ਕਰੋਨਾ ਵਾਇਰਸ ਤੋਂ ਬਚਾਅ ਲਈ ਘਰਾਂ ’ਚ ਹੀ ਰਹਿਣ ਲੋਕ: ਡਿਪਟੀ ਕਮਿਸ਼ਨਰ

*ਜ਼ਿਲਾ ਪ੍ਸ਼ਾਸਨ ਵੱਲੋਂ ਚੁੱਕੇ ਜਾ ਰਹੇ ਹਨ ਸਾਰੇ ਲੋੜੀਂਦੇ ਕਦਮ
*ਕੰਟਰੋਲ ਰੂਮ ਦੇ ਨੰਬਰ 01679-230032 ਜਾਂ 99152-74032 
ਬਰਨਾਲਾ, 6 ਅਪਰੈਲ,(ਲਿਆਕਤ ਅਲੀ/ਕਰਨ ਬਾਵਾ) ਬਰਨਾਲਾ ਵਿਚ ਸੇਖਾ ਰੋਡ ਸਥਿਤ ਇਕ ਮਹਿਲਾ ਦਾ ਕਰੋਨਾ ਵਾਇਰਸ ਪਾਜ਼ੇਟਿਵ ਆਉਣ ਦੇ ਮਾਮਲੇ ’ਚ ਬਚਾਅ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਇਸ ਲਈ ਘਬਰਾਇਆ ਨਾ ਜਾਵੇ, ਬਲਕਿ ਲੋਕ ਘਰਾਂ ਵਿਚ ਹੀ ਰਹਿਣ ਤੇ ਲੋੜੀਂਦੇ ਇਹਤਿਆਤ ਵਰਤਣ।
ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸੇਖਾ ਰੋਡ ਨਾਲ ਸਬੰਧਤ ਇਲਾਕੇ ਦੇ ਵਾਰਡ ਨੰਬਰ 12, 13, 14, 16 , 17, 18, 19 ਸੀਲ ਕੀਤੇ ਗਏ ਹਨ ਤੇ ਇਨਾਂ ਇਲਾਕਾ ਵਾਸੀਆਂ ਨੂੰ ਇਕਾਂਤਵਾਸ ਰੱਖਿਆ ਜਾ ਰਿਹਾ ਹੈ। ਉੁਨਾਂ ਆਖਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਬੰਧਤ ਵਾਰਡਾਂ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਮੈਡੀਕਲ ਸੇਵਾਵਾਂ ਦੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ। ਪੂਰੇ ਇਲਾਕੇ ਨੂੰ ਸੈਨੇਟਾਈਜ਼ ਕਰਵਾਇਆ ਜਾਵੇਗਾ। ਇਸ ਲਈ ਲੋਕ ਘਰਾਂ ਵਿਚ ਹੀ ਰਹਿਣ ਤੇ ਕਿਸੇ ਵੀ ਤਰਾਂ ਦੀ ਲੋੜ ਪੈਣ ’ਤੇ ਕੰਟਰੋਲ ਰੂਮ ਨਾਲ ਰਾਬਤਾ ਬਣਾਉਣ। ਉਨਾਂ ਆਖਿਆ ਕਿ ਜ਼ਿਲਾ ਪੱਧਰੀ ਕੰਟਰੋਲ ਰੂਮ ਦਾ ਨੰਬਰ  01679-230032 ਅਤੇ 99152-74032 ਹੈ। ਇਸ ਤੋਂ ਇਲਾਵਾ  ਦਫਤਰ ਸਿਵਲ ਸਰਜਨ ਵਿਖੇ ਸਥਾਪਿਤ ਕੰਟਰੋਲ ਰੂਮ ਦੇ ਨੰਬਰ 01679-234777, 98721-95649, 76528-95649, 99153-05649 ’ਤੇ ਸੰਪਰਕ ਕੀਤਾ ਜਾਵੇ।
ਇਸ ਦੇ ਨਾਲ ਹੀ ਉਨਾਂ ਦੱਸਿਆ ਕਿ ਸੇਖਾ ਰੋਡ ਵਾਸੀ ਸਬੰਧਤ ਮਹਿਲਾ, ਜਿਸ ਦਾ ਕਰੋਨਾ ਵਾਇਰਸ ਪਾਜ਼ੇਟਿਵ ਆਇਆ ਹੈ, ਉਸ ਨੂੰ ਸ਼ੂਗਰ ਦੀ ਸਮੱਸਿਆ ਵੀ ਹੈ ਤੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਰੱੱਖਿਆ ਗਿਆ ਹੈ ਤੇ ਉਸ ਨਾਲ ਸਬੰਧਤ ਵਿਅਕਤੀਆਂ ਨੂੰ ਵੀ ਇਕਾਂਤਵਾਸ ਕੀਤਾ ਗਿਆ ਹੈ ਤੇ ਸਾਰੇ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।

Leave a Reply

Your email address will not be published. Required fields are marked *