ਪਿਛਲੇ 9 ਮਹੀਨਿਆ ਤੋਂ 65 ਪਿੰਡਾਂ ਲਈ ਨਹਿਰੀ ਪਾਣੀ ਦੀ ਮੰਗ ਕਰ ਰਹੇ ਆਗੂਆਂ ਦੀ ਉੱਚ ਅਧਿਕਾਰੀਆਂ ਨਾਲ ਮੀਟਿੰਗ 

👉🏿 ਜ਼ਮੀਨਾਂ ਵਿਹਲੀਆਂ ਹੋਣ ਦੇ ਬਾਵਜੂਦ ਪ੍ਰੋਜੈਕਟਾਂ ਤੇ ਕੰਮ ਸ਼ੁਰੂ ਨਹੀਂ ਕੀਤਾ ਗਿਆ : ਸੰਘਰਸ਼ ਕਮੇਟੀ ਦੇ ਆਗੂ

👉🏿 ਡੀ ਸੀ ਸੰਗਰੂਰ ਵੱਲੋਂ ਰੋਹੀੜਾ ਰਜਵਾਹਾ, ਸਾਜਦਾ ਮਾਈਨਰ ਦੀ ਨਿਸ਼ਾਨਦੇਹੀ ਦੇ ਕੰਮ ਨੂੰ ਇਕ ਹਫਤੇ ਵਿਚ ਪੂਰਾ ਕਰਨ ਦਾ ਭਰੋਸਾ : ਜਹਾਂਗੀਰ

ਧੂਰੀ, 15 ਜੂਨ 2023 – ਧੂਰੀ , ਸ਼ੇਰਪੁਰ, ਮਾਲੇਰਕੋਟਲਾ ਇਲਾਕੇ ਦੇ ਪਿੰਡਾਂ ਲਈ ਨਹਿਰੀ ਪਾਣੀ ਦੀ ਮੰਗ ਕਰ ਰਹੀ ਨਹਿਰੀ  ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਅੱਜ ਡੀਸੀ ਦਫ਼ਤਰ ਸੰਗਰੂਰ ਵਿਖੇ ਡੀਸੀ ਸੰਗਰੂਰ, ਐਸ ਡੀ ਐਮ ਧੂਰੀ, ਐਕਸੀਅਨ ਰੋਪੜ  ਡਵੀਜ਼ਨ ਸੰਚਿਤ ਗਰਗ, ਐਕਸੀਅਨ ਜਲੰਧਰ ਡਵੀਜ਼ਨ ਅਮਿਤ ਸੱਭਰਵਾਲ ਨਾਲ ਮੀਟਿੰਗ ਹੋਈ ਜਿਸ ਵਿਚ ਅਧਿਕਾਰੀਆਂ ਨੇ ਇਨ੍ਹਾਂ  ਇਲਾਕਿਆਂ ਦੇ ਪਿੰਡਾਂ ਨੂੰ ਨਹਿਰੀ ਪਾਣੀ ਦੇਣ ਸਬੰਧੀ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਇਨ੍ਹਾਂ  ਯਤਨਾਂ ਨੂੰ ਨਾਕਾਫੀ ਦੱਸਦਿਆਂ ਕੰਮ ਸ਼ੁਰੂ ਨਾ ਹੋਣ ਤੇ ਨਾਰਾਜ਼ਗੀ ਵੀ ਦਰਜ ਕਰਵਾਈ ।

 ਜਿਸਤੇ ਡੀ ਸੀ ਸੰਗਰੂਰ ਵੱਲੋਂ ਰੋਹੀੜਾ ਰਜਵਾਹਾ, ਸਾਜਦਾ  ਮਾਈਨਰ ਦੀ ਨਿਸ਼ਾਨਦੇਹੀ ਦੇ ਕੰਮ ਨੂੰ ਇਕ ਹਫਤੇ ਵਿਚ ਪੂਰਾ ਕਰਨ ਅਤੇ ਕੰਗਣਵਾਲ ਰਜਵਾਹੇ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਅਤੇ ਇਸ ਸਬੰਧੀ ਮਾਲੇਰਕੋਟਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਆਉਣ ਵਾਲੇ ਦਿਨਾਂ ਵਿੱਚ  ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ।                                     ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸੰਘਰਸ਼ ਕਮੇਟੀ ਦੇ  ਆਗੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਅਸੀਂ ਪਿਛਲੇ 9 ਮਹੀਨਿਆ ਤੋਂ ਕਰੀਬ 65 ਪਿੰਡਾਂ ਲਈ ਨਹਿਰੀ ਪਾਣੀ ਦੀ ਮੰਗ ਕਰ ਰਹੇ ਹਾਂ ਅਤੇ ਇਸ ਇਲਾਕੇ ਨੂੰ ਪਾਣੀ ਦੇਣ ਲਈ 1986 ਵਿੱਚ ਕੰਗਣਵਾਲ ਰਜਵਾਹਾ, ਰੋਹੀੜਾ  ਰਜਵਾਹਾ , ਸਾਜਦਾ ਮਾਇਨਰ ਅਤੇ ਧੂਰੀ ਇਲਾਕੇ ਦੇ ਪਿੰਡਾਂ ਲਈ ਸਲਾਰ ਦੇ ਪੁਲ ਤੋਂ ਰਜਵਾਹੇ ਦੇ ਪ੍ਰੋਜੈਕਟ ਬਣੇ ਸਨ । ਬਾਕੀ ਪ੍ਰਾਜੈਕਟਾਂ ਲਈ ਜ਼ਮੀਨ ਵੀ ਐਕੁਆਇਰ ਹੋ ਚੁੱਕੀ ਹੈ ਕੰਗਣਵਾਲ ਰਜਵਾਹੇ ਦਾ ਟੈਂਡਰ ਹੋ ਚੁੱਕਾ ਹੈ ।

ਜ਼ਮੀਨਾਂ ਵਿਹਲੀਆਂ ਹੋਣ ਦੇ ਬਾਵਜੂਦ ਇਨ੍ਹਾਂ ਪ੍ਰੋਜੈਕਟਾਂ ਤੇ ਕੰਮ  ਸ਼ੁਰੂ ਨਹੀਂ ਕੀਤਾ ਗਿਆ ਅਤੇ ਇਸੇ ਤਰਾਂ ਸਲਾਰ ਦੇ ਪੁਲ ਤੋਂ ਨਿਕਲਣ ਵਾਲੇ ਰਜਵਾਹੇ ਲਈ ਕਰੀਬ 186 ਏਕੜ ਜਮੀਨ ਐਕਵਾਇਰ ਕੀਤੀ ਜਾਣੀ  ਹੈ ਇਹ ਕਾਰਵਾਈ ਵੀ ਸ਼ੁਰੂ ਨਹੀਂ ਹੋਈ । ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਸ਼ੰਕਾ ਹੈ ਕਿ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗੂ ਸਿਰਫ  ਗੱਲਾਂ ਨਾਲ ਸਮਾਂ ਟਪਾ ਰਹੀ ਹੈ । ਜਦ ਕਿ ਜ਼ਮੀਨੀ ਪੱਧਰ ਤੇ ਕੰਮ ਨਹੀਂ ਕੀਤੇ ਜਾ ਰਹੇ । ਅੱਜ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਇਨਾਂਪ੍ਰਾਜੈਕਟਾਂ ਤੇ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਅੱਜ ਤੱਕ ਨਹਿਰੀ ਪਾਣੀ ਤੋਂ ਵਾਂਝੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਨਹਿਰੀ ਪਾਣੀ ਦੇ ਕੇ  ਬਚਾਇਆ  ਜਾ ਸਕੇ । ਅੱਜ ਦੀ ਮੀਟਿੰਗ ਵਿੱਚ ਸੰਘਰਸ਼ ਕਮੇਟੀ ਦੇ ਆਗੂ ਮੱਘਰ ਸਿੰਘ ਭੂਦਨ, ਸੁਖਵਿੰਦਰ ਸਿੰਘ ਮੁਬਾਰਕਪੁਰ ਚੂੰਘਾਂ, ਪਰਮੇਲ  ਸਿੰਘ ਹਥਨ, ਬੀਕੇਯੂ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਬਦੇਸ਼ਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ  ਸਿੰਘ ਲੌਂਗੋਵਾਲ ਅਤੇ  ਧੂਰੀ ਬਲਾਕ ਦੇ ਪ੍ਰਧਾਨ ਮੇਹਰ ਸਿੰਘ ਈਸਾਪੁਰ ਲੰਡਾ ਹਾਜ਼ਰ ਸਨ ।