ਅਕਾਲ ਯੂਨੀਵਰਸਿਟੀ ਵਿਚ ‘ਹਰਿਤ ਰਸਾਇਣ ਅਤੇ ਨਿਰੰਤਰ ਵਿਕਾਸ’ ਵਿਸ਼ੇ ਉੱਤੇ ਜਾਰੀ ਅੰਤਰ-ਰਾਸ਼ਟਰੀ ਕਾਨਫਰੰਸ ਦਾ ਸਫਲਤਾ ਨਾਲ ਸਮਾਪਨ

ਤਲਵੰਡੀ ਸਾਬੋ 10 ਸਤੰਬਰ (ਰੇਸ਼ਮ ਸਿੰਘ ਦਾਦੂ) ਅਕਾਲ ਯੂਨੀਵਰਸਿਟੀ ਵਿਚ ‘ਹਰਿਤ ਰਸਾਇਣ ਅਤੇ ਨਿਰੰਤਰ ਵਿਕਾਸ’ ਵਿਸ਼ੇ ਉੱਤੇ 6 ਤੋਂ 8 ਸਤੰਬਰ, 2023 ਤੱਕ ਚਲੀ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੰਸ ਦਾ ਸਫਲਤਾ ਨਾਲ ਸਮਾਪਨ ਹੋਇਆ। ਤੀਜੇ ਦਿਨ ਦੀ ਗਤੀਵਿਧੀਆਂ ਬੜੇ ਉਤਸ਼ਾਹ ਤੇ ਸਫਲਤਾ ਨਾਲ ਮੁਕੰਮਲ ਹੋਈਆਂ। ਹਾਜ਼ਰੀਨ ਨੇ ਭਾਰੀ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ। ਇਸ ਅੰਤਿਮ ਦਿਨ ਦੀਆਂ ਗਤੀਵਿਧੀਆਂ ਦੀ ਵੰਡ ਚਾਰ ਸੈਸ਼ਨਾਂ ਵਿਚ ਕੀਤੀ ਗਈ, ਜਿਸ ਵਿਚ ਵੱਖ ਵੱਖ ਵਿਸ਼ੇ ਦੇ 13 ਮਾਹਿਰ ਵਿਦਵਾਨਾਂ ਨੇ ਮੰਚ ਤੋਂ ਆਪਣੇ ਵਿਚਾਰ ਪੇਸ਼ ਕੀਤੇ। ਸ਼ੁਰੂ ਵਿਚ ਕਨਵੀਨਰ ਡਾ. ਬੂਬਨ ਬੈਨਰਜੀ ਨੇ ਸਭ ਦੇ ਸਵਾਗਤ ਦੀ ਰਸਮ ਅਦਾ ਕੀਤੀ ਅਤੇ ਸਾਰੇ ਦਿਨ ਦੌਰਾਨ ਹੋਣ ਵਾਲੇ 4 ਸੈਸ਼ਨਾਂ ਦੀ ਰੂਪਰੇਖਾ ਸਾਂਝੀ ਕੀਤੀ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਜਾਮੀਆ ਹਮਦਰਦ ਯੂਨੀਵਰਸਿਟੀ ਦਿੱਲੀ ਤੋਂ ਪ੍ਰੋ. ਜੀ. ਐੱਸ. ਕਪੂਰ ਅਤੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਸਾਊਦੀ ਅਰਬ ਤੋਂ ਪ੍ਰੋ. ਬਿਮਲ ਕ੍ਰਿਸ਼ਨ ਬਾਣਿਕ ਨੇ ਕੀਤੀ। ਇਸੇ ਤਰ੍ਹਾਂ ਤੀਜੇ ਸੈਸ਼ਨ ਦੀ ਪ੍ਰਧਾਨਗੀ ਕੋਲਕਾਤਾ ਤੋਂ ਪ੍ਰੋ. ਸੁਦੀਪ ਕੇ. ਦਾਸ ਅਤੇ ਅੰਤਿਮ ਸੈਸ਼ਨ ਦੀ ਪ੍ਰਧਾਨਗੀ ਸਰਦਾਰ ਪਟੇਲ ਯੂਨੀਵਰਸਿਟੀ ਗੁਜਰਾਤ ਤੋਂ ਪ੍ਰੋ. ਹਿਤੇਂਦਰ ਐਸ. ਪਟੇਲ ਨੇ ਕੀਤੀ।

ਇਸ ਅੰਤਿਮ ਦਿਨ ਦੇ ਸੈਸ਼ਨਾਂ ਵਿਚ ਹਰਿਤ ਰਸਾਇਣ ਦੇ ਪ੍ਰਸੰਗ ਵਿਚ ਪ੍ਰੋ. ਅਨਿਲ ਕੇ. ਸਿੰਘ ਨੇ ਕੈਮਿਕਲ ਦੇ ਸੰਬੰਧ ਵਿਚ ਭਵਿੱਖਮੁਖੀ ਸੰਭਾਵਨਾਵਾਂ ਉਜਾਗਰ ਕੀਤੀਆਂ। ਪੱਛਮੀ ਬੰਗਾਲ ਤੋਂ ਪ੍ਰੋ. ਅਮਿਤ ਚੱਕਰਵਰਤੀ ਨੇ ਮੈਡੀਕਲ ਖੇਤਰ ਰੇ ਪ੍ਰਸੰਗ ਵਿਚ ਪਾਣੀ ਨਾਲ ਕੀਤੇ ਜਾ ਸਕਣ ਵਾਲੇ ਰਸਾਇਣਕ ਪ੍ਰਯੋਗਾਂ ਬਾਰੇ ਜਾਣਕਾਰੀ ਦਿੱਤੀ। ਸਾਊਥ ਅਫਰੀਕਾ ਤੋਂ ਪ੍ਰੋ. ਸ੍ਰੀਕਾਂਤਾ ਬੀ. ਜੋਨਾਲਾਗਾੜਾ ਨੇ ਹਰਿਤ ਰਸਾਇਣ ਦੇ ਖੇਤਰ ਵਿਚ ਉਤਪ੍ਰੇਰਕ ਦੇ ਪ੍ਰਯੋਗਾਂ ਬਾਰੇ ਦੱਸਿਆ। ਗੋਹਾਟੀ ਤੋਂ ਪ੍ਰੋ. ਬਾਸੂਦੇਬ ਬਾਸੂ ਨੇ ਗ੍ਰੈਫਿੰਗ ਆਧਾਰਿਤ ਉਤਪ੍ਰੇਰਕਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ। ਸਨਫਾਰਮਾਸੁਟੀਕਲ ਲਿਮੀਟਡ, ਗੁੜਗਾਓ ਦੇ ਸੀਨੀਅਰ ਸਭਾਪਤੀ ਡਾ. ਮੋਹਨ ਪ੍ਰਸਾਦ ਨੇ ਹਰਿਤ ਰਸਾਇਣ ਨੂੰ ਉਦਯੋਗਿਕ ਖੇਤਰ, ਵਿਸ਼ੇਸ਼ ਤੌਰ ਉੱਤੇ ਔਸ਼ਧੀ ਨਿਰਮਾਣ ਦੇ ਨਾਲ ਜੋੜਕੇ ਗੱਲਾਂ ਕੀਤੀਆਂ। ਸੈਂਟਰਲ ਯੂਨੀਵਰਸਿਟੀ ਪੱਛਮੀ ਬੰਗਾਲ ਤੋਂ ਪ੍ਰੋ. ਗੌਤਮ ਬ੍ਰਹਮਚਾਰੀ ਨੇ ਹਰਿਤ ਰਸਾਇਣ ਦੇ ਪ੍ਰਸੰਗ ਵਿਚ ਕੁਮਾਰੀਨ ਆਧਾਰਿਤ ਤੱਤਾਂ ਦੀ ਵਿਸ਼ੇਸ਼ਤਾਵਾਂ ਤੇ ਪ੍ਰਯੋਗ ਕਰਨ ਦੇ ਢੰਗਾਂ-ਤਰੀਕਿਆਂ ਬਾਰੇ ਦੱਸਿਆ। ਸੈਂਟਰਲ ਯੂਨੀਵਰਸਿਟੀ ਪੰਜਾਬ ਤੋਂ ਡਾ. ਜੇ. ਨਗੇਂਦਰ ਬਾਬੂ ਨੇ ਖਾਦ ਪਦਾਰਥ ਦੀ ਗ੍ਰਹਿਣ ਸ਼ਕਤੀ ਅਤੇ ਉਸਦਾ ਪ੍ਰਯੋਗ ਉਤਪ੍ਰੇਰਕਾਂ ਦੀ ਤਰ੍ਹਾਂ ਕਰਨ ਦੀਆਂ ਵਿਧੀਆਂ ਦੇ ਸੰਬੰਧ ਵਿਚ ਚਰਚਾ ਕੀਤੀ। ਜੰਮੂ ਯੂਨੀਵਰਸਿਟੀ ਤੋਂ ਪ੍ਰੋ. ਕਮਲ ਕੇ. ਕਪੂਰ ਨੇ ਹਰਿਤ ਰਸਾਇਣ ਤੇ ਮੈਡੀਕਲ ਖੇਤਰ ਨਾਲ ਸੰਬੰਧ ਅਤੇ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ ਸੈਂਟਰਲ ਯੂਨੀਵਰਸਿਟੀ ਪੰਜਾਬ ਤੋਂ ਡਾ. ਰਾਕੇਸ਼ ਕੁਮਾਰ, ਡਾ. ਮੋਹਨ ਪ੍ਰਸਾਦ, ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਡਾ. ਦੀਪਕ ਸਾਲੰਕੇ, ਰਾਜਸਥਾਨ ਯੂਨੀਵਰਸਿਟੀ ਤੋਂ ਡਾ. ਅਮਿਤ ਸ਼ਰਮਾ ਨੇ ਆਪਣੇ ਕੀਮਤੀ ਵਿਚਾਰ ਮੰਚ ਤੋਂ ਪੇਸ਼ ਕੀਤੇ। ਉਪਰੰਤ ਅਕਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਗੁਰਮੇਲ ਸਿੰਘ ਨੇ ਜਿੱਥੇ ਸਾਰੇ ਵਿਦਵਾਨਾਂ ਵੱਲੋਂ ਕਾਨਫਰੰਸ ਪ੍ਰਤੀ ਜ਼ਾਹਿਰ ਕੀਤੇ ਉਤਸ਼ਾਹ ਦੀ ਸ਼ਲਾਘਾ ਕੀਤੀ, ਉੱਥੇ ਉਹਨਾਂ ਨੇ ਯੂਨੀਵਰਸਿਟੀ ਦੇ ਗਰੀਨ ਕੈਮਿਸਟਰੀ ਸੈਂਟਰ ਸਹਿਤ ਸਮੁੱਚੀ ਪ੍ਰਬੰਧਕੀ ਟੀਮ ਨੂੰ ਕਾਨਫਰੰਸ ਦੀ ਸਫਲਤਾ ਲਈ ਵਧਾਈ ਦਿੱਤੀ। ਮੰਚ ਤੋਂ ਨਿਰਣਾਇਕ ਮੰਡਲ ਅਤੇ ਜੈਤੂ ਵਿਦਿਆਰਥਿਆਂ, ਖੋਜਾਰਥੀਆਂ ਅਤੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਅੰਤ ਵਿਚ ਯੂਨੀਵਰਿਸਟੀ ਡੀਨ ਅਕਾਦਮਿਕ ਮਾਮਲੇ ਮੇਜਰ ਜਨਰਲ ਡਾ. ਜੀ. ਐੱਸ. ਲਾਂਬਾ ਸਭ ਨੇ ਧੰਨਵਾਦ ਦੀ ਰਸਮ ਅਦਾ ਕੀਤੀ।