ਜੈਤੋ, 20 ਦਸੰਬਰ(ਸਵਰਨ ਨਿਆਮੀਵਾਲਾ):- ਜਿਉਂ ਜਿਉਂ ਦਿੱਲੀ ਚ ਕਿਸਾਨ ਸੰਘਰਸ਼ ਲੰਮੇਰਾ ਹੁੰਦਾ ਜਾ ਰਿਹਾ ਹੈ ਕਿਸਾਨੀ ਦੇ ਭਵਿੱਖ ਨੂੰ ਲੈ ਕੇ ਦੇਸ਼ ਵਿਦੇਸ਼ ਚ ਵਸੇ ਸੁਮੁੱਚੇ ਪੰਜਾਬੀਆਂ ਦੀਆਂ ਚਿੰਤਾਵਾਂ ਵੀ ਦਿਨ ਬ ਦਿਨ ਵਧ ਰਹੀਆਂ ਹਨ,ਪਰ ਇਸਦੇ ਬਾਵਜੂਦ ਸਿੰਘੂ,ਟਿਕਰੀ ਤੇ ਹੋਰ ਨਾਕਿਆਂ ਤੇ ਦਿੱਲੀ ਘੇਰੀ ਬੈਠੇ ਕਿਸਾਨਪੂਰੀ ਤਰ੍ਹਾਂ ਚੜ੍ਹਦੀ ਕਲਾ ਵਿਚ ਹਨ ਤੇ ਜੰਗ ਜਿੱਤੇ ਬਿਨਾਂ ਵਾਪਸ ਮੋੜਨ ਲਈ ਤਿਆਰ ਨਹੀਂ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਜਰਨਲ ਸੈਕਟਰੀ ਯੂਥ ਕਾਂਗਰਸ ਫਰੀਦਕੋਟ ਗਗਨ ਧਾਲੀਵਾਲ ਰਾਮੇਆਣਾ, ਚਮਕੌਰ ਸਿੰਘ ਰਾਮੇਆਣਾ ਜਰਨਲ ਸੈਕਟਰੀ ਵਿਧਾਨ ਸਭਾ ਹਲਕਾ ਜੈਤੋ, ਸੀਨੀਅਰ ਕਾਂਗਰਸੀ ਆਗੂ ਗਿਆਨ ਸਿੰਘ ਸੰਧੂ ਰਾਮੇਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਉਨ੍ਹਾਂ ਕਿਹਾ ਕਿ ਦੇਸ਼ ਨੇ ਪਹਿਲੀ ਵਾਰ ਇੰਨਾ ਜ਼ਬਰਦਸਤ ਤੇ ਸੰਗਠਿਤ ਸੰਘਰਸ਼ ਤੱਕਿਆ ਹੈ ਜਿਸ ਵਿੱਚ ਕੋਈ ਰਾਜਨੀਤਕ ਧਿਰ ਦਖ਼ਲ ਅੰਦਾਜ਼ੀ ਨਹੀਂ ਤੇ ਦੇਸ਼ ਦਾ ਅੰਨਦਾਤਾ ਸ਼ਾਂਤੀਪੂਰਵਕ ਅਤੇ ਠਰ੍ਹੰਮੇ ਦੀ ਮਿਸਾਲ ਬਣ ਕੇ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ ਉਨ੍ਹਾਂ ਕਿਹਾ ਕਿ ਭਾਵੇਂ ਸਾਰੇ ਦੇਸ਼ ਦਾ ਕਿਸਾਨ ਸੜਕਾਂ ਤੇ ਹੈ ਪਰ ਹਰ ਕਿਸੇ ਨੇ ਪੰਜਾਬੀ ਕਿਸਾਨ ਦੀ ਸੁਯੋਗ ਅਗਵਾਈ ਨੂੰ ਸਰਾਹਿਆ ਵੀ ਹੈ ਤੇ ਕਬੂਲਿਆ ਵੀ ਹੈ।
ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਤਾਕਤ ਦੇ ਨਸ਼ੇ ਤੇ ਹੰਕਾਰ ਚ ਡੁੱਬੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਗੋਡਿਆਂ ਪਰਨੇ ਹੋਣ ਲਈ ਮਜਬੂਰ ਹੋਣਾ ਪਿਆ ਹੈ ਕਿਉਂਕਿ ਦੇਸ਼ ਦਾ ਅੰਨਦਾਤਾ ਜਿੱਤਣ ਲਈ ਗਿਆ ਹੈ ਤੇ ਜਿੱਤ ਕੇ ਹੀ ਮੁੜੇਗਾ । ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਕਿਸਾਨ ਸੰਘਰਸ਼ ਚ ਤਨ ਮਨ ਅਤੇ ਧਨ ਨਾਲ ਆਪਣਾ ਯੋਗਦਾਨ ਪਾਵੇ ਕਿਉਂਕਿ ਇਹ ਸਿਰਫ਼ ਕਿਸਾਨਾਂ ਦੀ ਹੀ ਨਹੀਂ ਸਗੋਂ ਹਰ ਮੱਧਮ ਦੇ ਛੋਟੇ ਵਰਗ ਦੇ ਭਵਿੱਖ ਅਤੇ ਹੋਂਦ ਦੀ ਲੜਾਈ ਹੈ ਜਿਸ ਨੂੰ ਦੇਸ਼ ਦਾ ਅੰਨਦਾਤਾ ਹਰ ਵਰਗ ਨੂੰ ਨਾਲ ਲੈ ਕੇ ਲੜ ਰਿਹਾ ਹੈ ਜ਼ਿਕਰਯੋਗ ਹੈ ਕਿ ਦੇਸ਼ ਦਾ ਸਾਬਕਾ ਸੈਨਿਕ ਵਪਾਰੀ ਮਜ਼ਦੂਰ ਦੁਕਾਨਦਾਰ ਕਲਾਕਾਰ ਬੁੱਧੀਜੀਵੀ ਵਰਗ ਇਸ ਹੱਕ ਹਕੂਕ ਦੀ ਲੜਾਈ ਵਿਚ ਕਿਸਾਨ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ।