ਫ਼ਤਹਿਗੜ੍ਹ ਸਾਹਿਬ,ਪਟਿਆਲਾ 07 ਸਤੰਬਰ (ਵਿਕਰਮ ਮਦਾਨ ) “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਹਾਨ ਸੰਸਥਾਂ ਅਤੇ ਸਿੱਖ ਪਾਰਲੀਮੈਂਟ ਇਸ ਲਈ ਕਾਨੂੰਨੀ ਤੌਰ ਤੇ ਹੋਂਦ ਵਿਚ ਆਈ ਸੀ ਕਿ ਇਹ ਸਿੱਖ ਕੌਮ ਦੁਆਰਾ ਚੁਣੀ ਜਾਣ ਵਾਲੀ ਧਾਰਮਿਕ ਸੰਸਥਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ-ਸਤਿਕਾਰ ਅਤੇ ਮਰਿਯਾਦਾਵਾਂ ਨੂੰ ਹਰ ਕੀਮਤ ਤੇ ਕਾਇਮ ਰੱਖਦੀ ਹੋਈ ਸਿੱਖ ਧਰਮ ਦਾ ਸੰਸਾਰ ਵਿਚ ਸਹੀ ਦਿਸ਼ਾ ਵੱਲ ਪ੍ਰਚਾਰ ਅਤੇ ਪ੍ਰਸਾਰ ਕਰ ਸਕੇ । ਇਸ ਦੇ ਨਾਲ ਹੀ ਗੁਰੂਘਰਾਂ ਦੇ ਨਿਜ਼ਾਮ ਨੂੰ ਸਮਾਜਿਕ ਉਸਾਰੂ ਅਤੇ ਪਾਰਦਰਸ਼ੀ ਰੱਖਦੀ ਹੋਈ ਬਿਨ੍ਹਾਂ ਕਿਸੇ ਭੇਦਭਾਵ-ਵਿਤਕਰੇ ਦੇ ਸਮੁੱਚੀ ਲੋਕਾਈ ਨੂੰ ਸਿੱਖ ਧਰਮ ਦੀਆਂ ਮਨੁੱਖਤਾ ਅਤੇ ਸਮਾਜਪੱਖੀ ਅੱਛਾਈਆ ਦੀ ਜਾਣਕਾਰੀ ਪ੍ਰਦਾਨ ਕਰਦੀ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਸਿੱਖ ਧਰਮ ਦੇ ਕੌਮਾਂਤਰੀ ਸਤਿਕਾਰ ਵਿਚ ਵਾਧਾ ਕਰਨ ਦੀ ਜਿ਼ੰਮੇਵਾਰੀ ਨਿਭਾਉਦੀ ਰਹੇ । ਜਦੋਂ ਹੁਣ ਐਸ.ਜੀ.ਪੀ.ਸੀ. ਦੇ ਹੈੱਡਕੁਆਰਟਰ ਸ੍ਰੀ ਅੰਮ੍ਰਿਤਸਰ ਵਿਖੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2016 ਤੋਂ ਹੀ 328 ਪਾਵਨ ਸਰੂਪ ਗਾਇਬ ਹਨ ਅਤੇ ਜਿਨ੍ਹਾਂ ਦਾ ਕੋਈ ਇਹ ਲਿਖਤੀ ਰਿਕਾਰਡ ਹੀ ਨਹੀਂ ਕਿ ਉਹ ਕਿਥੇ ਗਏ ? ਕਿਸ ਮਕਸਦ ਲਈ ਕਿੱਥੇ ਭੇਜੇ ਗਏ, ਕਿਸ ਦੇ ਹੁਕਮਾਂ ਤੇ ਗਏ, ਖਰਾਬ ਹੋਏ ਕਾਰਨ ਜਾਂ ਅੱਗ ਲੱਗਣ ਕਾਰਨ ਉਨ੍ਹਾਂ ਦੇ ਸੰਸਕਾਰ ਕਿਥੇ ਕੀਤੇ ਗਏ ਅਤੇ ਕਿਸ ਦੀ ਨਿਗਰਾਨੀ ਹੇਠ ਕੀਤੇ ਗਏ ? ਕੋਈ ਲਿਖਤੀ ਰਿਕਾਰਡ ਹੀ ਨਹੀਂ ਹੈ ਤਾਂ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਬਦੌਲਤ ਅਤੇ ਆਪਣੀਆ ਜਿ਼ੰਮੇਵਾਰੀਆਂ ਨਿਭਾਉਣ ਵਿਚ ਅਸਫ਼ਲ ਹੋ ਚੁੱਕੀ ਐਸ.ਜੀ.ਪੀ.ਸੀ. ਦੇ ਪ੍ਰਧਾਨ, ਅੰਤ੍ਰਿਗ ਕਮੇਟੀ ਮੈਂਬਰ ਅਤੇ ਸਮੁੱਚੇ ਚੁਣੇ ਹੋਏ ਐਸ.ਜੀ.ਪੀ.ਸੀ. ਮੈਬਰਾਂ ਨੂੰ ਕੋਈ ਇਖਲਾਕੀ ਹੱਕ ਬਾਕੀ ਨਹੀਂ ਰਹਿ ਗਿਆ ਕਿ ਉਹ ਆਪਣੇ ਆਪ ਨੂੰ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੇ ਮੈਂਬਰ ਕਹਿਲਾਉਣ। ਬਲਕਿ ਇਸ ਹੋਈ ਬਜਰ ਗੁਸਤਾਖੀ ਲਈ ਸਮੁੱਚੇ ਐਸ.ਜੀ.ਪੀ.ਸੀ. ਮੈਂਬਰ ਆਪਣੇ ਆਪ ਨੂੰ ਜਿ਼ੰਮੇਵਾਰ ਸਮਝਦੇ ਹੋਏ ਆਪਣੀ-ਆਪਣੀ ਮੈਬਰੀ ਤੋਂ ਅਸਤੀਫੇ ਦੇ ਕੇ ਇਸ ਮਹਾਨ ਧਾਰਮਿਕ ਸੰਸਥਾਂ ਦੀ ਨਵੀ ਚੋਣ ਕਰਵਾਉਣ ਲਈ ਰਾਹ ਪੱਧਰਾਂ ਕਰਨ ਤਾਂ ਜੋ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀ ਘਟੀਆਂ ਸਿਆਸਤ ਅਤੇ ਇਸ ਸੰਸਥਾਂ ਦੇ ਅਮਲੇ-ਫੈਲੇ ਵਿਚ ਵੱਡੀ ਰਿਸ਼ਵਤਖੋਰੀ ਪੈਦਾ ਹੋ ਚੁੱਕੇ ਦੋਸ਼ਪੂਰਨ ਪ੍ਰਬੰਧ ਨੂੰ ਖ਼ਤਮ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਰੂਪ ਵਿਚ ਸਮਰਪਿਤ ਗੁਰਸਿੱਖਾਂ ਨੂੰ ਆਪਣੇ ਵੋਟ ਹੱਕ ਰਾਹੀ ਚੁੱਣਕੇ ਨਵੇਂ ਸਿਰੇ ਤੋਂ ਐਸ.ਜੀ.ਪੀ.ਸੀ. ਦਾ ਪ੍ਰਬੰਧ ਸੌਪ ਸਕੇ ਅਤੇ ਇਸ ਮਹਾਨ ਸੰਸਥਾਂ ਉਤੇ ਲੱਗੇ ਧੱਬੇ ਅਤੇ ਦੋਸ਼ਾ ਨੂੰ ਧੋਇਆ ਜਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ, ਸਮੁੱਚੇ ਅੰਤ੍ਰਿਗ ਕਮੇਟੀ ਮੈਬਰਾਂ ਅਤੇ ਦੂਸਰੇ ਮੈਬਰਾਂ ਨੂੰ ਸਿੱਖ ਧਰਮ ਅਤੇ ਸਿੱਖ ਕੌਮ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਦੇ ਹੋਏ ਐਸ.ਜੀ.ਪੀ.ਸੀ. ਦੇ ਨਿਜ਼ਾਮ ਵਿਚ ਫੈਲੇ ਵੱਡੇ ਭ੍ਰਿਸ਼ਟਾਚਾਰ, ਘਪਲਿਆ ਅਤੇ ਗੁਰੂਘਰ ਦੇ ਪ੍ਰਬੰਧ ਵਿਚ ਆਈਆ ਵੱਡੀਆ ਖਾਮੀਆ ਦਾ ਅੰਤ ਕਰਨ ਲਈ ਸਮੁੱਚੇ ਐਸ.ਜੀ.ਪੀ.ਸੀ. ਮੈਬਰਾਂ ਨੂੰ ਤੁਰੰਤ ਅਸਤੀਫੇ ਦੇ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਨਵੀਆਂ ਜਰਨਲ ਚੋਣਾਂ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਉਣ ਦੀ ਸੰਜ਼ੀਦਾਂ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੰਭੀਰ ਵਿਸ਼ੇ ਤੇ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਕਿਸੇ ਸੰਗਠਨ ਸੰਸਥਾਂ ਜਾਂ ਘਰ ਦੇ ਪ੍ਰਬੰਧ ਨੂੰ ਚਲਾਉਣ ਵਾਲਾ ਹੀ ਗੈਰ ਇਖਲਾਕੀ, ਧੋਖੇ-ਫਰੇਬ ਕਰਨ ਵਾਲਾ ਇਨਸਾਨ ਹੋਵੇ ਤਾਂ ਉਸ ਸੰਸਥਾਂ ਦੇ ਬਾਕੀ ਮੈਬਰਾਂ ਅਤੇ ਪ੍ਰਬੰਧਕਾਂ ਦੇ ਦਾਗੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਕਿਉਂਕਿ ਬੇਸ਼ੱਕ ਸਿੱਧੇ ਤੌਰ ਤੇ ਐਸ.ਜੀ.ਪੀ.ਸੀ. ਉਤੇ ਗੈਰ ਸਿਧਾਤਿਕ, ਸਿੱਖੀ ਨਿਯਮਾਂ ਅਤੇ ਅਸੂਲਾਂ ਨੂੰ ਨਿਰੰਤਰ ਪਿੱਠ ਦੇਦੇ ਆ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦਾ ਕੋਈ ਹੱਥ ਨਹੀਂ, ਪਰ ਅਸਿੱਧੇ ਤੌਰ ਤੇ ਇਸ ਮਹਾਨ ਸੰਸਥਾਂ ਦੇ ਪ੍ਰਬੰਧ ਨੂੰ ਦੋਸ਼ਪੂਰਨ ਬਣਾਉਣ ਅਤੇ ਇਸ ਵਿਚ ਵੱਡੀ ਘਪਲੇਬਾਜ਼ੀ ਨੂੰ ਉਤਸਾਹਿਤ ਕਾਰਨ, ਗੁਰੂਘਰ ਦੀ ਗੋਲਕ ਦੀ ਲੁੱਟ-ਖਸੁੱਟ ਕਰਨ ਅਤੇ ਇਸ ਸੰਸਥਾਂ ਦੇ ਅਧੀਨ ਚੱਲ ਰਹੇ ਸਮੁੱਚੇ ਵਿਦਿਅਕ ਅਤੇ ਸਿਹਤ ਸੰਬੰਧੀ ਅਦਾਰਿਆ ਦਾ ਟਰੱਸਟ ਬਣਾਕੇ ਆਪਣੇ ਚਹੇਤਿਆ ਨੂੰ ਗਲਤ ਢੰਗਾਂ ਰਾਹੀ ਧਨ-ਦੌਲਤ ਇਕੱਤਰ ਕਰਨ ਨੂੰ ਉਤਸਾਹਿਤ ਕਰਨ ਵਿਚ ਸ. ਬਾਦਲ ਅਤੇ ਬਾਦਲ ਪਰਿਵਾਰ ਸਿੱਧੇ ਤੌਰ ਤੇ ਜਿ਼ੰਮੇਵਾਰ ਹੈ । ਉਨ੍ਹਾਂ ਦੇ ਹੁਕਮਾਂ ਤੋਂ ਵਗੈਰ ਇਸ ਮਹਾਨ ਸੰਸਥਾਂ ਵਿਚ ਨਾ ਤਾਂ ਕੋਈ ਨਿਯੁਕਤੀ ਹੋ ਸਕਦੀ ਹੈ ਅਤੇ ਨਾ ਹੀ ਕੋਈ ਵੱਡੇ ਗਬਨ ਅਤੇ ਘਪਲੇ ੋਹ ਸਕਦੇ ਹਨ । ਇਥੋਂ ਤੱਕ ਉਨ੍ਹਾਂ ਵੱਲੋਂ ਭੇਜੇ ਬੰਦ ਲਿਫਾਫਿਆ ਰਾਹੀ ਹੀ ਸਾਡੇ ਮਹਾਨ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਅਧਿਕਾਰੀਆਂ ਦੀ ਚੋਣ ਹੁੰਦੀ ਆ ਰਹੀ ਹੈ । ਇਸ ਦੋਸ਼ਪੂਰਨ ਗੈਰ ਇਖਲਾਕੀ ਪ੍ਰਣਾਲੀ ਨੇ ਸਾਡੀ ਇਸ ਮਹਾਨ ਸੰਸਥਾਂ ਨੂੰ ਦਾਗੋ-ਦਾਗ ਕਰ ਦਿੱਤਾ ਹੈ । ਜੋ ਹੁਣ ਸਿੱਖ ਕੌਮ ਵੱਲੋਂ ਬਰਦਾਸਤ ਨਹੀਂ ਕੀਤਾ ਜਾ ਸਕਦਾ ।
ਸ. ਮਾਨ ਨੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਆਕਾਵਾਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਹੋਣ ਦੇ ਵੇਰਵੇ ਦਿੰਦੇ ਹੋਏ ਕਿਹਾ ਕਿ ਬੀਤੇ ਸਮੇਂ ਵਿਚ ਜੋ ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਦੇ ਚੇਲਿਆ ਵੱਲੋਂ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਅਤੇ ਹੋਰ ਅਨੇਕਾਂ ਸਥਾਨਾਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਹੋਏ ਹਨ, ਉਹ ਸ . ਬਾਦਲ ਦੀ ਸਰਪ੍ਰਸਤੀ ਵਾਲੀ ਸਰਕਾਰ ਸਮੇਂ ਉਪਰੋਕਤ ਡੇਰੇਦਾਰਾਂ ਤੋਂ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਖੁਦ ਕਰਵਾਏ ਗਏ ਹਨ । ਦੋਸ਼ੀਆਂ ਨੂੰ ਫੜਨ ਦੀ ਬਜਾਇ ਬਾਦਲ ਸਰਕਾਰ ਨੇ ਆਪਣੇ ਪੁਲਿਸ ਅਫ਼ਸਰਾਂ ਰਾਹੀ ਅਮਨਮਈ ਧਰਨੇ ਉਤੇ ਬੈਠੇ ਸਿੱਖਾਂ ਉਤੇ ਗੋਲੀਆਂ ਚਲਾਉਣ ਦੇ ਹੁਕਮ ਕਰਕੇ ਸਿੱਖਾਂ ਨੂੰ ਸ਼ਹੀਦ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਨ੍ਹਾਂ ਨੀਲੀ ਪੱਗੜੀਧਾਰੀ ਆਪਣੇ-ਆਪ ਨੂੰ ਅਕਾਲੀ ਕਹਾਉਣ ਵਾਲੇ ਆਗੂਆਂ ਦੇ ਮਨ ਅਤੇ ਆਤਮਾਵਾਂ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਪ੍ਰਤੀ ਕੋਈ ਸਤਿਕਾਰ-ਮਾਣ ਨਹੀਂ । ਕੇਵਲ ਤੇ ਕੇਵਲ ਆਪਣੇ ਸਿਆਸੀ ਰੁਤਬਿਆ ਨੂੰ ਕਾਇਮ ਰੱਖਣ ਅਤੇ ਆਪਣੇ ਧਨ-ਦੌਲਤਾਂ ਦੇ ਭੰਡਾਰਾਂ ਵਿਚ ਵਾਧਾ ਕਰਨ ਲਈ ਸਾਡੀ ਮਹਾਨ ਸੰਸਥਾਂ ਐਸ.ਜੀ.ਪੀ.ਸੀ. ਅਤੇ ਸਿੱਖ ਧਰਮ ਦੀ ਇਹ ਨਿਰੰਤਰ ਦੁਰਵਰਤੋਂ ਵੀ ਕਰਦੇ ਆ ਰਹੇ ਹਨ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਬਦਨਾਮ ਕਰਨ ਦੇ ਵੀ ਭਾਗੀਦਾਰ ਹਨ । ਉਨ੍ਹਾਂ ਕਿਹਾ ਕਿ ਜੋ 328 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅਲੋਪ ਹੋਣ ਦੀ ਗੱਲ ਚੱਲ ਰਹੀ ਹੈ, ਇਹ ਕੇਵਲ 328 ਨਹੀਂ, ਬਲਕਿ 453 ਸਰੂਪ ਹਨ, ਜਿਨ੍ਹਾਂ ਵਿਚ 125 ਉਹ ਹਨ ਜਿਨ੍ਹਾਂ ਦੇ ਪਵਿੱਤਰ ਅੰਗਾਂ ਨੂੰ ਛਾਪਕੇ ਬਾਹਰੋ ਜਿਲਦਾਂ ਚੜਾਈਆ ਗਈਆ ਹਨ ਅਤੇ 21 ਹੋਰ ਪਾਵਨ ਸਰੂਪ ਹਨ। ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 2016 ਵਿਚ ਜਦੋਂ ਇਹ ਪਾਵਨ ਸਰੂਪ ਅਲੋਪ ਹੋਏ ਸਨ, ਉਸ ਸਮੇਂ ਕੁਝ ਨੇਕ ਅਤੇ ਇਮਾਨਦਾਰ ਪੁਲਿਸ ਅਫ਼ਸਰਾਂ ਨੇ ਆਪਣੀ ਵੱਡੀ ਅਫ਼ਸਰਸ਼ਾਹੀ ਨੂੰ ਇਸ ਦਿਸ਼ਾ ਵੱਲ ਪਰਚਾ ਦਰਜ ਕਰਨ ਲਈ ਕਿਹਾ ਸੀ । ਲੇਕਿਨ ਕਿਉਂਕਿ ਉਸ ਸਮੇਂ ਬਾਦਲ ਸਰਕਾਰ ਸੀ ਅਤੇ ਪੰਜਾਬ ਦੇ ਗ੍ਰਹਿ ਵਜ਼ੀਰ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਨ । ਇਸੇ ਲਈ ਪੁਲਿਸ ਦੀ ਵੱਡੀ ਅਫਸਰਸ਼ਾਹੀ ਨੇ ਇਹ ਪਰਚਾ ਦਰਜ ਕਰਨ ਦੀ ਨਾਂਹ ਕਰਕੇ ਆਪਣੇ ਨਾਲ ਪੁਲਿਸ ਅਫਸਰਾਂ ਨੂੰ ਗੱਲਬਾਤ ਕਰਨ ਲਈ ਕਿਹਾ ਸੀ । ਇਸ ਸੰਬੰਧੀ ਜੋ ਐਸ.ਜੀ.ਪੀ.ਸੀ. ਅੰਤ੍ਰਿਗ ਕਮੇਟੀ ਦੀ ਫੈਸਲਾ ਲੈਣ ਲਈ ਮੀਟਿੰਗ ਹੋਈ ਸੀ, ਉਹ ਪਹਿਲੇ 11 ਵਜੇ ਸ੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਰੱਖੀ ਗਈ, ਫਿਰ ਇਸ ਨੂੰ ਬਦਲਕੇ 2 ਵਜੇ ਐਸ.ਜੀ.ਪੀ.ਸੀ. ਦੇ ਮਹਿਤਾ ਰੋਡ ਵਿਖੇ ਸਥਿਤ ਹਸਪਤਾਲ ਦੇ ਮੀਟਿੰਗ ਰੂਪ ਵਿਚ ਰੱਖੀ ਗਈ, ਫਿਰ ਇਹ 4 ਵਜੇ ਕਰ ਦਿੱਤੀ ਗਈ, ਕਿਉਂਕਿ ਉਸ ਦਿਨ ਚੰਡੀਗੜ੍ਹ ਵਿਖੇ ਬਾਦਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਣੀ ਸੀ। ਉਸ ਕੋਰ ਕਮੇਟੀ ਦੀ ਮੀਟਿੰਗ ਤੋਂ ਆਏ ਹੁਕਮਾਂ ਅਨੁਸਾਰ ਹੀ ਇਨ੍ਹਾਂ ਨੇ ਫੈਸਲਾ ਕਰਨਾ ਸੀ । ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਗਾਇਬ ਕਰਨ ਜਾਂ ਆਪਣੇ ਸੈਂਟਰ ਦੇ ਭਾਈਵਾਲਾ ਦੇ ਸਾਤਿਰ ਦਿਮਾਗਾਂ ਤੇ ਇਨ੍ਹਾਂ ਸਰੂਪਾਂ ਨੂੰ ਸੌਪਣ ਜਾਂ ਕਿਸੇ ਹੋਰ ਮੰਦਭਾਵਨਾਂ ਭਰੇ ਮਕਸਦ ਅਧੀਨ ਕੀਤਾ ਗਿਆ । ਉਸ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਉਸ ਸਮੇਂ ਵੀ ਪੂਰੀ ਵਾਕਫੀਅਤ ਰੱਖਦਾ ਸੀ ਅਤੇ ਅੱਜ ਵੀ ਇਨ੍ਹਾਂ ਕੋਲ ਸਾਰੀ ਜਾਣਕਾਰੀ ਹੈ । ਉਨ੍ਹਾਂ ਇਨ੍ਹਾਂ ਸਰੂਪਾਂ ਦੀ ਬੇਅਦਬੀ ਦੀ ਇਕ ਹੋਰ ਗੱਲ ਕਰਦੇ ਹੋਏ ਕਿਹਾ ਕਿ 17 ਅਕਤੂਬਰ 2014 ਨੂੰ ਐਸ.ਜੀ.ਪੀ.ਸੀ. ਦੇ ਮਤਾ ਨੰਬਰ 931 ਰਾਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 450 ਸਰੂਪ ਕੈਨੇਡਾ ਦੇ ਇਕ ਟਰੱਸਟ ਵੱਲੋਂ ਕੀਤੀ ਮੰਗ ਉਤੇ ਸ. ਰਿਪੁਦਮਨ ਸਿੰਘ ਮਲਿਕ ਨੂੰ ਭੇਜਣ ਦਾ ਮਤਾ ਪਾਸ ਹੋਇਆ ਸੀ । ਇਹ ਐਸ.ਜੀ.ਪੀ.ਸੀ. ਵੱਲੋਂ ਇਕ ਬਹੁਤ ਹੀ ਮਹਿੰਗੀ ਬੱਸ ਤਿਆਰ ਕਰਵਾਕੇ ਜਿਸਦਾ ਨੰਬਰ ਪੀਬੀ 02ਏ-9903 ਸੀ, ਉਸ ਰਾਹੀ ਸਮੁੰਦਰੀ ਜਹਾਜ਼ ਤੇ ਚੜ੍ਹਾਕੇ ਕੈਨੇਡਾ ਭੇਜੇ ਗਏ ਅਤੇ ਇਹ ਬੱਸ ਵੈਨਕੂਵਰ ਦੇ ਸਮੁੰਦਰੀ ਕੰਢੇ ਤੇ ਲੰਮਾਂ ਸਮਾਂ ਖੜ੍ਹੀ ਰਹੀ । ਜਿਸਦੀ ਬਦੌਲਤ ਸਮੁੰਦਰੀ ਨਮੀ ਕਾਰਨ ਇਹ ਪਾਵਨ ਸਰੂਪ ਖਰਾਬ ਹੋ ਗਏ । ਜਦੋਂ ਕਿਸੇ ਗੁਰਸਿੱਖ ਨੇ ਵੇਖਕੇ ਰੌਲਾ ਪਾਇਆ ਤਾਂ ਇਨ੍ਹਾਂ ਸਰੂਪਾਂ ਨੂੰ ਕੈਨੇਡਾ ਦੇ ਵੱਖ-ਵੱਖ ਗੁਰੂਘਰਾਂ ਵਿਚ ਵੰਡ ਦਿੱਤਾ ਗਿਆ । ਜੋ ਬਹੁਤ ਕੀਮਤੀ ਬੱਸ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋਂ ਤਿਆਰ ਕੀਤੀ ਗਈ ਸੀ ਉਸ ਨੂੰ ਇਨ੍ਹਾਂ ਰਿਸ਼ਵਤਖੋਰ ਅਤੇ ਘਪਲੇਬਾਜ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੇ ਕੈਨੇਡਾ ਦੇ ਇਕ ਧਨਾਢ ਸ. ਜਤਿੰਦਰ ਸਿੰਘ ਉੱਪਲ ਨੂੰ ਕੇਵਲ 8 ਲੱਖ ਵਿਚ ਵੇਚ ਦਿੱਤੀ ਗਈ । ਬਾਅਦ ਵਿਚ 25 ਦਸੰਬਰ 2016 ਨੂੰ ਐਸ.ਜੀ.ਪੀ.ਸੀ. ਨੇ ਇਸ ਬੱਸ ਨੂੰ ਹਾਦਸਾਗ੍ਰਸਤ ਕਰਾਰ ਦੇ ਕੇ ਇਸ ਘਪਲੇ ਦਾ ਅੰਤ ਕਰ ਦਿੱਤਾ । ਜੋ ਸ. ਬਾਦਲਾਂ ਦੇ ਹੁਕਮ ਉਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਗਬਨ ਵਿਚ 11 ਅਧਿਕਾਰੀਆਂ ਨੂੰ ਸਜ਼ਾ ਦਿੰਦੇ ਹੋਏ ਮੁਅੱਤਲ ਅਤੇ ਨੌਕਰੀਆਂ ਤੋਂ ਫਾਰਗ ਕੀਤਾ ਗਿਆ ਹੈ, ਬੇਸ਼ੱਕ ਇਹ ਸਾਰੇ ਗੁਰੂਘਰਾਂ ਦੇ ਵਿਚ ਹੋਣ ਵਾਲੇ ਘਪਲਿਆ ਅਤੇ ਉਪਰੋਕਤ ਮੁੱਦੇ ਵਿਚ ਸਾਜਿ਼ਸ ਦੀ ਕੜੀ ਦੇ ਹਿੱਸਾ ਹਨ । ਪਰ ਜੋ ਇਨ੍ਹਾਂ ਤੋਂ ਅਜਿਹੇ ਗੈਰ-ਇਖਲਾਕੀ, ਗੈਰ-ਧਾਰਮਿਕ ਗਲਤ ਕੰਮ ਕਰਵਾਉਣ ਦੇ ਹੁਕਮ ਕਰਦੇ ਰਹੇ ਹਨ, ਉਨ੍ਹਾਂ ਵੱਡੇ ਮਗਰਮੱਛਾਂ ਨੂੰ ਕੋਈ ਆਂਚ ਨਹੀਂ ਆਈ । ਕੁਝ ਸਮੇਂ ਬਾਅਦ ਇਹ ਮਗਰਮੱਛ ਸਾਡੀ ਐਸ.ਜੀ.ਪੀ.ਸੀ. ਦੀ ਸੰਸਥਾਂ ਵਿਚ ਅਜਿਹੇ ਵੱਡੇ ਘਪਲੇ ਅਤੇ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੇ ਅਮਲ ਕਰਦੇ ਰਹਿਣਗੇ । ਇਸ ਲਈ ਸਮੁੱਚੀ ਸਿੱਖ ਕੌਮ ਦੀ ਇਸ ਸਮੇਂ ਵੱਡੀ ਜਿ਼ੰਮੇਵਾਰੀ ਬਣ ਜਾਂਦੀ ਹੈ ਕਿ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਉਤੇ ਲੱਗੇ ਅਜਿਹੇ ਧੱਬਿਆ ਜਿਨ੍ਹਾਂ ਵਿਚ ਲੰਗਰਾਂ ਦੀ ਰਸਦ ਵਿਚ ਹੇਰਾਫੇਰੀ, ਦੇਗ ਲਈ ਵਰਤੇ ਜਾਣ ਵਾਲੇ ਦੇਸ਼ੀ ਘੀ ਦੀ ਖਰੀਦ ਵਿਚ, ਸਿਰਪਾਓ ਦੀ ਖਰੀਦ ਵਿਚ, ਇਮਾਰਤੀ ਸਾਜੋ ਸਮਾਨ ਦੀ ਖਰੀਦ ਵਿਚ, ਐਸ.ਜੀ.ਪੀ.ਸੀ. ਦੀਆਂ ਗੱਡੀਆਂ ਅਤੇ ਪੈਟਰੋਲ ਵਿਚ ਹੋ ਰਹੇ ਗਬਨ ਆਦਿ ਸਭ ਦਾ ਅੰਤ ਕਰਨ ਲਈ ਇਹ ਜ਼ਰੂਰੀ ਹੈ ਕਿ ਮੌਜੂਦਾ ਐਸ.ਜੀ.ਪੀ.ਸੀ. ਦੇ ਸਮੁੱਚੇ ਮੈਬਰਾਂ ਤੋਂ ਇਖ਼ਲਾਕੀ ਤੌਰ ਤੇ ਜਿਥੇ ਅਸਤੀਫੇ ਦੀ ਮੰਗ ਕਰਨ, ਉਥੇ ਅੱਛੀ ਸੋਚ ਰੱਖਣ ਵਾਲੇ ਐਸ.ਜੀ.ਪੀ.ਸੀ. ਮੈਬਰ ਖੁਦ ਅਜਿਹੇ ਦੋਸ਼ਪੂਰਨ ਪ੍ਰਬੰਧ ਨੂੰ ਮੁੱਖ ਰੱਖਕੇ ਆਪੋ-ਆਪਣੀ ਮੈਬਰੀ ਤੋਂ ਅਸਤੀਫੇ ਦੇ ਕੇ ਐਸ.ਜੀ.ਪੀ.ਸੀ. ਦੀਆਂ ਪਿਛਲੇ 4 ਸਾਲਾਂ ਤੋਂ ਪੈਡਿੰਗ ਪਈਆਂ ਜਰਨਲ ਚੋਣਾਂ ਕਰਵਾਉਣ ਲਈ ਆਵਾਜ਼ ਉਠਾਉਦੇ ਹੋਏ ਸਮੁੱਚੇ ਮੈਬਰਾਂ ਨੂੰ ਅਸਤੀਫੇ ਦੇਣ ਲਈ ਮਜਬੂਰ ਕਰ ਦੇਣ । ਤਾਂ ਇਹ ਖ਼ਾਲਸਾ ਪੰਥ ਦੀ ਜਿਥੇ ਵੱਡੀ ਸੇਵਾ ਹੋਵੇਗੀ, ਉਥੇ ਇਸ ਮਹਾਨ ਸੰਸਥਾਂ ਦੇ ਸਤਿਕਾਰ-ਮਾਣ ਨੂੰ ਅਸੀਂ ਕੌਮਾਂਤਰੀ ਪੱਧਰ ਤੇ ਫਿਰ ਤੋਂ ਕਾਇਮ ਕਰਨ ਵਿਚ ਸਫਲ ਹੋ ਸਕਾਂਗੇ ਅਤੇ ਗੁਰੂਘਰਾਂ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਵਿਚ ਭੂਮਿਕਾ ਨਿਭਾ ਰਹੇ ਹੋਵਾਂਗੇ । ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਕੌਮ ਦੇ ਬਿਨ੍ਹਾਂ ਤੇ ਐਸ.ਜੀ.ਪੀ.ਸੀ. ਦੇ ਸਮੁੱਚੇ ਮੈਬਰਾਂ, ਅਹੁਦੇਦਾਰਾਂ ਤੋਂ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਗੈਰ ਇਖਲਾਕੀ ਅਤੇ ਗੈਰ ਧਾਰਮਿਕ ਸ. ਬਾਦਲ ਅਤੇ ਬਾਦਲ ਪਰਿਵਾਰ ਦੇ ਸਿਆਸਤਦਾਨਾਂ ਤੋਂ ਇਸ ਸੰਸਥਾਂ ਨੂੰ ਪੂਰਨ ਰੂਪ ਵਿਚ ਆਜ਼ਾਦ ਕਰਵਾਉਣ ਲਈ ਅਤੇ ਮਹਾਨ ਸਿੱਖੀ ਰਵਾਇਤਾ ਨੂੰ ਕਾਇਮ ਰੱਖਣ ਲਈ ਆਪਣੀ ਇਹ ਕੌਮੀ ਜਿ਼ੰਮੇਵਾਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬ ਨੂੰ ਹਾਜ਼ਰ-ਨਾਜ਼ਰ ਸਮਝਦੇ ਹੋਏ ਤੁਰੰਤ ਅਮਲੀ ਰੂਪ ਵਿਚ ਕਦਮ ਉਠਾਉਣਗੇ ।
WhatsAppFacebookTwitterEmailShare

LEAVE A REPLY

Please enter your comment!
Please enter your name here