ਕੇਂਦਰ ਕਿਸਾਨਾਂ ਦੇ ਮਸਲਿਆਂ ਦਾ ਹੁਣ ਬਿਨ੍ਹਾਂ ਦੇਰੀ ਕੀਤਿਆਂ ਹੱਲ ਕੱਢੇ : ਸਤਵੰਤ ਪੂਨੀਆ
ਸੰਗਰੂਰ, 29 ਅਕਤੂਬਰ। ( ਸੁਰਿੰਦਰ ਸਿੰਘ ਮਾਨ /ਸਰਾਓ) ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿੰਗ ਦੇ ਕੌਮੀ ਆਗੂ ਸਤਵੰਤ ਸਿੰਘ ਪੂਨੀਆ ਦੇ ਘਰ ਮੂਹਰੇ ਕਿਸਾਨਾਂ ਵੱਲੋਂ ਅੱਜ ਲਗਾਤਾਰ 16ਵੇਂ ਦਿਨ ਧਰਨਾ ਜਾਰੀ ਹੈ। ਅੱਜ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਪੂਨੀਆ ਦੇ ਘਰ ਮੂਹਰੇ ਡਟੇ ਹੋਏ ਹਨ। ਕਿਸਾਨਾਂ ਦੇ ਧਰਨਿਆਂ ਕਾਰਨ ਸ: ਪੂਨੀਆ ਦੇ ਪਰਿਵਾਰ ਨੂੰ ਰੋਜ਼ਾਨਾ ਹੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਵੀ ਸ: ਪੂਨੀਆ ਦੀ ਰਿਹਾਇਸ਼ ਗੁਰਦਾਸਪੁਰਾ ’ਚ ਵੱਡੀ ਗਿਣਤੀ ਕਿਸਾਨਾਂ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਧਰਨਾ ਦਿੱਤਾ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਭਾਰੀ ਨਾਅਰੇਬਾਜ਼ੀ ਵੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਭਾਜਪਾ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਨਾ ਚਿਰ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕਿਸਾਨ ਦੇਸ਼ ਦੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਰਾਹ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਧਰਨੇ ਦੇ ਰਿਹਾ ਹੈ ਪਰ ਹਾਲੇ ਤੱਕ ਮੋਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਪਰ ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਵੀ ਕਿਹਾ ਕਿ ਦੇਸ਼ ਦਾ ਅੰਨਦਾਤਾ ਜੇਕਰ ਅੰਨ ਪੈਦਾ ਕਰਕੇ ਦੇਸ਼ ਦੇ ਲੋਕਾਂ ਦਾ ਢਿੱਡ ਭਰ ਸਕਦਾ ਹੈ ਤਾਂ ਆਪਣੇ ਹੱਕਾਂ ਦੀ ਖ਼ਾਤਰ ਜੂਝ ਵੀ ਸਕਦਾ ਹੈ। ਅੱਜ ਦੇ ਇਸ ਧਰਨੇ ਨੂੰ ਵੱਖ ਵੱਖ ਕਿਸਾਨ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ।
ਅੱਜ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿੰਗ ਦੇ ਆਗੂ ਸਤਵੰਤ ਸਿੰਘ ਪੂਨੀਆ ਧਰਨਾ ਦੇ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਘਰ ਵਿਚੋਂ ਬਾਹਰ ਆ ਗਏ।
ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਖੁਦ ਕਿਸਾਨ ਹੋਣ ਦੇ ਨਾਤੇ ਕਿਸਾਨਾਂ ਦੀਆਂ ਮੰਗਾਂ ਪਾਰਟੀ ਹਾਈਕਮਾਂਡ ਕੋਲ ਪਹੁੰਚਾ ਚੁੱਕੇ ਹਨ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਨ੍ਹਾਂ ਦੀ ਪੂਰੀ ਹਮਦਰਦੀ ਉਨ੍ਹਾਂ ਦੇ ਨਾਲ ਹੈ।
ਇਸ ਪਿਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਪੂਨੀਆ ਨੇ ਕਿਹਾ ਕਿ ਪਾਰਟੀ ਦੀ ਅੱਠ ਮੈਂਬਰੀ ਕਮੇਟੀ ਕੇਂਦਰੀ ਹਾਈਕਮਾਂਡ ਨੂੰ ਮਿਲਣ ਲਈ ਦਿੱਲੀ ਜਾ ਰਹੀ ਹੈ ਜਿਹੜੀ ਪੰਜਾਬ ਵਿੱਚ ਪੈਦਾ ਹੋਈਆਂ ਮੌਜ਼ੂਦਾ ਪ੍ਰਸਥਿਤੀਆਂ ਤੋਂ ਪਾਰਟੀ ਨੂੰ ਜਾਣੂੰ ਕਰਵਾਏਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਮੀਟਿੰਗ ਪਿਛੋਂ ਮਾਮਲਾ ਕਿਸੇ ਤਣ ਪੱਤਣ ਦੀ ਲੱਗਣ ਦੀ ਪੂਰੀ ਸੰਭਾਵਨਾ ਹੈ।
ਪੂਨੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਨਾਲ ਨਾਲ ਦੇਸ਼ ਦੇ ਕਿਸਾਨਾਂ ਨੂੰ ਇਹ ਯਕੀਨ ਦਿਵਾਏ ਕਿ ਫਸਲਾਂ ਦੀ ਐਮ.ਐਸ.ਪੀ., ਮੰਡੀਕਰਨ ਅਤੇ ਨਾ ਹੀ ਆੜ੍ਹਤੀਆ ਸਿਸਟਮ ਖਤਮ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਭਾਜਪਾ ਆਗੂਆਂ ਵੱਲੋਂ ਪਾਰਟੀ ਤੋਂ ਅਸਤੀਫ਼ੇ ਦਿੱਤੇ ਜਾ ਰਹੇ ਹਨ, ਉਹ ਵੀ ਸਰਕਾਰ ਵੱਲੋਂ ਇਸ ਮਸਲੇ ਦਾ ਕੋਈ ਠੋਸ ਹੱਲ ਹਾਲੇ ਤਾਈਂ ਨਾ ਕੱਢਣ ਕਾਰਨ ਨਿਰਾਸ਼ਾ ਵਿੱਚ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਹੋਰ ਨੁਕਸਾਨ ਨਾ ਹੋਵੇ, ਤਾਂ ਕਰਕੇ ਕੇਂਦਰ ਸਰਕਾਰ ਨੂੰ ਫੌਰੀ ਕਿਸਾਨਾਂ ਦੇ ਇਨ੍ਹਾਂ ਮਸਲਿਆਂ ਦਾ ਫੌਰੀ ਹੱਲ ਕੱਢਣਾ ਚਾਹੀਦਾ ਹੈ।