ਸਕੂਲ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਇਆ ਜਾਵੇਗਾ :- ਕੁਲਵਿੰਦਰ ਕੌਰ
ਬਠਿੰਡਾ 23 ਫਰਵਰੀ (ਮੱਖਣ ਸਿੰਘ ਬੁੱਟਰ) : ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਜਿਉਂਦ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਰੋਹ ਵਿੱਚ ਸਬ ਡਿਵੀਜ਼ਨ ਫੂਲ ਦੇ ਨਾਇਬ ਤਹਿਸੀਲਦਾਰ ਬੀਰਬਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸਟੇਟ ਅਵਾਰਡੀ ਜਸਪਾਲ ਸਿੰਘ ਰੋਮਾਣਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗਹਿਰੀ ਬੁੱਟਰ, ਚਮਕੌਰ ਸਿੰਘ ਸਿੱਧ ਬੀ ਐਨ ਓ ਰਾਮਪੁਰਾ ਬਲਾਕ ਅਤੇ ਰਿਟਾਇਰਡ ਪ੍ਰਿੰਸੀਪਲ ਦੇਵਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਇੱਕ ਸ਼ਬਦ ਨਾਲ ਕੀਤੀ ਗਈ ਅਤੇ ਇਸ ਤੋਂ ਬਾਅਦ ਬੱਚਿਆਂ ਦੁਆਰਾ ਧਾਰਮਿਕ ਗੀਤ ਪੇਸ਼ ਕੀਤਾ ਗਿਆ। ਇਸ ਉਪਰੰਤ ਸੱਭਿਆਚਾਰਕ ਗਤੀਵਿਧੀਆਂ ਦੀ ਲੜੀ ਵਿੱਚ ਮੋਬਾਇਲ ਦੀ ਆਦਤ ਨੂੰ ਦਰਸਾਉਂਦਾ ਮਾਇਮ, ਸਰਕਾਰੀ ਮਿਡਲ ਸਕੂਲ ਬਦਿਆਲਾ ਦੀਆਂ ਬੱਚੀਆਂ ਦਾ ਪੰਜਾਬੀ ਨਾਚ, ਵੱਖ-ਵੱਖ ਰਾਜਾਂ ਦੇ ਨਾਚ ਜੋ ਅਨੇਕਤਾ ਵਿੱਚ ਏਕਤਾ ਨੂੰ ਦਰਸਾਇਆ, ਸਟੂਡੈਂਟ ਲਾਈਫ ਨੂੰ ਦਰਸਾਉਂਦੀ ਹੋਈ ਕੋਰੀਓਗ੍ਰਾਫੀ, ਸਕੂਲ ਦੀ ਵਿਦਿਆਰਥਣ ਤਰਨਵੀਰ ਕੌਰ ਦੁਆਰਾ ਲੋਕ ਗੀਤ, ਪੰਜਾਬੀ ਮਾਸਟਰ ਸਤਪਾਲ ਸਿੰਘ ਦੁਆਰਾ ਕਵਿਤਾ ਅਤੇ ਮੈਥ ਮਾਸਟਰ ਜਗਜੀਤ ਸਿੰਘ ਦੁਆਰਾ ਇੱਕ ਗਜ਼ਲ, ਵਿਦਿਆਰਥਣਾਂ ਦੁਆਰਾ ਲੋਕ ਨਾਚ ਭੰਗੜਾ, ਮੋਬਾਇਲ ਦੀ ਦੁਰਵਰਤੋਂ ਅਤੇ ਮਾੜੀ ਆਦਤ ਨੂੰ ਦਰਸਾਉਂਦਾ ਸਕਿੱਟ, ਭਾਰਤ ਅਤੇ ਪਾਕਿਸਤਾਨ ਦੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਗੀਤ ਗੁਆਂਢਣੇ ਗੁਆਂਢਣੇ , ਮੁੰਡਿਆਂ ਦੁਆਰਾ ਲੋਕ ਨਾਚ ਭੰਗੜਾ ਅਤੇ ਅੰਤ ਵਿੱਚ ਕੁੜੀਆਂ ਦੁਆਰਾ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਟੇਜ ਸਕੱਤਰ ਦੀ ਭੂਮਿਕਾ ਰੇਨੂ ਚਾਵਲਾ ਅਤੇ ਅਮਨਪ੍ਰੀਤ ਕੌਰ ਦੁਆਰਾ ਨਿਭਾਈ ਗਈ। ਸਮਾਗਮ ਵਿੱਚ ਨਾਇਬ ਤਹਿਸੀਲਦਾਰ ਬੀਰਬਲ ਸਿੰਘ ਨੇ ਵਿਦਿਆਰਥੀਆਂ ਦੇ ਜੀਵਨ ਵਿੱਚ ਮਿਹਨਤ ਦੇ ਮਹੱਤਵ ਬਾਰੇ ਜ਼ਿਕਰ ਕੀਤਾ। ਸਟੇਟ ਅਵਾਰਡੀ ਜਸਪਾਲ ਸਿੰਘ ਰੋਮਾਣਾ ਵੱਲੋਂ ਵਿਦਿਆਰਥੀਆਂ ਦੁਆਰਾ ਕੀਤੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਗਈ।ਬਲਾਕ ਨੋਡਲ ਅਫਸਰ ਚਮਕੌਰ ਸਿੰਘ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਕੇ ਬੁਲੰਦੀਆਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਅਤੇ ਹੋਰ ਪਤਵੰਤੇ ਸੱਜਣਾਂ ਦੁਆਰਾ ਦਾਖਲਾ ਮੁਹਿੰਮ ਦਾ ਇੱਕ ਫਲੈਕਸ ਰਾਹੀਂ ਆਗਾਜ਼ ਕੀਤਾ ਗਿਆ। ਵਿਦਿਅਕ ਖੇਡਾਂ, ਸਹਿ ਵਿਦਿਅਕ ਮੁਕਾਬਲੇ, ਮੈਰਿਟ ਪੁਜੀਸ਼ਨਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਕੂਲ ਦੇ ਕਾਰਜਕ੍ਰਮ ਵਿੱਚ ਦਾਨ ਰਾਹੀਂ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੈਥ ਮਿਸਟ੍ਰੈਸ ਅਮਨਦੀਪ ਕੌਰ ਨੇ ਸਕੂਲ ਦੀ ਸਲਾਨਾ ਪ੍ਰਗਤੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਸਕੂਲ ਦੇ ਬੱਚਿਆਂ ਨੇ ਸਕੂਲ ਨੂੰ ਨਾ ਸਿਰਫ ਅਕਾਦਮਿਕ ਖੇਤਰ ਵਿੱਚ ਅੱਗੇ ਲਿਆਂਦਾ ਹੈ ਸਗੋਂ ਖੇਡਾਂ ਵਿੱਚ ਵੀ ਬੱਚਿਆਂ ਨੇ ਸਟੇਟ ਪੱਧਰ ਤੱਕ ਮੱਲਾਂ ਮਾਰੀਆਂ ਹਨ। ਸਕੂਲ ਦੀ ਹੈਡਮਿਸਟ੍ਰੈਸ ਕੁਲਵਿੰਦਰ ਕੌਰ ਨੇ ਆਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਪਤਵੰਤੇ ਸੱਜਣਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਸਕੂਲ ਵਿੱਚ ਹੋ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨਾਂ ਨੇ ਸਕੂਲ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਬੁਲੰਦੀਆਂ ਤੇ ਲਿਜਾਣ ਦਾ ਵਾਅਦਾ ਵੀ ਕੀਤਾ ।