ਮਲੂਕਾ ਵੱਲੋਂ ਮੈਡਲ ਜੇਤੂ ਖਿਡਾਰੀਆਂ ਨੂੰ ਵਧਾਈ ‘ਤੇ ਦੇਸ਼ ਦੇ   ਖੇਡ ਪ੍ਰਬੰਧਾਂ ‘ਤੇ ਚੁੱਕੇ ਸਵਾਲ     

 ਬਿਹਤਰ ਪ੍ਰਦਰਸ਼ਨ ਲਈ ਖੇਡ ਪ੍ਰਬੰਧਾਂ ਵਿੱਚ ਸੁਧਾਰ ਜ਼ਰੂਰੀ  = ਮਲੂਕਾ
ਬਠਿੰਡਾ 11 ਅਗਸਤ (ਮੱਖਣ ਸਿੰਘ ਬੁੱਟਰ) : ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਖਿਡਾਰੀ ਅੰਤਰਰਾਸ਼ਟਰੀ ਪੱਧਰ ‘ਤੇ ਵੱਧ ਤੋਂ ਵੱਧ ਮੈਡਲ ਹਾਸਲ ਕਰਨ ਤਾਂ ਦੇਸ਼ ਦੇ ਖੇਡ ਪ੍ਰਬੰਧਾਂ ਅਤੇ ਖੇਡ ਫੈਡਰੇਸ਼ਨਾਂ ਦੇ ਢਾਂਚੇ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ l ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਅੱਜ ਓਲੰਪਿਕ ਖੇਡਾਂ ਦੀ ਸਮਾਪਤੀ ਤੋਂ ਬਾਅਦ ਦੇਸ਼ ਦੇ ਖਿਡਾਰੀਆਂ  ਵੱਲੋਂ ਕੀਤੇ ਪ੍ਰਦਰਸ਼ਨ ‘ਤੇ ਚਰਚਾ ਦੌਰਾਨ ਕੀਤਾ ਗਿਆ l ਮਲੂਕਾ ਨੇ ਕਿਹਾ ਕਿ ਸਾਡੇ ਖਿਡਾਰੀਆਂ ਵੱਲੋਂ  ਕਈ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਗਿਆ ਅਤੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਦੇਸ਼ ਦੇ ਸਾਰੇ ਖਿਡਾਰੀ ਹੀ ਵਧਾਈ ਦੇ ਪਾਤਰ ਹਨ । ਉਨ੍ਹਾਂ ਵੱਲੋਂ ਦੇਸ਼ ਦੀ ਝੋਲੀ 7 ਮੈਡਲ ਵੀ ਪਾਏ ਗਏ  ਹਨ ਪਰ ਸਾਨੂੰ ਏਨੇ ਨਾਲ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਸਾਡੇ ਖਿਡਾਰੀ ਇਸ ਤੋਂ ਕਿਤੇ ਵੱਧ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ। ਅਸਲ ਵਿੱਚ ਸਾਡੇ ਦੇਸ਼ ਦੀਆਂ ਸਰਕਾਰਾਂ ਵੱਲੋਂ ਖਿਡਾਰੀਆਂ ਲਈ ਬਿਹਤਰ ਸਹੂਲਤਾਂ ਅਤੇ ਖੇਡਾਂ ਲਈ ਵਧੀਆ ਢਾਂਚੇ ਦਾ ਵਿਸਥਾਰ ਨਹੀਂ ਕੀਤਾ ਗਿਆ l ਸਾਡੀਆਂ ਸਰਕਾਰਾਂ ਸਿਰਫ਼ ਅਖੀਰਲੇ ਸਮੇਂ ਹੀ ਤਿਆਰੀ ਕਰਦੀਆਂ ਹਨ l ਅੰਤਰਰਾਸ਼ਟਰੀ ਮੁਕਾਬਲਿਆਂ ਤੋਂ ਬਾਅਦ ਖੇਡਾਂ ਅਤੇ ਖਿਡਾਰੀਆਂ ਨੂੰ ਵਿਸਾਰ ਦਿੱਤਾ ਜਾਂਦਾ ਹੈ l
ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਖਿਡਾਰੀ ਵੱਧ ਤੋਂ ਵੱਧ ਮੈਡਲ ਦੇਸ਼ ਦੀ ਝੋਲੀ ਪਾਉਣ ਤਾਂ ਸਾਨੂੰ ਲਗਾਤਾਰ ਖਿਡਾਰੀਆਂ ਨੂੰ ਤਿਆਰੀ ਕਰਾਉਣ ਦੇ ਇੰਤਜ਼ਾਮ ਕਰਨੇ ਚਾਹੀਦੇ ਹਨ l  ਖਿਡਾਰੀਆਂ ਲਈ ਵਧੀਆ ਸਟੇਡੀਅਮ ਚੰਗੀ ਡਾਈਟ ਅਤੇ ਅੰਤਰਰਾਸ਼ਟਰੀ ਪੱਧਰ ਦੇ ਕੋਚਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ l ਸਾਡੇ ਦੇਸ਼ ਦੀ ਹਾਕੀ ਟੀਮ ਜਿਸ ਵੱਲੋਂ  ਵਧੀਆ ਪ੍ਰਦਰਸ਼ਨ ਕੀਤਾ ਗਿਆ  ਉਸ ਵਿੱਚ ਤਕਰੀਬਨ 10 ਖਿਡਾਰੀ ਪੰਜਾਬ ਦੇ ਸਨ ਲੇਕਿਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਹਾਕੀ ਦੀ ਤਿਆਰੀ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ। ਅਸੀਂ ਧੰਨਵਾਦੀ ਹਾਂ ਉੜੀਸਾ ਦੇ ਮੁੱਖ ਮੰਤਰੀ ਸ੍ਰੀ ਨਵੀਨ ਪਟਨਾਇਕ ਜਿਨ੍ਹਾਂ ਵੱਲੋਂ ਭਾਰਤੀ ਹਾਕੀ ਟੀਮ ਦੀਆਂ ਤਿਆਰੀਆਂ ਲਈ ਵੱਡੇ ਉਪਰਾਲੇ ਕੀਤੇ l ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀ  ਮੁਕਾਬਲਿਆਂ ਵਿੱਚ ਜਾਣ ਸਮੇਂ ਅਤੇ ਮੁਕਾਬਲਿਆਂ ਤੋਂ ਬਾਅਦ ਬੇਸ਼ੱਕ ਖਿਡਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਪਰ ਉਨ੍ਹਾਂ ਦਾ ਇਨ੍ਹਾਂ ਉਪਰਾਲਾ ਕਾਫ਼ੀ ਨਹੀਂ ਹੈ l ਵਧੀਆ ਨਤੀਜਿਆਂ ਲਈ ਸਾਨੂੰ ਹੋਰ ਬਿਹਤਰ ਪ੍ਰਬੰਧ ਕਰਨ ਦੀ ਲੋੜ ਹੈ l
ਲੰਮੇ ਸਮੇਂ ਤੋਂ ਚੱਲ ਰਹੀਆਂ ਖੇਡ ਫੈਡਰੇਸ਼ਨਾਂ ਦੇ ਢਾਂਚੇ ਵਿੱਚ ਵੀ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ l ਜਿਹੜੀਆਂ ਖੇਡਾਂ ਨਾਲ ਸਬੰਧਤ ਫੈਡਰੇਸ਼ਨਾਂ ਦੇ ਵਧੀਆ ਨਤੀਜੇ ਨਹੀਂ ਆ ਰਹੇ ਉਨ੍ਹਾਂ ਦੇ ਪ੍ਰਧਾਨਾਂ ਨੂੰ ਤੁਰੰਤ ਬਦਲ ਦੇਣਾ ਚਾਹੀਦਾ ਹੈ l ਖੇਡ ਫੈਡਰੇਸ਼ਨਾਂ ਦੇ ਪ੍ਰਧਾਨ ਯੋਗ ਉਮੀਦਵਾਰਾਂ ਨੂੰ ਲਗਾਇਆ ਜਾਣਾ ਚਾਹੀਦਾ ਹੈ l ਇਸ ਤੋਂ ਇਲਾਵਾ ਕੇਂਦਰ ਸਰਕਾਰ ਨੂੰ ਖੇਡ ਬਜਟ ਵਿੱਚ ਵੀ  ਵੱਡਾ ਵਾਧਾ ਕਰਨ  ਦੀ  ਜ਼ਰੂਰਤ ਹੈ l ਅੰਤਰਰਾਸ਼ਟਰੀ ਪੱਧਰ ਤੋਂ ਇਲਾਵਾ ਸੂਬਾ ਪੱਧਰ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਸਰਕਾਰ ਉਨ੍ਹਾਂ ਲਈ ਨੌਕਰੀਆਂ ਦੇ ਪ੍ਰਬੰਧ ਕਰੇ l ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਖਿਡਾਰੀ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਮੁਕਾਬਲਿਆਂ ਵਿਚ ਮੈਡਲ ਹਾਸਲ ਕਰਨ ਤਾਂ ਸਾਨੂੰ ਪ੍ਰਾਇਮਰੀ ਪੱਧਰ ‘ਤੇ ਹੀ ਖੇਡਾਂ ਲਈ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ l ਪ੍ਰੈਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਨੇ ਦਿੱਤੀ।