ਜਲੰਧਰ:25ਫਰਵਰੀ;ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਕਨਵੀਨਰ ਗਗਨਦੀਪ ਸਰਦੂਲਗੜ੍ਹ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਜਮਾਤ ਦੀ ਅੰਗਰੇਜ਼ੀ ਲਾਜ਼ਮੀ ਵਿਸ਼ੇ ਦੀ ਪ੍ਰੀਖਿਆ ਪ੍ਰਸ਼ਾਸਨਿਕ ਕਾਰਨਾਂ ਦਾ ਬਹਾਨਾ ਬਣਾ ਕੇ ਅਚਨਚੇਤ ਹੀ ਮੌਕੇ ਤੇ ਰੱਦ ਕਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰੀਖਿਆ ਸ਼ੁਰੂ ਹੋਣ ਤੋਂ ਕੁੱਝ ਦੇਰ ਪਹਿਲਾਂ ਹੀ ਪ੍ਰੀਖਿਆ ਰੱਦ ਕਰਨ ਦਾ ਪੱਤਰ ਜਾਰੀ ਕਰਨਾ ਅਤਿ ਨਿੰਦਣਯੋਗ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਵਿੱਚ ਬਹੁਤ ਹੀ ਨਿਰਾਸ਼ ਅਤੇ ਗੁੱਸਾ ਭਰਿਆ ਹੈ। ਜ਼ਿਆਦਾਤਰ ਬੱਚਿਆਂ ਦੇ ਸੈਂਟਰ ਆਪਣੇ ਸਕੂਲਾਂ ਤੋਂ ਦੂਰ-ਦੂਰ ਹੀ ਬਣੇ ਹਨ,ਜਿੱਥੇ ਪਹੁੰਚਣ ਵਿੱਚ ਵਿਦਿਆਰਥੀਆਂ ਨੂੰ,
ਖ਼ਾਸ ਤੌਰ ਤੇ ਲੜਕੀਆਂ ਨੂੰ ਘੋਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜ਼ੋ ਪੈਸੇ ਦੀ ਬਰਬਾਦੀ ਹੋਈ ਹੈ,ਉਹ ਵੱਖਰੀ ਹੈ। ਸੋ ਪੰਜਾਬ ਦੇ ਸਮੁੱਚੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਆਵਾਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ੋਰਦਾਰ ਢੰਗ ਨਾਲ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਜਲੰਧਰ ਦੇ ਕਨਵੀਨਰ ਬਲਦੇਵ ਸਿੰਘ ਸਾਹਨੀ ਸਕੱਤਰ ਵਿਕਾਸ ਨਾਹਰ ਕੈਸ਼ੀਅਰ ਅਰਮਾਨਪ੍ਰੀਤ ਸਿੰਘ ਬਾਸੀ ਨੇ ਮੰਗ ਕੀਤੀ ਕਿ ਜੇ ਕੋਈ ਪ੍ਰੀਖਿਆ ਰੱਦ ਕਰਨੀ ਹੈ ਤਾਂ ਇੱਕ ਦਿਨ ਪਹਿਲਾਂ ਪੱਤਰ ਜਾਰੀ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।