ਬਠਿੰਡਾ 16 ਮਾਰਚ (ਮੱਖਣ ਸਿੰਘ ਬੁੱਟਰ) : ਬਠਿੰਡਾ ਦੀ ਕੇਂਦਰੀ ਜੇਲ੍ਹ ਨੇੜੇ ਘੁੰਮ ਰਹੀਆਂ ਦਿੱਲੀ ਦੀਆਂ ਦੋ ਨਾਬਾਲਾਗ ਕੁੜੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ ਅਤੇ ਐੱਸ.ਐੱਸ.ਪੀ .ਬਠਿੰਡਾ ਗੁਲਜੀਤ ਸਿੰਘ ਖੁਰਾਣਾ ਮਾਮਲੇ ਦੀ ਜਾਂਚ ਕਰ ਰਹੇ ਹਨ। ਸੂਤਰਾਂ ਮੁਤਾਬਕ ਕੁੜੀਆਂ ਕੇਂਦਰੀ ਜੇਲ੍ਹ ਨਜ਼ਦੀਕ ਫੋਟੋ ਖਿੱਚ ਰਹੀਆਂ ਸਨ ਅਤੇ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਲਈ ਆਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਕੁੜੀਆਂ ਨੇ ਮੰਨਿਆ ਹੈ ਕਿ ਉਹ ਲਾਰੈਂਸ ਨੂੰ ਮਿਲਣ ਆਈਆਂ ਹਨ ਅਤੇ ਉਹ ਉਸ ਦੀਆਂ ਫੈਨ ਹਨ।ਪੁਲਿਸ ਵੱਲ ਦੋਵਾਂ ਨੂੰ ਸਖੀ ਸੈਂਟਰ ਵਿੱਚ ਰੱਖਿਆ ਗਿਆ ਹੈ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੜਕੀਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਪ੍ਰਸ਼ੰਸ਼ਕ ਹਨ ਅਤੇ ਉਹ ਇੰਟਰਨੈੱਟ ਮੀਡੀਆ ਫੇਸਬੁੱਕ, ਇੰਸਟਾਗ੍ਰਾਮ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਬਣਾਏ ਗਏ ਲਾਰੈਂਸ ਬਿਸ਼ਨੋਈ ਦੇ ਪੰਨਿਆਂ ਨੂੰ ਫਾਲੋ ਕਰ ਰਹੀਆਂ ਸੀ। ਉਨਾਂ ਨੂੰ ਇੰਟਰਨੈੱਟ ਮੀਡੀਆ ਤੋਂ ਪਤਾ ਲੱਗਾ ਕਿ ਗੈਂਗਸਟਰ ਬਿਸ਼ਨੋਈ ਇਸ ਸਮੇਂ ਬਠਿੰਡਾ ਜੇਲ੍ਹ ਵਿਚ ਬੰਦ ਹੈ ਇਸ ਲਈ ਉਹ ਲਾਰੈਂਸ ਨੂੰ ਮਿਲਣ ਲਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਝੂਠ ਬੋਲ ਕੇ ਬਠਿੰਡਾ ਪਹੁੰਚ ਗਈਆਂ।
ਪੁਲਿਸ ਸੂਤਰਾਂ ਅਨੁਸਾਰ ਦੋਵੇਂ ਨਾਬਾਲਗ ਲੜਕੀਆਂ ਦੇ ਮੋਬਾਈਲ ਫ਼ੋਨਾਂ ‘ਚ ਗੈਂਗਸਟਰ ਬਿਸ਼ਨੋਈ ਦੀਆਂ ਕਈ ਤਸਵੀਰਾਂ ਹਨ ਜਦੋਂਕਿ ਉਹ ਇੰਟਰਨੈੱਟ ਮੀਡੀਆ ‘ਤੇ ਉਸ ਦੇ ਵੱਖ-ਵੱਖ ਅਕਾਊਂਟ ‘ਤੇ ਪੇਜ਼ਾਂ ਨੂੰ ਲਗਾਤਾਰ ਫਾਲੋ ਕਰ ਰਹੀਆਂ ਸਨ। ਦੋਵਾਂ ਕੁੜੀਆਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬਿਸ਼ਨੋਈ ਨੂੰ ਮਿਲਣਾ ਚਾਹੁੰਦੀਆਂ ਸਨ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਦੋਵੇਂ ਨਾਬਾਲਗ ਲੜਕੀਆਂ ਮੂਲ ਰੂਪ ‘ਚ ਝਾਰਖੰਡ ਦੀਆਂ ਹਨ । ਸੂਤਰਾਂ ਅਨੁਸਾਰ ਲੜਕੀਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਗੈਂਗਸਟਰ ਬਿਸ਼ਨੋਈ ਨੂੰ ਮਿਲਣ ਨਹੀਂ ਦਿੱਤਾ ਜਾਵੇਗਾ ਪਰ ਬਠਿੰਡਾ ਆਉਣ ਅਤੇ ਜੇਲ੍ਹ ਦੇ ਬਾਹਰ ਫੋਟੋਆਂ ਖਿਚਵਾਉਣ ਦਾ ਇੱਕੋ ਇੱਕ ਮਕਸਦ ਇਹ ਸੀ ਕਿ ਉਨ੍ਹਾਂ ਨੇ ਤਸਵੀਰਾਂ ਰਾਹੀਂ ਆਪਣੇ ਦੋਸਤਾਂ ਨੂੰ ਦੱਸਣਾ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਪੰਜਾਬ ਦੀ ਬਠਿੰਡਾ ਜੇਲ੍ਹ ਵਿਚ ਬੰਦ ਹੈ। ਦੂਜੇ ਪਾਸੇ ਬਠਿੰਡਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਦੋਵੇਂ ਲੜਕੀਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਪ੍ਰਸ਼ੰਸ਼ਕ ਹਨ। ਉਹ ਇੰਟਰਨੈੱਟ ਮੀਡੀਆ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਬਿਸ਼ਨੋਈ ਵੱਲੋਂ ਬਣਾਏ ਪੇਜ ਨੂੰ ਫਾਲੋ ਕਰਕੇ ਬਠਿੰਡਾ ਪਹੁੰਚੀਆਂ ਸਨ। ਉਨ੍ਹਾਂ ਦੱਸਿਆ ਦੋਵਾਂ ਲੜਕੀਆਂ ਦੇ ਰਿਸ਼ਤੇਦਾਰਾਂ ਨੂੰ ਬਠਿੰਡਾ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਬਿਸ਼ਨੋਈ ਨੂੰ ਮਿਲਣ ਕਿਉਂ ਆਈਆਂ ਸਨ।