ਕੇਂਦਰੀ ਟੀਮ ਵੱਲੋਂ ‘ਜਲ ਸ਼ਕਤੀ ਅਭਿਆਨ-ਕੈਚ ਦਾ ਰੇਨ’ ਮੁਹਿੰਮ ਦਾ ਜਾਇਜ਼ਾ -ਕੇਂਦਰੀ ਟੀਮ ਵੱਲੋਂ ਮੀਂਹ ਦਾ ਪਾਣੀ ਸੰਭਾਲੋ ਮੁਹਿੰਮ ਦੀ ਸਫ਼ਲਤਾ ਲਈ ਆਮ ਲੋਕਾਂ ਨੂੰ ਨਾਲ ਜੋੜਨ ‘ਤੇ ਜ਼ੋਰ -ਪਾਣੀ ਦੀ ਸੰਭਾਲ ਤੇ ਸੰਜਮ ਨਾਲ ਵਰਤੋਂ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਸਰਗਰਮ-ਸਾਕਸ਼ੀ ਸਾਹਨੀ

ਪਟਿਆਲਾ, 20 ਜੂਨ (ਗੁਰਪ੍ਰੀਤ ਬਰਸਟ) : ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ਅਰੰਭੀ ‘ਜਲ ਸ਼ਕਤੀ ਅਭਿਆਨ-ਕੈਚ ਦਾ ਰੇਨ’ ਜਾਗਰੂਕਤਾ ਮੁਹਿੰਮ ਦਾ ਜਾਇਜ਼ਾ ਲੈਣ ਪਟਿਆਲਾ ਪੁੱਜੀ ਦੋ ਮੈਂਬਰੀ ਕੇਂਦਰੀ ਟੀਮ ਨੇ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਏ.ਡੀ.ਸੀ. ਦਿਹਾਤੀ ਵਿਕਾਸ ਈਸ਼ਾ ਸਿੰਘਲ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਬੈਠਕ ਕਰਕੇ ਮੁਹਿੰਮ ਦਾ ਬਾਰੀਕੀ ਨਾਲ ਜਾਇਜ਼ਾ ਲਿਆ।
ਟੀਮ ‘ਚ ਸ਼ਾਮਲ ਰੱਖਿਆ ਮੰਤਰਾਲੇ ਦੇ ਉੱਪ ਸਕੱਤਰ ਮੋਇਨਕ ਮੁਖਰਜੀ ਅਤੇ ਕੇਂਦਰੀ ਜਲ ਕਮਿਸ਼ਨ ਦੇ ਸਹਾਇਕ ਡਾਇਰੈਕਟਰ ਲਲਿਤ ਮੀਨਾ ਸ਼ਾਮਲ ਹਨ। ਇਸ ਟੀਮ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ‘ਚ ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਅਤੇ ਚੱਲ ਰਹੇ ਪ੍ਰਾਜੈਕਟਾਂ ਦਾ ਨੁਕਤਾਵਾਰ ਜਾਇਜ਼ਾ ਲਿਆ। ਇਸ ਤੋਂ ਬਾਅਦ ਟੀਮ ਨੇ ਵੱਡੀ ਤੇ ਛੋਟੀ ਨਦੀ, ਪੁਡਾ ਦੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਤੇ ਡੇਅਰੀ ਫਾਰਮ ਪਟਿਆਲਾ ਵਿਖੇ ਪਾਣੀ ਦੀ ਮੁੜਵਰਤੋਂ ਪ੍ਰਾਜੈਕਟ ਦਾ ਵੀ ਨਿਰੀਖਣ ਕੀਤਾ।
ਮੀਟਿੰਕ ਦੌਰਾਨ ਕੇਂਦਰੀ ਟੀਮ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ‘ਮੀਂਹ ਦੇ ਪਾਣੀ ਨੂੰ ਸੰਭਾਲਣਾ, ਜਿਥੇ ਵੀ ਤੇ ਜਿਵੇਂ ਵੀ ਸੰਭਵ ਹੋਵੇ’ ਮੁਹਿੰਮ ਦੀ ਸਫ਼ਲਤਾ ਲਈ ਆਮ ਲੋਕਾਂ ਨੂੰ ਨਾਲ ਜੋੜਿਆ ਜਾਵੇ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਾਣੀ ਦੀ ਸੰਜਮ ਨਾਲ ਵਰਤੋਂ ਤੇ ਸੰਭਾਲ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਸਰਗਰਮ ਹੈ, ਉਥੇ ਹੀ ਮੀਂਹ ਦੇ ਪਾਣੀ ਦੀ ਸੰਭਾਲ ਲਈ ਵੀ ਉਚੇਚੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ‘ਜਲ ਸ਼ਕਤੀ ਅਭਿਆਨ’ ਦੌਰਾਨ ਜਾਗਰੂਕ ਹੋਏ ਨਾਗਰਿਕ ਧਰਤੀ ਹੇਠਲੇ ਪਾਣੀ ਦੀ ਕਿਫ਼ਾਇਤੀ ਵਰਤੋਂ ਸਮੇਤ ਬਰਸਾਤੀ ਪਾਣੀ ਨੂੰ ਆਪਣੀਆਂ ਲੋੜਾਂ ਲਈ ਵਰਤਣ ਲਈ ਅੱਗੇ ਆ ਰਹੇ ਹਨ।
ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਪੀ.ਪੀ.ਈ. ਪ੍ਰੈਜੈਂਟੇਸ਼ਨ ਦਿਖਾਉਂਦਿਆਂ ਪਾਣੀ ਦੀ ਸੰਭਾਲ ਬਾਰੇ ਜਾਗਰੂਕਤਾ ਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਲੋਕਾਂ ਦੀ ਸ਼ਮੂਲੀਅਤ ਬਾਰੇ ਵਿਸਥਾਰ ‘ਚ ਚਾਨਣਾ ਪਾਇਆ। ਉਨ੍ਹਾਂ ਨੇ ਜ਼ਿਲ੍ਹੇ ‘ਚ ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ‘ਤੇ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ 75 ਛੱਪੜਾਂ ਦੇ ਥਾਪਰ ਤੇ ਪੀ.ਪੀ.ਸੀ.ਬੀ. ਮਾਡਲ ਨਾਲ ਨਵੀਨੀਕਰਨ, ਪਟਿਆਲਾ ਦੀ ਛੋਟੀ ਤੇ ਵੱਡੀ ਨਦੀ ਦੀ ਪੁਨਰਸੁਰਜੀਤੀ, ਜ਼ਿਲ੍ਹੇ ‘ਚ ਨਦੀਆਂ, ਨਾਲਿਆਂ ਦੀ ਜੀਉ ਟੈਗਿੰਗ, ਧਰਤੀ ਹੇਠਲੇ ਪਾਣੀ ਦਾ ਪ੍ਰਬੰਧਨ, ਮੀਂਹ ਦੇ ਪਾਣੀ ਨੂੰ ਸੰਭਾਲਣ, ਵੱਖ-ਵੱਖ ਵਿਭਾਗਾਂ ਵੱਲੋਂ ਇਸ ਬਾਬਤ ਕੀਤੇ ਕਾਰਜਾਂ ਦਾ ਮੁਲੰਕਣ, ਜਲ ਸ਼ਕਤੀ ਕੇਂਦਰ ਦੀ ਸਥਾਪਤੀ, ਗੁਰੂ ਨਾਨਕ ਬਗੀਚੀਆਂ ਅਤੇ ਮੀਆਵਾਕੀ ਤਕਨੀਕ ਨਾਲ ਬੂਟੇ ਲਾਉਣੇ ਆਦਿ ਕਾਰਜਾਂ ਬਾਰੇ ਦੱਸਿਆ। ਇਸ ਮੀਟਿੰਗ ‘ਚ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।