*ਨੰਨੀਆਂ ਮੁੰਨੀਆਂ ਬੱਚੀਆਂ ਨੇ ਜਸਦੀਪ ਸਿੰਘ ਜੱਸੀ ਤੇ ਸਾਥੀਆਂ ਨਾਲ ਆਪਣੇ ਸੁਪਨੇ ਕੀਤੇ ਸਾਂਝੇ
ਵਾਸ਼ਿੰਗਟਨ, 15 ਅਪ੍ਰੈਲ (ਰਾਜ ਗੋਗਨਾ)-ਧੂਰੀ ਦੇ ਨਜ਼ਦੀਕ ਪੈਂਦੇ ਪਿੰਡ ਬਮਾਲ ਵਿਚ ਉਸ ਵੇਲੇ ਖੁਸ਼ੀ ਦੀਆਂ ਫੁਹਾਰਾਂ ਫੁੱਟੀਆਂ ਜਦੋਂ ‘ਸਿੱਖਸ ਆਫ ਅਮੈਰਿਕਾ’ ਵਲੋਂ ਉਹਨਾਂ ਬੱਚੀਆਂ ਨੂੰ ਸਾਈਕਲ ਵੰਡੇ ਗਏ ਜੋ ਪੈਦਲ ਦੂਸਰੇ ਪਿੰਡ ਪੜਨ ਜਾਂਦੀਆਂ ਸਨ। ਸਾਈਕਲ ਪ੍ਰਾਪਤ ਕਰਨ ਵਾਲੀਆਂ ਬੱਚੀਆਂ ਦੇ ਚਿਹਰਿਆਂ ’ਤੇ ਖੁਸ਼ੀ ਵੇਖਣਯੋਗ ਸੀ। ਇਸ ਸਮਾਗਮ ਵਿਚ ਭਾਗ ਲੈਣ ਲਈ ‘ਸਿੱਖਸ ਆਫ਼ ਅਮੈਰੀਕਾ’ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਆਲ ਇੰਡੀਆ ਕੋਆਰਡੀਨੇਟਰ ਵਰਿੰਦਰ ਸਿੰਘ, ਕੰਵਲਜੀਤ ਸਿੰਘ ਸੋਨੀ ਸੰਸਥਾ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਤੋਂ ਇਲਾਵਾ ‘ਮੁਸਲਿਮ ਆਫ ਅਮੈਰਿਕਾ’ ਦੇ ਚੇਅਰਮੈਨ ਸਾਜਿਦ ਤਰਾਰ ਵਿਸੇਸ਼ ਤੌਰ ’ਤੇ ਪੁੱਜੇ। ਚੇਅਰਮੈਨ ਜਸਦੀਪ ਸਿੰਘ ਜੱਸੀ ਤੇ ਸਾਥੀਆਂ ਨੇ ਬੱਚੀਆਂ ਨਾਲ ਗੱਲਾਂਬਾਤਾਂ ਕਰਦਿਆਂ ਉਹਨਾਂ ਦੇ ਭਵਿੱਖ ਬਾਰੇ ਜਾਣਿਆ। ਉਹਨਾਂ ਨੂੰ ਉਦੋਂ ਬਹੁਤ ਖੁਸ਼ੀ ਹੋਈ ਜਦੋਂ ਕਿਸੇ ਬੱਚੀ ਨੇ ਪਾਇਲਟ ਬਣਨ ਤੇ ਕਿਸੇ ਡਾਕਟਰ ਵਰਗੀਆਂ ਉੱਚੀਆਂ ਪਦਵੀਆਂ ’ਤੇ ਪਹੁੰਚਣ ਬਾਰੇ ਆਪਣੇ ਸੁਪਨੇ ਸਾਂਝੇ ਕੀਤੇ। ਇਸ ਮੌਕੇ ਸ੍ਰ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਉਹ ਇਹੋ ਜਿਹੀ ਵੱਡੀ ਸੋਚ ਰੱਖਣ ਵਾਲੇ ਬੱਚਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਗੇ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਏਨੀ ਛੋਟੀ ਉਮਰ ਵਿਚ ਇਹਨਾਂ ਬੱਚੀਆਂ ਨੇ ਏਨੇ ਵੱਡੇ ਸੁਪਨੇ ਸਿਰਜੇ ਹੋਏ ਹਨ ਅਤੇ ਉਹ ਅਰਦਾਸ ਕਰਦੇ ਹਨ ਕਿ ਇਹਨਾਂ ਬੱਚੀਆਂ ਦੇ ਸੁਪਨੇ ਜ਼ਰੂਰ ਪੂਰੇ ਹੋਣ।