ਸਦੀਆਂ ਤੋਂ ਪੀਰ ਪੈਗੰਬਰ ਅਤੇ ਸਮਾਜਿਕ ਕਾਰਕੁੰਨਾਂ ਨੇ ਔਰਤ ਨੂੰ ਜੱਗ ਜਣਨੀ ਅਤੇ ਦੇਵੀ ਦਾ ਨਾਂ ਦੇ ਕੇ ਵਡਿਆਇਆ ਅਤੇ ਉਸਦੀ ਪੂਜਾ ਕੀਤੀ ਹੈ ਪ੍ਰੰਤੂ ਉਸੇ ਸਮਾਜ਼ ਵਿੱਚ ਉਪਜੀ ਮਰਦ ਪ੍ਰਧਾਨ ਸੋਚ ਨੇ ਔਰਤ ਨੂੰ ਸਿਰਫ਼ ਚੁੱਲ੍ਹੇ ਚੌਂਕੇ ਤੱਕ ਸੀਮਿਤ ਕਰਕੇ ਮਰਦ ਦੇ ਪੈਰ ਦੀ ਜੁੱਤੀ ਬਣਾ ਕੇ ਰੱਖ ਦਿੱਤਾ।ਔਰਤ ਨੇ ਸਦੀਆਂ ਤੋਂ ਮਰਦ ਪ੍ਰਧਾਨ ਸਮਾਜ ਦੇ ਦਿੱਤੇ ਤਸੀਹੇ ਝੱਲੇ ਪ੍ਰੰਤੂ ਸਮੇਂ ਦੀ ਕਰਵਟ ਨਾਲ ਬਦਲਾਅ ਦੀ ਲਹਿਰ ਚੱਲੀ ਹੈ,ਹੁਣ ਜ਼ੇਕਰ ਔਰਤ ਦੁਰਗਾ ਹੈ ਤਾਂ ਕਾਲਕਾ ਵੀ ਉਸੇ ਦਾ ਕ੍ਰੋਧ ਰੂਪ ਹੈ ਜੋ ਮਰਦਾਂ ਦੀ ਔਰਤ ਪ੍ਰਤੀ ਉਪਜੀ ਸੌੜੀ ਸੋਚ ਨੂੰ ਰਾਖ ਕਰਨ ਦਾ ਜਜ਼ਬਾ ਰੱਖਦੀ ਹੈ।ਔਰਤ ਦੇ ਇਸੇ ਹੀ ਬੁਲੰਦ ਹੌਸਲਿਆਂ, ਅਜ਼ਾਦੀ ਅਤੇ ਦੱਬੇ ਕੁਚਲੇ ਲੋਕਾਂ ਦੀ ਹੀ ਗੱਲ ਕਰਦੀ ਹੈ 13 ਅਕਤੂਬਰ 2023 ਨੂੰ ਸਿਨੇਮਾ ਅਤੇ ਬੀਤੀ 12 ਦਸੰਬਰ ਨੂੰ ਓ ਟੀ ਟੀ ਦੇ ਚੌਪਾਲ ਪਲੇਟਫਾਰਮ ਤੇ ਰਿਲੀਜ਼ ਹੋਈ ਫ਼ਿਲਮ ਚਿੜੀਆਂ ਦਾ ਚੰਬਾ।
ਖਰੌੜ ਫ਼ਿਲਮਜ਼ ਅਤੇ ਫਰੂਟਚਾਟ ਇੰਟਰਟੇਨਮੈਂਟ ਦੁਆਰਾ ਪੇਸ਼ ਕੀਤੀ ਇਸ ਫ਼ਿਲਮ ਨੂੰ ਲਿਖਿਆ ਅਤੇ ਡਾਇਰੈਕਟ ਪ੍ਰੇਮ ਸਿੰਘ ਸਿੱਧੂ ਕੀਤਾ ਹੈ। ਫ਼ਿਲਮ ਦੀ ਕਹਾਣੀ ਚਾਰ ਕੁੜੀਆਂ ਦੀ ਕਹਾਣੀ ਹੈ ਜ਼ੋ ਮਰਦ ਪ੍ਰਧਾਨ ਸਮਾਜ ਦੀ ਸੋਚ ਦੀ ਸ਼ਿਕਾਰ ਹੋ ਚੁੱਕੀਆਂ ਹੁੰਦੀਆਂ ਹਨ ਅਤੇ ਜਿਹਨਾਂ ਨੂੰ ਕਿਤੇ ਵੀ ਇਨਸਾਫ਼ ਨਹੀਂ ਮਿਲਦਾ।ਪੁਲਿਸ ਥਾਣੇ ਵੱਢੀਖੋਰੀ ਅਤੇ ਨਿਆਂਪਾਲਿਕਾ ਸਬੂਤਾਂ ਅਤੇ ਤਰੀਕਾਂ ਦੇ ਜਾਲ਼ ਵਿੱਚ ਫ਼ਸ ਕੇ ਰਹਿ ਜਾਂਦੀਆਂ ਹਨ।ਇਹਨਾਂ ਚਾਰ ਕੁੜੀਆਂ ਦਾ ਕਿਰਦਾਰ ਸ਼ਰਨ ਕੌਰ,ਅਮਾਇਰਾ ਦਸਤੂਰ,ਪ੍ਰਭ ਗਰੇਵਾਲ ਅਤੇ ਨੇਹਾ ਪਵਾਰ ਨੇ ਨਿਭਾਇਆ ਹੈ।ਇਸ ਤੋਂ ਇਲਾਵਾ ਯੋਗਰਾਜ ਸਿੰਘ, ਅਸ਼ੀਸ਼ ਦੁੱਗਲ, ਬਲਵਿੰਦਰ ਬੁਲਟ,ਸੰਜੂ ਸੋਲੰਕੀ ਅਤੇ ਸ਼ਿਵਜੋਤ ਦੀ ਅਦਾਕਾਰੀ ਫ਼ਿਲਮ ਨੂੰ ਹੋਰ ਵੀ ਦਿਲਚਸਪ ਬਣਾ ਦਿੰਦੀ ਹੈ। ਸ਼ਿਵਜੋਤ ਗਾਇਕੀ ਵਿੱਚ ਵਧੀਆ ਹੈ ਅਤੇ ਹੁਣ ਇਸ ਫ਼ਿਲਮ ਰਾਹੀਂ ਬਿਹਤਰੀਨ ਅਦਾਕਾਰੀ ਕਰਕੇ ਉਸਨੇ ਫ਼ਿਲਮੀ ਦੁਨੀਆ ਵਿੱਚ ਵੀ ਦਸਤਕ ਦੇ ਦਿੱਤੀ ਹੈ।ਇਹ ਫ਼ਿਲਮ ਜਿਥੇ ਦੇਸ਼ ਦੇ ਭ੍ਰਿਸ਼ਟ ਸਿਸਟਮ ਤੇ ਚੋਟ ਕਰਦੀ ਹੈ ਉਥੇ ਔਰਤ ਨੂੰ ਦਲੇਰ ਅਤੇ ਹਿੰਮਤ ਪ੍ਰਦਾਨ ਕਰਦੀ ਹੈ। ਬਦਲਾਅ ਅਤੇ ਕ੍ਰਾਂਤੀ ਜ਼ਰੂਰੀ ਨਹੀਂ ਮਰਦ ਸੋਚ ਹੀ ਲਿਆਵੇ, ਇਤਿਹਾਸ ਗਵਾ ਹੈ ਕਿ ਔਰਤ ਨੇ ਹਰ ਇੱਕ ਖ਼ੇਤਰ ਵਿੱਚ ਮਰਦ ਦੇ ਮੋਢੇ ਨਾਲ ਮੋਢਾ ਲਾ ਕੇ ਕਦਮ ਅੱਗੇ ਵਧਾਇਆ ਹੈ।ਕੁੜੀਆਂ ਨੂੰ ਹਮੇਸ਼ਾ ਹੀ ਚਿੜੀਆਂ ਦੇ ਚੰਬੇ ਨਾਲ ਤੁਲਨਾ ਕਰਨਾ ਸਹੀ ਨਹੀਂ ਲੋੜ ਪੈਣ ਤੇ ਇਹੀ ਚਿੜੀਆਂ ਦਾ ਚੰਬਾ ਬਾਜ ਰੂਪੀ ਮਰਦ ਪ੍ਰਧਾਨ ਸਮਾਜ ਦੀ ਹਕੂਮਤ ਦੀਆਂ ਚੂਲਾਂ ਹਲਾ ਕੇ ਤਖ਼ਤ ਡੇਗਣ ਦੀ ਹਿੰਮਤ ਰੱਖਦੀਆਂ ਹਨ। ਔਰਤਾਂ ਦੀ ਅਜ਼ਾਦੀ ਅਤੇ ਉਹਨਾਂ ਨੂੰ ਜੀਵਨ ਦੇ ਸੰਘਰਸ ਵਿੱਚ ਹੌਂਸਲੇ ਅਤੇ ਹਿੰਮਤ ਨਾਲ ਜਿੱਤਣ ਦਾ ਸੰਦੇਸ਼ ਦੇਣ ਵਾਲੀਆਂ ਅਜਿਹੀਆਂ ਹੋਰ ਫ਼ਿਲਮਾਂ ਦਾ ਭਵਿੱਖ ਵਿੱਚ ਵੀ ਇੰਤਜ਼ਾਰ ਰਹੇਗਾ।
ਰਜਵਿੰਦਰ ਪਾਲ ਸ਼ਰਮਾ
7087367969