ਬੀ.ਐਲ.ਓ. ਯੂਨੀਅਨ ਨੇ ਜਿਲ੍ਹਾ ਚੋਣ ਅਫ਼ਸਰ ਨੂੰ ਮੰਗ ਪੱਤਰ ਦਿੱਤਾ

ਬਠਿੰਡਾ  (ਮੱਖਣ ਸਿੰਘ ਬੁੱਟਰ) : ਅੱਜ ਬੀ.ਐਲ.ਓ. ਯੂਨੀਅਨ ਜਿਲ੍ਹਾ ਬਠਿੰਡਾ ਦੇ ਵਫ਼ਦ ਨੇ ਵਧੀਕ ਜਿਲ੍ਹਾ ਚੋਣ ਅਫ਼ਸਰ ਬਠਿੰਡਾ ਨੂੰ ਮਿਲ ਕੇ ਬੀ.ਐਲ.ਓਜ਼ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਿਆ। ਇਸ ਮੀਟਿੰਗ ਦੌਰਾਨ ਬੀ.ਐਲ.ਓਜ਼ ਦੀ ਵੱਖਰੀ ਭਰਤੀ, ਛੁੱਟੀ ਵਾਲੇ ਦਿਨ ਕੰਮ ਕਰਨ ਬਦਲੇ ਇਵਜ਼ੀ ਛੁੱਟੀ, ਬੀ.ਐਲ.ਓ. ਮਿਹਨਤਾਨੇ ਵਿੱਚ ਵਾਧਾ ਕਰਨ, ਵੋਟ ਨੂੰ ਆਧਾਰ ਨਾਲ ਲਿੰਕ ਕਰਨ ਦੇ ਕੰਮ ਲਈ ਵਿਭਾਗੀ ਡਿਊਟੀ ਤੋਂ ਛੋਟ ਆਦਿ ਮੰਗਾਂ ‘ਤੇ ਵਿਸਥਾਰਪੂਰਵਕ ਚਰਚਾ ਹੋਈ। ਵਧੀਕ ਜਿਲ੍ਹਾ ਚੋਣ ਅਫ਼ਸਰ ਨੇ ਆਪਣੇ ਅਧਿਕਾਰ ਖੇਤਰ ਦੀਆਂ ਮੰਗਾਂ ਦੇ ਤੁਰੰਤ ਹੱਲ ਅਤੇ ਬਾਕੀ ਮੰਗਾਂ ਸੰਬੰਧੀ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਪੁਰਜ਼ੋਰ ਸਿਫਾਰਿਸ਼ ਕਰਨ ਦਾ ਭਰੋਸਾ ਦਿਵਾਇਆ। ਯੂਨੀਅਨ ਆਗੂਆਂ ਨੇ ਦੱਸਿਆ ਕਿ ਮਾਰਚ ਮਹੀਨੇ ਵਿੱਚ ਸਰਕਾਰ ਦੇ ਗਠਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਐਲਾਨ ਕੀਤਾ ਸੀ ਕਿ ਚੋਣਾਂ ਦੇ ਕੰਮ ਲਈ ਵੱਖਰੇ ਸਟਾਫ਼ ਦੀ ਭਰਤੀ ਕੀਤੀ ਜਾਵੇਗੀ।
ਹੁਣ ਉਨ੍ਹਾਂ ਆਪਣੇ ਐਲਾਨ ਅਨੁਸਾਰ ਬੀ.ਐਲ.ਓਜ਼ ਦੀ ਵੱਖਰੀ ਭਰਤੀ ਕਰਨੀ ਚਾਹੀਦੀ ਹੈ। ਇਸ ਨਾਲ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਉੱਥੇ ਬਾਕੀ ਵਿਭਾਗਾਂ ਦੇ ਕੰਮ ਵਿੱਚ ਪੈਣ ਵਾਲੀ ਰੁਕਾਵਟ ਵੀ ਦੂਰ ਹੋਵੇਗੀ। ਆਗੂਆਂ ਨੇ ਦੱਸਿਆ ਕਿ ਬੀ.ਐਲ.ਓਜ਼ ਬਹੁਤ ਹੀ ਨਿਗੂਣੇ ਮਿਹਨਤਾਨੇ ‘ਤੇ ਸ਼ਨੀਵਾਰ-ਐਤਵਾਰ ਦੇ ਦਿਨ ਵੀ ਚੋਣ ਡਿਊਟੀ ਕਰਦੇ ਹਨ ਜਿਸਦੇ ਬਦਲੇ ਉਨ੍ਹਾਂ ਨੂੰ ਕੋਈ ਇਵਜ਼ੀ ਛੁੱਟੀ ਵੀ ਨਹੀਂ ਮਿਲਦੀ। ਹੁਣ ਉਨ੍ਹਾਂ ਨੂੰ ਵਿਭਾਗੀ ਡਿਊਟੀ ਤੋਂ ਬਿਨਾਂ ਕੋਈ ਛੋਟ ਦਿੱਤੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱੱਚ ਬੀ.ਐਲ.ਓਜ਼ ਦੁਆਰਾ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ  ਭੋਲਾ ਰਾਮ ਤਲਵੰਡੀ, ਗੁਰਵਿੰਦਰ ਸਿੰਘ ਸੰਧੂ, ਪ੍ਰਕਾਸ਼ ਸਿੰਘ, ਕੁਲਦੀਪ ਸਿੰਘ ਖਿਆਲੀਵਾਲਾ, ਹਰਮਿੰਦਰ ਸਿੰਘ ਨਥਾਣਾ, ਹਰਬੰਤ ਸਿੰਘ, ਨਛੱਤਰ ਸਿੰਘ ਵਿਰਕ, ਮਨਦੀਪ ਸਿੰਘ, ਜਤਿੰਦਰ ਸਹਿਜਪਾਲ, ਬਲਵਿੰਦਰ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।