਕ ਪੱਖੋਵਾਲ ਦੀ ਭਲਾਈ ਲਈ ਅਨੇਕ ਉਪਰਾਲੇ ਕੀਤੇ, ਪਰ ਕਿਸਮਤ ਅੱਗੇ ਕਿਸੇ ਦਾ ਜ਼ੋਰ ਨਹੀਂ।ਡਾ. ਬਲਜੀਤ ਕੁਮਾਰ ਜੀ ਦਾ ਜਨਮ 8 ਜੂਨ 1964 ਨੂੰ ਪਿਤਾ ਸਵਾ ਰਾਮ ਕ੍ਰਿਸ਼ਨ ਜੀ ਅਤੇ ਮਾਤਾ ਸ਼ਾਂਤੀ ਦੇਵੀ ਜੀ ਦੇ ਗ੍ਰਿਹ ਵਿੱਚ ਮੁੱਲਾਪੁਰ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਗਰੀਬੀ ਵਿੱਚ ਬੀਤਿਆ, ਪਰ ਮਾਤਾ-ਪਿਤਾ ਨੇ ਔਖੇ ਹਾਲਾਤਾਂ ਦੇ ਬਾਵਜੂਦ ਉਨ੍ਹਾਂ ਨੂੰ ਉੱਚੀ ਤਾਲੀਮ ਦਿਵਾਈ। ਪੜ੍ਹਾਈ ਪੂਰੀ ਕਰਕੇ ਉਹ ਤਜਰਬੇਕਾਰ ਦੰਦਾਂ ਦੇ ਡਾਕਟਰ ਬਣੇ। ਉਨ੍ਹਾਂ ਦਾ ਵਿਆਹ ਬੀਬੀ ਰੋਸ਼ਨੀ ਜੀ ਨਾਲ ਹੋਇਆ, ਜੋ ਕਿ ਸੁਭਾਅ ਪੱਖੋਂ ਬਹੁਤ ਹੀ ਸਮਝਦਾਰ ਅਤੇ ਪਰਿਵਾਰਕ ਜੀਵਨ ਵਿੱਚ ਸਰਗਰਮ ਹਨ। ਉਨ੍ਹਾਂ ਦੇ ਦੋ ਪੁੱਤਰ ਅਤੇ ਤਿੰਨ ਧੀਆਂ ਹਨ, ਜੋ ਕਿ ਉੱਚੀ ਵਿਦਿਆ ਪ੍ਰਾਪਤ ਕਰ ਰਹੇ ਹਨ।22 ਮਾਰਚ ਦਾ ਉਹ ਮਨਹੂਸ ਦਿਨ ਸੀ, ਜਦ ਉਹ ਅਚਾਨਕ ਹੀ ਹਾਰਟ ਅਟੈਕ ਨਾਲ ਸਦਾ ਲਈ ਵਿਛੜ ਗਏ। ਉਨ੍ਹਾਂ ਦੀ ਯਾਦ ਸਦਾ ਜੀਵੰਤ ਰਹੇਗੀ। ਡਾ. ਬਲਜੀਤ ਕੁਮਾਰ ਜੀ ਦੀ ਅੰਤਿਮ ਅਰਦਾਸ 3 ਅਪ੍ਰੈਲ, ਵੀਰਵਾਰ ਨੂੰ ਡਾ. ਅੰਬੇਦਕਰ ਭਵਨ, ਨੇੜੇ ਬੱਸ ਸਟੈਂਡ, ਮੁੱਲਾਪੁਰ ਵਿਖੇ 12 ਤੋਂ 1 ਵਜੇ ਤੱਕ ਕੀਤੀ ਜਾਵੇਗੀ।