ਕਈ ਮਹੀਨਿਆਂ ਤੋੰ ਬਾਜ਼ਾਰ ‘ਚੋੰ ਪਾਣੀ ਦੀ ਨਿਕਾਨੀ ਨਾਂ ਹੋਣ ‘ਤੇ ਦੁਕਾਨਦਾਰਾਂ ਨੇ ਜਾਮ ਕੀਤਾ ਬਾਰਨਾਲਾ ਸੰਗਰੂਰ ਮਾਰਗ 

ਧਨੌਲਾ 25 ਅਗਸਤ (ਵਿਕਰਮ ਸਿੰਘ ਧਨੌਲਾ) ਵਿਕਾਸ ਕਾਰਜਾਂ ਦੇ ਫੋਕੇ ਦਮਗੱਜੇ ਮਾਰਨ ਵਾਲੀ ਨਗਰ ਕੌੰਸਲ ਦਾ ਸਥਾਨਕ ਦੁਕਾਨਦਾਰਾਂ ਵਲੋੰ ਵਿਰੋਧ ਕਰਦੇ ਹੋਏ ਸੰਗਰੂਰ ਬਰਨਾਲਾ ਮਾਰਗ ਜਾਮ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਕਈ ਮਹੀਨਿਆਂ ਤੋੰ ਬਾਜ਼ਾਰ ‘ਚੋੰ ਪਾਣੀ ਦੀ ਨਿਕਾਸੀ ਨਾਂ ਹੋਣ ‘ਤੇ ਦੁਕਾਨਦਾਰਾਂ ਵਲੋਂ ਗੁੱਸੇ ਵਿੱਚ ਇਹ ਜਾਮ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਨਾਮ ਸਿੰਘ ਭੱਠਲ, ਰਿਕੀ ਚੌਧਰੀ, ਰਮਨ ਵਰਮਾ, ਵਿਜੈ ਕੁਮਾਰ ਸਾਹੋਕੇ ਵਾਲੇ, ਰਾਮਾ ਇਲੈਕਟ੍ਰੋਨਿਕ ਵਾਲੇ,  ਬੂਟਾ ਖ਼ਾਨ, ਵਿਜੈ ਕੁਮਾਰ ਕੱਪੜੇ ਵਾਲੇ, ਤਰਸੇਮ ਲਾਲ, ਵਿਲਾਸ ਰਾਏ ਗਰਗ, ਨਵਦੀਪ ਪ੍ਰੈਟੀ, ਅਨੀਸ਼ ਹਰੀਗਡ਼੍ਹ ਵਾਲੇ, ਅਸ਼ਵਨੀ ਕੁਮਾਰ, ਸੰਜੂ ਸ਼ਰਮਾ ਅਤੇ ਮੱਖਣ ਕੁਮਾਰ ਆਦਿ ਨੇ ਗੱਲ ਕਰਦਿਆਂ ਕਿਹਾ ਕਿ ਧਨੌਲਾ ਮੰਡੀ ਦੇ ਦੁਕਾਨਦਾਰਾਂ ਦਾ ਕੰਮ ਕੋਰੋਨਾ ਬੰਦ ਦੌਰਾਨ ਬਿਲਕੁੱਲ ਠੱਪ ਹੋ ਗਿਆ ਸੀ। ਹੁਣ ਬੰਦ ਖੁਲਣ ਤੋੰ ਬਾਅਦ ਰੱਖੜੀ ਦਾ ਪਹਿਲਾ ਤਿਉਹਾਰ ਆਇਆ ਸੀ, ਜਿਸ ਤੋੰ ਵਪਾਰੀਆਂ ਨੂੰ ਥੋੜੀ ਆਸ ਬੱਝੀ ਸੀ ਕਿ ਹੁਣ ਦੁਕਾਨਾਂ ‘ਤੇ ਗ੍ਰਾਹਕਾਂ ਦਾ ਆਉਣਾ ਸ਼ੁਰੂ ਹੋਏਗਾ ਅਤੇ ਲੰਮੇ ਸਮੇੰ ਤੋੰ ਵਿਹਲੇ ਬੈਠੇ ਵਪਾਰੀਆਂ ਨੂੰ ਹੁਣ ਕੁਝ ਰਾਹਤ ਮਿਲੇਗੀ। ਪਰ ਇਸ ਆਸ ਉੱਤੇ ਸਥਾਨਕ ਨਗਰ ਕੌੰਸਲ ਕਮੇਟੀ ਵਲੋੰ ਪਾਣੀ ਫੇਰ ਦਿੱਤਾ ਗਿਆ। ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਧਨੌਲਾ ਪਹਿਲਾਂ ਹੀ ਬਦਨਾਮ ਹੈ ਕਿ ਮੀੰਹ ਦੇ ਦੌਰਾਨ ਇੱਥੇ ਡੁੱਬ ਜਾਣ ਵਾਲੇ ਹਲਾਤ ਬਣ ਜਾਂਦੇ ਹਨ ਅਤੇ ਪਿੰਡਾ ਚੋੰ ਆਉਣ ਵਾਲੇ ਗ੍ਰਾਹਕ ਧਨੌਲਾ ਬਾਈਪਾਸ ਤੋੰ ਹੀ ਬਰਨਾਲਾ ਵੱਲ ਚਾਲੇ ਪਾ ਦਿੰਦੇ ਹਨ। ਪਰ ਇੱਥੇ ਤਾਂ ਮੀੰਹ ਪੈਣ ਤੋੰ ਪਹਿਲਾਂ ਹੀ ਸਥਾਨਕ ਸਦਰ ਬਾਜ਼ਾਰ ਗੰਦੇ ਪਾਣੀ ਦੀ ਝੀਲ ਦਾ ਰੂਪ ਧਾਰ ਚੁੱਕਿਆ ਹੈ। ਵਪਾਰੀਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਪਿੱਛਲੇ ਤਿੰਨ ਮਹੀਨੇ ਤੋੰ ਕਈ ਵਾਰ ਨਗਰ ਕੌੰਸਲ ਦੇ ਅਧੀਕਾਰੀਆਂ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਜਾ ਚੁੱਕਿਆ ਹੈ। ਪਰ ਨਗਰ ਕੌੰਸਲ ਦੀ ਕਮੇਟੀ ਦੇ ਮੈੰਬਰਾਂ ਵਲੋੰ ਕੋਈ ਸਾਰ ਨਹੀਂ ਲਈ ਗਈ। ਦੁਕਾਨਦਾਰਾਂ ਨੇ ਆਪਣੇ ਦੁੱਖ ਫਰੋਲਦਿਆਂ ਕਿਹਾ ਕਿ ਪਹਿਲਾ ਨੁਕਸਾਨ ਤਾਂ ਸਾਨੂੰ ਇਹ ਹੁੰਦਾ ਹੈ ਕਿ ਸਾਡਾ ਗ੍ਰਾਹਕ ਬਾਜ਼ਾਰ ਵਿੱਚ ਨਹੀੰ ਆਉੰਦਾ ਕਿਉੰਕਿ ਕਿਸੇ ਨੂੰ ਵੀ ਗੰਦੇ ਪਾਣੀ ਵਿੱਚ ਪੈਰ ਡਬੋਣਾ ਚੰਗਾ ਨਹੀੰ ਲੱਗਦਾ। ਦੂਜਾ ਨੁਕਸਾਨ ਸਾਨੂੰ ਇਹ ਹੁੰਦਾ ਹੈ ਕਿ ਦੁਕਾਨਾਂ ਦੇ ਨਾਲ ਜਾਂਦੀਆਂ ਨਾਲੀਆਂ ਹਮੇਸ਼ਾ ਗੰਦੇ ਪਾਣੀ ਨਾਲ ਨਹਿਰਾਂ ਵਾਂਗ ਭਰੀਆਂ ਰਹਿੰਦੀਆਂ ਹਨ। ਜਿਸ ਨਾਲ ਦੁਕਾਨਾਂ ਵਿੱਚ ਪਿਆ ਮਾਲ ਸਲਾਭ ਨਾਲ ਹੀ ਖਰਾਬ ਹੋ ਜਾਂਦਾ ਹੈ ਅਤੇ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਪੈੰਦਾ ਹੈ। ਉਹਨਾਂ ਕਿਹਾ ਕਿ ਕਮੇਟੀ ਨੂੰ ਸਭ ਤੋੰ ਵੱਧ ਕਈ ਪ੍ਰਕਾਰ ਦੇ ਟੈਕਸ ਦੇ ਰੂਪ ਵਿੱਚ ਵਪਾਰੀਆਂ ਤੋੰ ਕਮਾਈ ਹੁੰਦੀ ਹੈ। ਜਿਸ ਨਾਲ ਮੁਲਾਜ਼ਮਾਂ ਨੂੰ ਤਨਖਾਹਾਂ ਸਮੇਤ  ਕਮੇਟੀ ਦੇ ਹੋਰ ਕਈ ਕੰਮ ਹੁੰਦੇ ਹਨ। ਪਰ ਇਸ ਦੇ ਉਲਟ ਨਗਰ ਕੌੰਸਲ ਧਨੌਲਾ ਵਲੋੰ ਸਹੂਲਤ ਦੇ ਨਾਂਅ ‘ਤੇ ਉਹਨਾਂ ਦੇ ਹਿੱਸੇ ਸਿਰਫ ਨਿਰਾਸ਼ਾ ਅਤੇ ਦੁਕਾਨਾਂ ਦਾ ਨੁਕਸਾਨ ਹੀ ਪੱਲੇ ਪੈੰਦਾ ਹੈ। ਸਮੁੱਚੇ ਵਪਾਰੀਆਂ ਨੇ ਸਥਾਨਕ ਵਿਭਾਗ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ  ਸ਼੍ਰੀ ਬ੍ਰਹਮ ਮਹਿੰਦਰਾ ਜੀ ਇਸ ਗੱਲ ਦਾ ਨੋਟਿਸ ਲੈਣ ਅਤੇ ਪਹਿਲਾਂ ਹੀ ਬੰਦ ਦੀ ਮਾਰ ਝੱਲ ਰਹੇ ਵਪਾਰੀਆਂ ਦੀ ਸਮੱਸਿਆ ਦਾ ਪੁਖਤਾ ਹੱਲ ਕਰਵਾਉਣ ਲਈ ਧਨੌਲਾ ਨਗਰ ਕੌੰਸਲ ਨੂੰ ਹੁਕਮ ਜਾਰੀ ਕਰਨ। ਇਸੇ ਦੌਰਾਨ ਨਗਰ ਕੌੰਸਲ ਧਨੌਲਾ ਪ੍ਰਧਾਨ ਦੇ ਸਪੁੱਤਰ ਹਰਦੀਪ ਸਿੰਘ ਸੋਢੀ ਨੇ ਮੌਕੇ ‘ਤੇ ਪਹੁੰਚ ਕੇ ਸਾਰੇ ਹਲਾਤਾ਼ਂ ਨੂੰ ਦੇਖਿਆ, ਇਸੇ ਦੌਰਾਨ ਸੋਢੀ ਨੂੰ ਖੁਦ ਗੰਦੇ ਪਾਣੀ ਵਿੱਚੋੰ ਦੀ ਚੱਲ ਕੇ ਆਉਣਾ ਪਿਆ ਅਤੇ ਉਹਨਾਂ ਨੇ ਸਮੁੱਚੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦੋ ਚਾਰ ਦਿਨਾਂ ਵਿੱਚ ਇਸ ਮਸਲੇ ਦਾ ਹੱਲ ਜੈਟ ਮਸ਼ੀਨ ਰਾਹੀ ਕਰਵਾ ਦਿੱਤਾ ਜਾਵੇਗਾ।