ਬਠਿੰਡਾ 15 ਸਤੰਬਰ (ਮੱਖਣ ਸਿੰਘ ਬੁੱਟਰ) : ਟਰੱਕ ਯੂਨੀਅਨ ਰਾਮਪੁਰਾ ਫੂਲ ਵਿੱਚ ਹੋ ਰਹੀਂ ਲੁੱਟ ਦਾ ਖਲਾਸਾ ਕਰਦਿਆਂ ਨਿਰਮਲ ਸਿੰਘ ਗਿੱਲ ਮਹਿਰਾਜ ਨੇ ਪੈ੍ਰਸ ਨੋਟ ਜਾਰੀ ਰਾਹੀਂ ਦੱਸਿਆ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਭਰਪੂਰ ਸਿੰਘ ਬੁਰਜ ਗਿੱਲ ਵੱਲੋਂ ਵਗਾਰ ਵਿੱਚ ਨਜਾਇਜ ਢੰਗ ਨਾਲ ਆਪਣੇ ਚਹੇਤਿਆਂ ਦੀਆਂ ਅਤੇ ਆਪਣੀਆਂ ਸਿੱਧੀਆਂ ਗੱਡੀਆਂ ਭਰਕੇ ਅਪ੍ਰੇਟਰਾਂ ਦੀ ਲੁੱਟ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਲੋਹਾ ‘ਤੇ ਗੱਠਾਂ ਮਾਰਕਫੈਡ ਦੀ ਕਣਕ ਵੀ ਪ੍ਰਧਾਨ ਦੇ ਚਹੇਤਿਆਂ ਨੂੰ ਦੇ ਰਹੇ ਹਨ ਅਤੇ ਗੱਡੀਆਂ ਤੋਂ 3500 ਰੁਪਏ ਪਰ ਗੱਡੀ ਖਰਚਾ ਕੱਟਿਆ ਜਾ ਰਿਹਾ ਹੈ
ਜੋ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਅਪ੍ਰੇਟਰਾਂ ਤੋਂ ਕੋਈ ਖਰਚਾ ਨਹੀਂ ਸੀ ਕੱਟਿਆ ਜਾਂਦਾ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨਿਰਦੇਸ਼ਾਂ ਹੇਠ ਅਪ੍ਰੇਟਰਾਂ ਨੂੰ ਯੂਨੀਅਨ ਵਿਖੇ ਮੁਨਾਫਾ ਵੰਡਿਆਂ ਜਾਂਦਾ ਸੀ।ਉਨਾਂ ਅੱਗੇ ਕਿਹਾ ਕਿ 2022 ਵਿੱਚ ਅਕਾਲੀ ਦਲ ਬਸਪਾ ਦੀ ਗੱਠਜੋੜ ਸਰਕਾਰ ਬਣਦੇ ਹੀ ਅਪ੍ਰੇਟਰਾਂ ਦਾ ਖਰਚਾ ਕੱਟਣਾ ਬੰਦ ਕਰ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਯੂਨੀਅਨ ਦੇ ਖਾਤੇ ਵਿੱਚ ਟੀ.ਡੀ.ਐਸ ਦੇ 3800000 ਲੱਖ ਰੁਪਏ ਆਏ ਸਨ ਜੋ ਅਪ੍ਰੇਟਰਾਂ ਨੂੰ ਨਹੀਂ ਵੰਡੇ ਗਏ ਜਿਸ ਦੀ ਹਾਈਕੋਰਟ ਵਿੱਚ ਰਿੱਟ ਪਾਕੇ ਅਪ੍ਰੇਟਰਾਂ ਦਾ ਟੀ.ਡੀ.ਐਸ ਦਾ ਸਾਰਾ ਪੈਸਾ ਵਾਪਿਸ ਕਰਵਾਂਗੇ।ਉਨਾਂ ਅਪ੍ਰੇਟਰਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਾਓ, ਕਾਂਗਰਸ ਦੇ ਝੂਠੇ ਵਾਅਦਿਆਂ ਵਿੱਚ ਨਾ ਆਓ।ਇਸ ਮੌਕੇ ਜਗਜੀਤ ਸਿੰਘ ਜੱਗਾ, ਮਨਦੀਪ ਸਿੰਘ, ਸਨਦੀਪ ਸਿੰਘ, ਚਮਕੌਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।
ਜਦੋਂ ਇਸ ਸਬੰਧੀ ਟਰੱਕ ਯੂਨੀਅਨ ਦੇ ਪ੍ਰਧਾਨ ਭਰਪੂਰ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨਾਂ ‘ਤੇ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।ਉਨਾਂ ਕਿਹਾ ਕਿ ਯੂਨੀਅਨ ਵਿੱਚ ਸਾਰਾ ਕੰਮ ਪਾਰਦਰਸੀ ਢੰਗ ਨਾਲ ਹੋ ਰਿਹਾ ਹੈ।