ਵਿਧਾਇਕ ਅਨਮੋਲ ਗਗਨ ਮਾਨ ਦਾ ਡੀਐਸਪੀ ਦੀ ਕੁਰਸੀ ’ਤੇ ਬੈਠਣ ਦਾ ਮਾਮਲਾ ਗਰਮਾਇਆ

‘ਆਪ’ ਵਿਧਾਇਕਾ ਅਨਮੋਲ ਗਗਨ ਮਾਨ  ਵਿਵਾਦਾਂ ‘ਚ ਘਿਰੀ 

ਚੰਡੀਗੜ੍ਹ, 19 ਜੂਨ : ਆਮ ਆਦਮੀ ਪਾਰਟੀ (ਆਪ) ਦੀ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਡੀਐਸਪੀ ਦੀ ਕੁਰਸੀ ’ਤੇ ਬੈਠੇ ਅਤੇ ਉਨ੍ਹਾਂ ਦੀ ਇਹ ਤਸਵੀਰ ਵਾਇਰਲ ਹੋ ਗਈ। ਕਿਸੇ ਨੇ ਇਸ ਦੀ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਹੁਣ ਇਸ ਨੂੰ ਲੈ ਕੇ ‘ਆਪ’ ਵਿਧਾਇਕਾ ਦੀ ਸੋਸ਼ਲ ਮੀਡੀਆ ‘ਤੇ ਕਾਫੀ ਖਿਚਾਈ ਕੀਤੀ ਜਾ ਰਹੀ ਹੈ। ਲੋਕ ਵਿਧਾਇਕਾ ਦੇ ਇਸ ਰਵੱਈਏ ਨੂੰ ਸੱਤਾ ਦਾ ਅਪਮਾਨ ਕਰਾਰ ਦੇ ਰਹੇ ਹਨ। ਹਾਲਾਂਕਿ ਇਸ ‘ਤੇ ਵਿਧਾਇਕਾ ਅਨਮੋਲ ਗਗਨ ਮਾਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਦਰਅਸਲ ਆਮ ਆਦਮੀ ਪਾਰਟੀ ਦੀ ਵਿਧਾਇਕਾ ਕੁਝ ਦਿਨ ਪਹਿਲਾਂ ਮੁੱਲਾਪੁਰ ਗਰੀਬਦਾਸ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਆਏ ਸਨ। ਉਸ ਸਮੇਂ ਡੀਐਸਪੀ ਦਫ਼ਤਰ ਵਿੱਚ ਨਹੀਂ ਸੀ। ਸੋਸ਼ਲ ਮੀਡੀਆ ‘ਤੇ ਕਿਹਾ ਜਾ ਰਿਹਾ ਹੈ ਕਿ ‘ਆਪ’ ਵਿਧਾਇਕ ਪ੍ਰੋਟੋਕੋਲ ਨੂੰ ਨਹੀਂ ਜਾਣਦੇ ਹਨ। ਕਾਂਗਰਸ ਨੇ ਇਹ ਵੀ ਤਾਅਨਾ ਮਾਰਿਆ ਕਿ ਉਹ ਆਪਣੀ ਕੁਰਸੀ ਨਹੀਂ ਸੰਭਾਲਦੇ ਅਤੇ ਦੂਜਿਆਂ ਦੀ ਕੁਰਸੀ ‘ਤੇ ਬੈਠਦੇ ਹਨ।

ਡੀਐਸਪੀ ਨੇ ਕਿਹਾ – ਮੈਨੂੰ ਨਹੀਂ ਪਤਾ

ਇਸ ਸਬੰਧੀ ਡੀਐਸਪੀ ਅਮਨਦੀਪ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਨਾਲ ਗੱਲ ਕੀਤੀ ਜਾ ਰਹੀ ਸੀ, ਉਸ ਸਮੇਂ ਉਹ ਆਪਣੇ ਦਫ਼ਤਰ ਵਿੱਚ ਨਹੀਂ ਸਨ, ਵਿਧਾਇਕਾ ਨੇ ਕੁਰਸੀ ‘ਤੇ ਬੈਠ ਕੇ ਸ਼ਿਕਾਇਤ ਸੁਣੀ, ਉਨ੍ਹਾਂ ਨੂੰ ਇਸ ਦਾ ਪਤਾ ਨਹੀਂ ਹੈ।