ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਨੂੰ 10 ਅਕਤੂਬਰ ਨੂੰ ਐਸ ਵਾਈ ਐਲ ’ਤੇ ਬਹਿਸ ਲਈ ਚੁਣੌਤੀ

ਕਿਹਾ ਕਿ ਮੁੱਖ ਮੰਤਰੀ ਦਲੇਰੀ ਵਿਖਾਉਣ ਤੇ 10 ਅਕਤੂਬਰ ਨੂੰ ਬਹਿਸ ਕਰਨ ਅਤੇ ਆਪਣੇ ਰੁਝੇਵਿਆਂ ਦਾ ਬਹਾਨਾ ਬਣਾ ਕੇ ਨਾ ਭੱਜਣ
ਭਗਵੰਤ ਮਾਨ ਨੂੰ ਇਹ ਵੀ ਕਿਹਾ ਕਿ ਉਹ ਬਹਿਸ ਵਾਸਤੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਵੀ ਸੱਦ ਲੈਣ ਕਿਉਂਕਿ ਉਹ ਹੀ ਐਸ ਵਾਈ ਐਲ ਸਮੇਤ ਸਾਰੇ ਫੈਸਲੇ ਲੈ ਰਹੇ ਹਨ

ਬਰਨਾਲਾ, 8 ਅਕਤੂਬਰ: (ਲਿਆਕਤ ਅਲੀ ,ਪਰਮਜੀਤ ਕੈਰੇ )
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਚੁਣੌਤੀ ਦਿੰਤੀ ਕਿ ਉਹ ਸਤਲੁਜ ਯਮੁਨਾ ਲਿੰਕ ਨਹਿਰ (ਐਸ ਵਾਈ ਐਲ) ਦੀ ਸੁਪਰੀਮ ਕੋਰਟ ਵਿਚ ਸੁਣਵਾਈ ’ਤੇ ਕੀਤੇ ਧੋਖੇ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਹੱਕ ਹਰਿਆਣਾ ਨੂੰ ਦੇਣ ਦੇ ਮਾਮਲੇ ’ਤੇ 10 ਅਕਤੂਬਰ ਨੂੰ ਬਹਿਸ ਕਰ ਕੇ ਵਿਖਾਉਣ। ਇਥੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਵੱਲੋਂ ਆਯੋਜਿਤ ਯੂਥ ਮਿਲਣੀ ਪ੍ਰੋਗਰਾਮ ਵਿਚ ਭਾਰੀ ਭੀੜ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ 10 ਅਕਤੂਬਰ ਨੂੰ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕਰੇਗੀ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇਸ ਮੌਕੇ ’ਤੇ ਐਸ ਵਾਈ ਐਲ ਨਹਿਰ ਦੇ ਮਾਮਲੇ ’ਤੇ ਸਰਕਾਰ ਦੀ ਧੋਖਾਦੇਹੀ ਦੇ ਮਾਮਲੇ ’ਤੇ ਬਹਿਸ ਕਰਨ। ਉਹਨਾਂ ਕਿਹਾ ਕਿ ਪੰਜਾਬੀ ਇਸ ਗੱਲੋਂ ਹੈਰਾਨ ਹਨ ਕਿ ਭਗਵੰਤ ਮਾਨ ਨੇ ਕਿਵੇਂ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਦਬਾਅ ਹੇਠ ਆ ਕੇ ਐਸ ਵਾਈ ਐਲ ਦੇ ਮਾਮਲੇ ’ਤੇ ਪੰਜਾਬ ਦੇ ਹਿੱਤ ਹਰਿਆਣਾ ਅੱਗੇ ਸਰੰਡਰ ਕੀਤੇ। ਉਹਨਾਂ ਕਿਹਾ ਕਿ ਪੰਜਾਬੀ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਇਸ ਮਾਮਲੇ ’ਤੇ ਸ੍ਰੀ ਮਾਨ ਨੇ ਕੀ ਕਹਿਣਾ ਹੈ ਤੇ ਕਿਉਂਕਿ ਉਹਨਾਂ ਨੇ 1 ਨਵੰਬਰ ਨੂੰ ਬਹਿਸ ਦਾ ਸੱਦਾ ਦਿੱਤਾ ਹੈ ਤਾਂ ਉਹਨਾਂ ਨੂੰ 10 ਅਕਤੂਬਰ ਨੂੰ ਹੀ ਬਹਿਸ ਤੋਂ ਭੱਜਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਬਹਾਨੇ ਬਣਾ ਕੇ ਬਹਿਸ ਤੋਂ ਨਹੀਂ ਭੱਜਣਾ ਚਾਹੀਦਾ ਬਲਕਿ ਦਲੇਰੀ ਵਿਖਾ ਕੇ ਆਪਣੀ ਰਿਹਾਇਸ਼ ਦੇ ਬਾਹਰ ਆ ਕੇ ਉਹਨਾਂ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਐਸ ਵਾਈ ਐਲ ਨਹਿਰ ਸਮੇਤ ਸੂਬੇ ਨੂੰ ਦਰਪੇਸ਼ ਸਾਰੇ ਅਹਿਮ ਮਸਲਿਆਂ ’ਤੇ ਉਹਨਾਂ ਨਾਲ ਬਹਿਸ ਵਾਸਤੇ ਤਿਆਰ ਹਨ। ਉਹਨਾਂ ਕਿਹਾ ਕਿ ਬਹਿਸ ਲਈ ਮੀਡੀਆ ਨੂੰ ਵੀ ਸੱਦਾ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਆਪ ਦੋਵੇਂ ਬੁਲਾਰਿਆਂ ਦੇ ਵਿਚਾਰ ਸੁਣ ਕੇ ਆਪਣਾ ਮਨ ਬਣਾ ਸਕਣ।

ਸਰਦਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦਾ ’ਅਸਲ’ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੈ ਉਸਨੂੰ ਵੀ ਬਹਿਸ ਵਿਚ ਸੱਦ ਲੈਣਾ ਚਾਹੀਦਾ ਹੈ ਕਿਉਂਕਿ ਉਹੀ ਸੂਬੇ ਨਾਲ ਸਬੰਧਤ ਸਾਰੇ ਫੈਸਲੇ ਲੈ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬੀ ਇਹ ਜਾਨਣਾ ਚਾਹੁੰਦੇ ਹਨ ਕਿ ਕੇਜਰੀਵਾਲ ਨੇ ਪੰਜਾਬ ਵਿਰੋਧੀ ਸਟੈਂਡ ਕਿਉਂ ਲਿਆ ਜਦੋਂ ਕਿ ਉਹ ਜਾਣਦੇ ਹਨ ਕਿ ਸੂਬੇ ਵਿਚ ਉਹਨਾਂ ਦੀ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਸੂਬੇ ਵਿਚ ਕੋਈ ਵਿਕਾਸ ਕਿਉਂ ਨਹੀਂ ਹੋ ਰਿਹਾ ਜਦੋਂ ਕਿ ਸੈਂਕੜੇ ਕਰੋੜਾਂ ਰੁਪਏ ਆਪ ਲਈ ਇਸ਼ਤਿਹਾਰਬਾਜ਼ੀ ਅਤੇ ਕੇਜਰੀਵਾਲ ਵੱਲੋਂ ਹੋਰਨਾਂ ਰਾਜਾਂ ਦੇ ਦੌਰਿਆਂ ਵਾਸਤੇ ਪੰਜਾਬ ਦੇ ਖਰਚੇ ’ਤੇ ਹਵਾਈ ਜੈਟ ’ਤੇ ਬਰਬਾਦ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸੂਬੇ ਦੀ ਵਾਗਡੋਰ ਸੰਭਾਲਣ ਤੋਂ ਬਾਅਦ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਪਰ ਉਸਨੇ ਕਿਸੇ ਵੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਨੂੰ ਨਹੀਂ ਲਿਆਂਦਾ। ਉਹਨਾਂ ਕਿਹਾ ਕਿ ਕੈਗ ਰਿਪੋਰਟ ਮੁਤਾਬਕ ਪਿਛਲੇ ਪੰਜ ਮਹੀਨਿਆਂ ਵਿਚ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ’ਤੇ 1200 ਕਰੋੜ ਰੁਪਏ ਖਰਚ ਕੀਤੇ ਗਏ। ਇਸ ਤੋਂ ਪਤਾ ਚਲਦਾ ਹੈ ਕਿ ਵਿਕਾਸ ਕਾਰਜਾਂ ਲਈ ਆਇਆ ਪੈਸਾ ਆਪ ਦੇ ਦੇਸ਼ ਭਰ ਵਿਚ ਪਸਾਰ ਵਾਸਤੇ ਖਰਚ ਕੀਤੇ ਜਾ ਰਹੇ ਹਨ।

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਇਹ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਸਰਕਾਰੀ ਭਰਤੀ ਵਿਚ ਹਰਿਆਣਾ ਤੇ ਰਾਜਸਥਾਨ ਦੇ ਨੌਜਵਾਨਾਂ ਨੂੰ ਪਹਿਲ ਦੇ ਕੇ ਨੌਜਵਾਨਾਂ ਨਾਲ ਧੋਖਾ ਕੀਤਾ। ਉਹਨਾਂ ਕਿਹਾ ਕਿ ਜਿਹਨਾਂ ਦਾ ਸਰਕਾਰੀ ਨੌਕਰੀਆਂ ’ਤੇ ਵਾਜਬ ਦਾਅਵਾ ਬਣਦਾ ਹੈ ਉਹਨਾਂ ’ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਹ ਟੈਂਕੀਆਂ ਤੇ ਬਿਜਲੀ ਟਾਵਰਾਂ ’ਤੇ ਚੜ੍ਹਨ ਵਾਸਤੇ ਮਜਬੂਰ ਹਨ। ਉਹਨਾਂ ਕਿਹਾ ਕਿ ਭਰੋਸਾ ਦੇਣ ਦੇ ਬਾਵਜੂਦ ਠੇਕੇ ’ਤੇ ਕੰਮ ਕਰਦੇ ਮੁਲਾਜ਼ਮ ਰੈਗੂਲਰ ਨਹੀਂ ਕੀਤੇ ਜਾ ਰਹੇ। ਉਹਨਾਂ ਕਿਹਾ ਕਿ ਸਮਾਜ ਦਾ ਹਰ ਵਰਗ ਆਪ ਸਰਕਾਰ ਤੋਂ ਠੱਗਿਆ ਮਹਿਸੂਸ ਕਰ ਰਿਹਾ ਹੈ। ਅਕਾਲੀ ਦਲ ਦੇ ਬਰਨਾਲਾ ਹਲਕੇ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਵੀ ਇਸ ਮੌਕੇ ਸੰਬੋਧਨ ਕੀਤਾ।