ਬਰਨਾਲਾ 23 ਨਵੰਬਰ (ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ, ਅਵਤਾਰ ਸਿੰਘ ਫਰਵਾਹੀ) – ਮੋਦੀ ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ 30 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਸਾਂਝੇ ਕਿਸਾਨ ਸੰਘਰਸ਼ ਵਿੱਚ ਲੋਕ ਰੋਹ ਹੋਰ ਪ੍ਰਚੰਡ ਹੁੰਦਾ ਦਿਖਾਈ ਦਿੱਤਾ। 1 ਅਕਤੂਬਰ ਤੋਂ ਲਗਤਾਰ ਚੱਲ ਰਹੇ ਸੰਘਰਸ਼ ਨੂੰ ਹਰ ਰੋਜ ਨਵਾਂ ਬਲ ਮਿਲਦਾ ਹੈ, ਕੋਈ ਨਾਂ ਕੋਈ ਤਬਕਾ ਆਕੇ ਸੰਘਰਸ਼ ਵਿੱਚ ਸ਼ਾਮਿਲ ਹੋਕੇ ਸੰਘਰਸ਼ ਦੇ ਮੋਢੇ ਨਾਲ ਮੋਢਾ ਜੋੜਨ ਦਾ ਵਿਸ਼ਵਾਸ਼ ਦਿਵਾਉਦਾ ਹੈ। ਬਹੁਤ ਸਾਰੇ ਤਬਕੇ ਇਸ ਸੰਘਰਸ਼ ਦੀ ਵਿੱਤੀ ਮੱਦਦ ਵੀ ਕਰ ਰਹੇ ਹਨ। ਅੱਜ ਸ਼੍ਰੋਮਣੀ ਸਾਹਿਤਕਾਰ ਸਾਹਿਤ ਦੇ ਮੱਕੇ ਬਰਨਾਲਾ ਦੀ ਧਰਤੀ ਦੇ ਜੰਮਪਲ ਓਮ ਪ੍ਰਕਾਸ਼ ਗਾਸੋ ਨੇ ਸਾਂਝੀ ਕਿਸਾਨ ਲਹਿਰ ਨੂੰ ਸੰਗਰਾਮੀ ਮੁਬਾਰਕਬਾਦ ਦਿੰਦਿਆਂ ਇਸ ਸੰਘਰਸ਼ ਨੂੰ ਇਤਿਹਾਸ ਦਾ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਣ ਵਾਲਾ ਪੰਨਾ ਕਰਾਰ ਦਿੱਤਾ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਗੁਰਦੇਵ ਮਾਂਗੇਵਾਲ, ਅਮਰਜੀਤ ਕੌਰ, ਗੁਰਚਰਨ ਸਿੰਘ, ਸੰਪੂਰਨ ਸਿੰਘ, ਨਿਰੰਜਣ ਸਿੰਘ ਠੀਕਰੀਵਾਲ, ਕੁਲਵਿੰਦਰ ਸਿੰਘ ਉੱਪਲੀ, ਦਰਸ਼ਨ ਸਿੰਘ ਸਹਿਜੜਾ,ਹਰਮੰਡਲ ਸਿੰਘ ਜੋਧਪੁਰ, ਪਰਮਜੀਤ ਕੌਰ ਠੀਕਰੀਵਾਲ, ਨਿਰਭੈ ਸਿੰਘ ਛੀਨੀਵਾਲਕਲਾਂ, ਵਰਿੰਦਰ ਸਿੰਘ ਅਜਾਦ ਆਦਿ ਨੇ ਕਿਹਾ ਕਿ ” ਸਾਂਝਾ ਕਿਸਾਨ ਮੋਰਚਾ” ਦੀ ਅਗਵਾਈ ਹੇਠ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਦੇ ਮਸਲੇ ਸਬੰਧੀ ਜਾਰੀ ਕੀਤਾ 1ਕਰੋੜ ਰੁ. ਦਾ ਜੁਰਮਾਨਾ ਅਤੇ ਪੰਜ ਸਾਲ ਦੀ ਸਜਾ ਵਾਲਾ ਆਰਡੀਨੈਂਸ ਰੱਦ ਕਰਾਉਣ ਲਈ ਲੰਬੇ ਦਾਅ ਵਾਲਾ ਵਿਸ਼ਾਲ ਸੰਘਰਸ਼ ਲੜਿਆ ਜਾ ਰਿਹਾ ਹੈ। ਆਗੂਆਂ ਜੋਰਦਾਰ ਢੰਗ ਨਾਲ ਕਿਹਾ ਕਿ ਸਰਕਾਰ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕਿਸੇ ਵੀ ਕਿਸਮ ਦੀ ਕੋਈ ਸਾਜਿਸ਼ ਰਚ ਸਕਦੀ ਹੈ, ਅਫਵਾਹਾਂ ਫੈਲਾਈਆਂ ਜਾ ਸਕਦੀਆਂ ਹਨ, ਪਰ 26-27 ਨਵੰਬਰ ਦਾ ਦਿੱਲੀ ਚਲੋ ਇਤਿਹਾਸਕ ਕਿਸਾਨ ਮਾਰਚ ਅਟੱਲ ਹੈ। ਇਸ ਲਈ ਦਿੱਲੀ ਇਤਿਹਾਸਕ ਕਿਸਾਨ ਮਾਰਚ ਦੀਆਂ ਤਿਆਰੀਆਂ ਵਿੱਚ ਕਿਸੇ ਕਿਸਮ ਦੀ ਢਿੱਲ ਨਾਂ ਆਉਣ ਦਿੱਤੀ ਜਾਵੇ। ਬਾਕੀ ਰਹਿੰਦੇ ਥੋੜੇ ਸਮੇਂ ਵਿੱਚ ਦਿਨ ਰਾਤ ਇੱਕ ਕਰਦਿਆਂ ਕਿਸਾਨ ਮਰਦ-ਔਰਤਾਂ ਦੀ ਸ਼ਮੂਲੀਅਤ ਨੂੰ ਹੋਰ ਜਰਬਾਂ ਦਿੱਤੀਆਂ ਜਾਣ। ਇਹ ਸੰਘਰਸ਼ ਖੇਤੀ ਵਿਰੋਧੀ ਤਿੰਨੇ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਮਜਬੂਰੀ ਵੱਸ ਪਰਾਲੀ ਸਾੜ੍ਹਨ ਵਾਲੇ ਕਿਸਾਨਾਂ ਖਿਲਾਫ ਜੁਰਮਾਨਾ ਅਤੇ ਸਜਾ ਵਾਲਾ ਆਰਡੀਨੈਂਸ ਰੱਦ ਹੋਣ ਤੱਕ ਜਾਰੀ ਰਹੇਗਾ। ਕਿਸਾਨ ਸੰਘਰਸ਼ ਵਿੱਚ ਲਗਾਤਾਰ ਵਧ ਰਹੀ ਨੌਜਵਾਨ ਕਿਸਾਨਾਂ ਅਤੇ ਔਰਤਾਂ ਦੀ ਜਥੇਬੰਦਕ ਤਾਕਤ ਮੋਦੀ ਹਕੂਮਤ ਦੀਆਂ ਸਜਿਸ਼ਾਂ ਨੂੰ ਚਕਨਾਚੂਰ ਕਰਦਿਆਂ ਜੜ੍ਹਾਂ ਹਿਲਾਕੇ ਰੱਖ ਦੇਵੇਗੀ।
ਟੋਲ ਪਲਾਜਾ ਮਹਿਲਕਲਾਂ, ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪਾਂ ਅੱਗੇ ਚੱਲ ਰਹੇ ਧਰਨਿਆਂ ਉੱਪਰ ਸੰਘਰਸ਼ਸ਼ੀਲ ਕਾਫਲਿਆਂ ਨੇ ਹੋਰ ਵੱਧ ਤਨਦੇਹੀ ਅਤੇ ਜੋਸ਼ ਭਰਪੂਰ ਅਕਾਸ਼ ਗੁੰਜਾਊ ਨਾਹਰੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਸਿਆਂਸੀ ਖੁਮਾਰੀ ਭੰਨਣ ਦਾ ਐਲਾਨ ਕੀਤਾ। ਵੱਖ ਵੱਖ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਉੱਪਰ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਮਹਿਲਖੁਰਦ, ਟਿੰਕੂ ਭਦੌੜ, ਪਰਮਿੰਦਰ ਸਿੰਘ ਹੰਢਿਆਇਆ, ਅਜਮੇਰ ਸਿੰਘ ਕਾਲਸਾਂ, ਗਗਨਦੀਪ ਕੌਰ, ਗੁਰਬੀਰ ਕੌਰ, ਮੇਜਰ ਸਿੰਘ ਸੰਘੇੜਾ, ਸੁਖਵਿੰਦਰ ਕੌਰ, ਸਿੰਦਰਪਾਲ ਕੌਰ, ਮੁਖਤਿਆਰ ਸਿੰਘ , ਨਰਿੰਦਰਪਾਲ, ਸ਼ਿੰਗਾਰਾ ਸਿੰਘ, ਮੇਲਾ ਸਿੰਘ ਕੱਟੂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀਆਂ ਦੀਆਂ ਆਗੂ ਟੀਮਾਂ ਪਿੰਡਾਂ ਅੰਦਰ ਅਤੇ 26-27 ਨਵੰਬਰ ਦਿੱਲੀ ਮਾਰਚ ਦੀ ਸਫਲਤਾ ਲਈ ਫੰਡ ਅਤੇ ਰਾਸ਼ਨ ਮੁਹਿੰਮ ਅਤੇ ਮੀਟਿੰਗਾਂ/ਮਾਰਚਾਂ ਕਰਨ ਵਿੱਚ ਰੁੱਝੀਆਂ ਹੋਈਆਂ ਹਨ ਫਿਰ ਵੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ 1ਅਕਤੂਬਰ ਤੋਂ ਲਗਤਾਰ ਚੱਲ ਸਾਰੇ ਸੰਘਰਸ਼ੀ ਪਿੜਾਂ ਅੰਦਰ ਜੋਸ਼, ਗੁੱਸਾ ਅਤੇ ਉਤਸ਼ਾਹ ਵਧਦਾ ਜਾ ਰਿਹਾ ਹੈ।