ਡੇਰਾਬਸੀ, ( ਨਿੱਜੀ ਪੱਤਰ ਪ੍ਰੇਰਕ ) ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਅੱਜ ਮਿਤੀ 14 ਜੂਨ 2023 ਦਿਨ ਬੁੱਧਵਾਰ ਨੂੰ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਜੀ ਦੀ ਸਰਪ੍ਰਸਤੀ ਹੇਠ ਕਾਲਜ ਦੇ ਐੱਨ. ਐੱਸ. ਐੱਸ. ਇਕਾਈ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ, ਡੇਰਾ ਬੱਸੀ ਦੇ ਸਹਿਯੋਗ ਨਾਲ ਅੱਜ ਵਿਸ਼ਵ ਖ਼ੂਨਦਾਨ ਦਿਵਸ ਮੌਕੇ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਖ਼ੂਨਦਾਨ ਕੈਂਪ ਦੇ ਮੁੱਖ ਮਹਿਮਾਨ ਇੰਡਸਟਰੀਜ਼ ਐਸੋਸੀਏਸ਼ਨ, ਡੇਰਾ ਬੱਸੀ ਦੇ ਪ੍ਰਧਾਨ ਸ੍ਰੀ ਵਿਜੇ ਮਿੱਤਲ ਜੀ ਅਤੇ ਗੈਸਟ ਆਫ਼ ਆਨਰ ਇੰਡਸਟਰੀਜ਼ ਐਸੋਸੀਏਸ਼ਨ, ਡੇਰਾ ਬੱਸੀ ਦੇ ਸਕੱਤਰ ਸ੍ਰੀ ਰਾਕੇਸ਼ ਆਰ ਅਗਰਵਾਲ ਤੇ ਹੰਸਾ ਮਟੈਲਿਕ ਲਿਮਟਡ, ਡੇਰਾ ਬੱਸੀ ਦੇ ਡਾਇਰੈਕਟਰ ਸ੍ਰੀ ਸੁਰਿੰਦਰ ਗਰਗ ਜੀ ਸਨ। ਖ਼ੂਨਦਾਨ ਕੈਂਪ ਦੀ ਸ਼ੁਰੂਆਤ ਵੇਲੇ ਆਰੰਭ ਥੀਏਟਰ ਗਰੁੱਪ’ ਵੱਲੋਂ ਖ਼ੂਨਦਾਨ ਕਰਨ ਲਈ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਇਕ ਨੁੱਕੜ ਨਾਟਕ ਕੀਤਾ ਗਿਆ ਜਿਸ ਵਿਚ ਖ਼ੂਨਦਾਨ ਬਾਰੇ ਕਈ ਵਹਿਮਾਂ-ਭਰਮਾਂ ਉੱਪਰ ਚੋਟ ਕਰਦਿਆਂ ਸਹੀ ਵਿਗਿਆਨਕ ਜਾਣਕਾਰੀ ਰਾਹੀਂ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਕੈਂਪ ਦੌਰਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32, ਚੰਡੀਗੜ੍ਹ ਤੋਂ ਡਾਕਟਰਾਂ ਦੀ ਟੀਮ ਪਹੁੰਚੀ ਹੋਈ ਸੀ। ਕੈਂਪ ਦੌਰਾਨ 58 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਖ਼ੂਨਦਾਨੀਆਂ ਨੂੰ ਰਿਫਰੈਸ਼ਮੈਂਟ ਦੇ ਨਾਲ ਨਾਲ ਟਰਾਫ਼ੀ, ਇਕ ਪਾਣੀ ਵਾਲੀ ਬੋਤਲ ਅਤੇ ਸਰਟੀਫਿਕੇਟ ਵੀ ਦਿੱਤੇ ਗਏ। ਇਸਦੇ ਨਾਲ ਹੀ ਨਸ਼ਾ ਛਡਾਊ ਕੇਂਦਰ, ਡੇਰਾ ਬੱਸੀ ਤੋਂ ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਵਿਦਿਆਰਥੀਆਂ ਅਤੇ ਖ਼ੂਨਦਾਨ ਲਈ ਪਹੁੰਚੇ ਆਮ ਲੋਕਾਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਦੱਸਦੇ ਹੋਏ ਉਹਨਾਂ ਤੋਂ ਬਚਣ ਦੇ ਉਪਾਅ ਦੱਸੇ। ਕੈਂਪ ਤੋਂ ਬਾਅਦ ਵਿਸ਼ਵ ਖ਼ੂਨਦਾਨ ਦਿਵਸ ਨੂੰ ਮੁੱਖ ਰੱਖਦਿਆਂ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਉਪੇਸ਼ ਬਾਂਸਲ, ਸਕੱਤਰ ਬਰਖਾ ਰਾਮ, ਖਜਾਨਚੀ ਨਿਤਿਨ ਜਿੰਦਲ ਤੇ ਮੈਂਬਰ, ਐੱਨ. ਐੱਸ. ਐੱਸ. ਇਕਾਈ ਦੇ ਕਨਵੀਨਰ ਪ੍ਰੋ. ਅਮਰਜੀਤ ਕੌਰ, ਕਮੇਟੀ ਮੈਂਬਰ ਪ੍ਰੋ. ਰਵਿੰਦਰ ਸਿੰਘ, ਪ੍ਰੋ. ਬੋਮਿੰਦਰ ਕੌਰ, ਪ੍ਰੋ. ਸੁਨੀਲ ਕੁਮਾਰ ਅਤੇ ਕਾਲਜ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਮੈਂਬਰ ਮੌਜੂਦ ਸਨ।