ਗੁਰਿੰਦਰਪਾਲ ਸਿੰਘ ਧਨੌਲਾ।
ਇੱਕ ਆਮ ਕਹਾਵਤ ਹੈ ਕਿ ਏਕੇ ਵਿੱਚ ਬਰਕਤ ਹੈ। ਇਸ ਉੱਤੇ ਕੋਈ ਸ਼ੱਕ ਨਹੀਂ ਕਿ ਇੱਕ ਪਰਿਵਾਰ ਤੋਂ ਲੈਕੇ ਹਰ ਵੱਡੀ ਛੋਟੀ ਇਕਾਈ ਵਿੱਚ ਏਕਤਾ ਹੋਵੇ ਤਾਂ ਮੰਜ਼ਿਲਾਂ ਪੈਰ ਚੁੰਮਦੀਆਂ ਹਨ। ਅਨੇਕਤਾਂ ਵਿੱਚੋਂ ਤਾਂ ਸਿਰਫ ਬਰਬਾਦੀ ਦੇ ਰਸਤੇ ਹੀ ਨਿਕਲਦੇ ਹਨ। ਸਿੱਖ ਪੰਥ ਵਿੱਚ ਵੀ ਜਿੰਨਾ ਚਿਰ ਏਕਤਾ ਰਹੀ ਓਨਾਂ ਚਿਰ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਦੀ ਧੌਣ ਦੇ ਕਿੱਲੇ ਵੀ ਕੱਢੇ ਹਨ। ਪ੍ਰੰਤੂ ਜਦੋਂ ਕਦੇ ਪਾਟਕ ਪਿਆ ਭਾਵ ਅਨੇਕਤਾ ਆਈ ਤਾਂ ਫਿਰ ਬੱਚਿਆਂ ਦੇ ਟੋਟੇ ਕਰਵਾਕੇ ਗਲ਼ਾਂ ਵਿੱਚ ਹਰ ਵੀ ਪਵਾਉਣੇ ਪਏ ਅਤੇ ਸਿਰਾਂ ਦੇ ਮੁੱਲ ਵੀ ਪੈਂਦੇ ਰਹੇ। ਪਰ ਜਦੋਂ ਫਿਰ ਸਿੱਖਾਂ ਨੇ ਗੁਰੂ ਵੱਲ ਮੂੰਹ ਕੀਤਾ ਤਾਂ ਏਕਤਾ ਨੇ ਜ

ਨਮ ਲਿਆ ਅਤੇ ਬਾਦਸ਼ਾਹੀਆਂ ਕਾਇਮ ਕਰਕੇ, ਦੁਨੀਆਂ ਤੋ ਵਿਲੱਖਣ ਰਾਜ ਪ੍ਰਬੰਧ ਵੀ ਦਿੱਤਾ ਹੈ। ਫੁੱਟ ਪੈਣੀ ਜਾਂ ਕਿਸੇ ਨੇ ਪਵਾ ਦੇਣੀ, ਇਹ ਦੁਨੀਆਂ ਦਾ ਦਸਤੂਰ ਹੈ। ਸਿੱਖ ਪੰਥ ਉੱਤੇ ਵੀ ਦੁਨੀਆਂ ਦੇ ਝੂਠ ਦੀ ਸਦਾ ਨਜ਼ਰ ਰਹੀ ਹੈ ਕਿ ਇਸ ਨੂੰ ਕਿਵੇਂ ਬਰਬਾਦ ਕੀਤਾ ਜਾਵੇ। ਉਂਜ ਤਾਂ ਕਿਸੇ ਦੀ ਹਿੰਮਤ ਨਹੀਂ ਕਿ ਆਪਣੇ ਦਮ ਉੱਤੇ ਸਿੱਖ ਪੰਥ ਦਾ ਮੁਕਾਬਲਾ ਕਰ ਸਕੇ। ਇਸ ਕਰਕੇ ਹਰ ਕੋਈ ਤਰੇੜਾਂ ਭਾਲਦਾ ਰਹਿੰਦਾ ਹੈ। ਇਹ ਵੀ ਕੋਈ ਸ਼ੱਕ ਨਹੀਂ ਕਿ ਸਿੱਖ ਆਗੂਆਂ ਦੇ ਕਿਰਦਾਰ ਵਿੱਚ ਵੀ ਗਿਰਾਵਟ ਆਈ ਹੈ। ਉਹਨਾਂ ਨੂੰ ਪੰਥ ਨਾਲੋਂ ਨਿੱਜਵਾਦ ਦਾ ਜਿਆਦਾ ਖਿਆਲ ਰਹਿੰਦਾ ਹੈ। ਜਿਸ ਕਰਕੇ ਅੱਜ ਸਿੱਖ ਪੰਥ ਜਾਂ ਸਿੱਖ ਸਿਆਸਤ ਖੁਆਰੀਆਂ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਫੁੱਟ ਤਾਂ ਗੁਰੂ ਪਰਿਵਾਰਾਂ ਵਿੱਚ ਵੀ ਰਹੀ ਹੈ। ਪ੍ਰੰ

ਤੂ ਗੁਰੂ ਸਾਹਿਬ ਦੇ ਸਰੀਰਕ ਰੂਪ ਹੁੰਦਿਆਂ , ਕਿਸੇ ਨੰ ਕੋਈ ਰਿਆਇਤ ਨਹੀਂ ਮਿਲਦੀ ਸੀ। ਸਗੋਂ ਕਰਮਾਂ ਅਨੁਸਾਰ ਨਬੇੜੇ ਹੁੰਦੇ ਸਨ। ਉਸ ਵੇਲੇ ਵੀ ਪੁੱਤਰ ਆਕੀ ਹੋਏ ,ਭਰਾ ਭਰਾ ਦੁਸ਼ਮਣ ਰਹੇ ਹਨ। ਪਿਰਥੀ ਚੰਦ ਤਾਂ ਇੱਥੋਂ ਤੱਕ ਗਰਕ ਗਿਆ ਸੀ ਕਿ ਆਪਣੇ ਸੱਕੇ ਭਰਾ ਗੁਰੂ ਅਰਜਨ ਸਾਹਿਬ ਨੂੰ ਮਰਵਾਉਣ ਵਾਸਤੇ ਜਹਾਂਗੀਰ ਬਾਦਸ਼ਾਹ ਦੇ ਖੂੰਖਾਰ ਜਰਨੈਲ ਸੁਲਹੀ ਖਾਂ ਨਾਲ ਸੌਦਾ ਕਰ ਲਿਆ ਸੀ। ਇਸ ਕਰਕੇ ਫੁੱਟ ਕੋਈ ਅਚੰਭੇ ਵਾਲੀ ਗੱਲ ਨਹੀਂ। ਇਹ ਇੱਕ ਆਮ ਵਰਤਾਰਾ ਹੈ। ਜੇ ਇੱਕ ਧਿਰ ਸਹੀ ਵੀ ਹੋਵੇ ਤਾਂ ਕਈ ਵਾਰ ਦੂਜੀ ਧਿਰ ਨੂੰ ਗੱਲ ਸਮਝ ਨਹੀਂ ਪੈਂਦੀ ਜਾਂ ਕਿਸੇ ਮਕਾਰੀ ਦੇ ਵੱਸ ਉਹ ਸਮਝਣਾ ਨਹੀਂ ਚਾਹੁੰਦੇ ਤਾਂ ਅਜਿਹੇ ਮੌਕੇ ਫੁੱਟ ਪੈ ਜਾਂਦੀ ਹੈ ਅਤੇ ਭਰਾ ਭਰਾ ਦਾ ਦੁਸ਼ਮਣ ਬਣ ਜਾਂਦਾ ਹੈ। ਮਿਸਲਾਂ ਦੇ ਸਮੇਂ ਵਿੱਚ ਵੀ ਅਜਿਹਾ ਹੀ ਹਾਲ ਸੀ ਕਿ ਸਿੱਖ ਸਰਦਾਰ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਸਨ। ਜਿਸ ਕਰਕੇ ਬਾਬਾ ਜੱਸਾ ਸਿੰਘ ਰਾਮਗੜੀਆਂ ਨੇ ਭਰਾ ਮਾਰੂ ਜੰਗ ਤੋਂ ਕਿਨਾਰਾ ਕਰਦਿਆਂ,

ਮਜ਼ਬੂਰਨ ਪੰਜਾਬ ਦੇ ਮੁਗਲ ਗਵਰਨਰ ਅਦੀਨਾ ਬੇਗ ਕੋਲ ਨੌਕਰੀ ਕਰਨੀ ਪ੍ਰਵਾਨ ਕਰ ਲਈ। ਪ੍ਰੰਤੂ ਆਪਣੇ ਅੰਦਰੋਂ ਪੰਥਕ ਜ਼ਜ਼ਬਾ ਜਾਂ ਸਿੱਖੀ ਦਾ ਪਿਆਰ ਨਹੀਂ ਘਟਣ ਦਿੱਤਾ ਸੀ। ਜਦੋਂ ਮੀਰ ਮਨੂੰ ਨੇ ਰਾਮ ਰੌਣੀ ਕਿਸੇ ਨੂੰ ਘੇਰਾ ਪਾਇਆ ਤਾਂ ਅਦੀਨਾ ਬੇਗ ਤੋਂ ਮਦਦ ਮੰਗੀ। ਉਸ ਨੇ ਬਾਬਾ ਜੱਸਾ ਨੂੰ ਇੱਕ ਫੌਜ਼ੀ ਕੁਮਕ ਦੇ ਕੇ ਘੱਲਿਆ ਪ੍ਰੰਤੂ ਬਾਬਾ ਜੀ ਜਿਉਂ ਹੀ ਕਿਲੇ ਦੇ ਦਰਵਾਜ਼ੇ ਅੱਗੇ ਗਏ ਤਾਂ ਆਵਾਜ਼ ਮਾਰੀ ‘‘ਖਾਲਸਾ ਜੀ ਦਰਵਾਜ਼ਾ ਬੇਝਿਜਕ ਹੋਕੇ ਖੋਲ ਦਿਓ! ਜੱਸਾ ਸਿੰਘ ਅਦੀਨਾ ਬੇਗ ਦੀ ਨੌਕਰੀ ਜਰੂਰ ਕਰਦਾ ਹੈ, ਪ੍ਰੰਤੂ ਪੰਥ ਨਾਲ ਗਦਾਰੀ ਨਹੀਂ ਕਰ ਸਕਦਾ ਅਤੇ ਨਾ ਹੀ ਭਰਾ ਮਾਰੂ ਜੰਗ ਦਾ ਹਿੱਸਾ ਬਣ ਸਕਦਾ ਹੈ?’’ ਜਿਉਂ ਹੀ ਬਾਬਾ ਜੱਸਾ ਸਿੰਘ ਕਿਲੇ ਵਿੱਚ ਦਾਖਲ ਹੋਇਆ ਤਾਂ ਦੀਵਾਨ ਕੌੜਾ ਮੱਲ ਜੀ ਨੇ ਮੀਰ ਮਨੂੰ ਨੂੰ ਸਮਝਾਇਆ ਕਿ ਹੁਣ ਜੱਸਾ ਆ ਗਿਆ ਹੈ ਅਤੇ ਪੰਥ ਵਿੱਚ ਏਕਤਾ ਹੋ ਗਈ। ਇਸ ਵਾਸਤੇ ਲੜਾਈ ਜਾਂ ਯੁੱਧ ਦਾ ਕੋਈ ਫਾਇਦਾ ਨਹੀਂ ਤਾਂ ਮੀਰ ਮਨੂੰ ਨੇ ਤਰੁੰਤ ਘੇਰਾ ਚੁੱਕ ਲਿਆ ਸੀ।
ਜਦੋਂ ਫੁੱਟ ਹੋਵੇ ਤਾਂ ਫਿਰ ਕਿਸੇ ਨੂੰ ਪਹਿਲ ਕਦਮੀ ਕਰਕੇ ਇਸ ਨੂੰ ਖਤਮ ਕਰਨ ਦਾ ਕਮਰਕੱਸਾ ਕਰਨਾ ਪੈਂਦਾ ਹੈ। ਜਿਵੇਂ ਮਿਸਲਾਂ ਨੂੰ ਜੋੜਦਿਆਂ ਕਨਈਆ ਮਿਸਲ ਦੀ ਮੁਖੀ ਰਾਣੀ ਸਦਾ ਕੌਰ ਨੇ ਵੱਡਾ ਰੋਲ ਨਿਭਾਇਆ ਸੀ। ਜਿਸ ਵਿੱਚੋਂ ਸਿੱਖ ਰਾਜ ਨਿਕਲਿਆ ਸੀ। ਇਸ ਤਰਾਂ ਫਿਰ ਜਦੋਂ ਅੰਗਰੇਜ਼ੀ ਰਾਜ ਵਿੱਚ ਵੀ ਸਿੱਖ ਅਲੱਗ ਥੱਲਗ ਸਨ ਤਾਂ ਗੁਰਦੁਆਰਾ ਪ੍ਰਬੰਧ ਵੀ ਹੱਥੋਂ ਨਿਕਲ ਗਿਆ ਸੀ। ਪ੍ਰੰਤੂ ਜਿਉਂ ਹੀ ਸਿੱਖ ਛੋਟੇ ਛੋਟੇ ਜਥਿਆਂ ਦੇ ਰੂਪ ਵਿੱਚ ਏਕਤਾ ਕਰਨ ਲੱਗੇ ਤਾਂ ਨਨਕਾਣਾ ਸਾਹਿਬ ਅਤੇ ਦਰਬਾਰ ਸਾਹਿਬ ਅਮਿ੍ਰਤਸਰ ਸਾਹਿਬ ਸਮੇਤ ਸਾਰੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵੀ ਪੰਥ ਦੇ ਹੱਥ ਆ ਗਈ ਅਤੇ ਦੋ ਮਹਾਨ ਜਥੇਬੰਦੀਆਂ ਸ਼੍ਰੋਮਣੀ ਗੂਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮੁੱਢ ਵੀ ਬੱਝਿਆ। ਇਸ ਅਕਾਲੀ ਦਲ ਨੇ ਵੀ ਮਾਰਕੇ ਮਾਰੇ ਹਨ। ਇਸ ਕਰਕੇ ਹੀ

ਆਖਿਆ ਜਾਂਦਾ ਹੈ ਕਿ ‘‘ਖਾਲਸਾ ਜੀ ਇਤਿਹਾਸ ਗਵਾਹ ਹੈ ਕਿ ਜਿੱਤੇ ਮੋਰਚੇ ਸਦਾ ਅਕਾਲੀਆਂ ਨੇ’’। ਪ੍ਰੰਤੂ ਇਸ ਅਕਾਲੀ ਦਲ ਵਿੱਚ ਵੀ ਕਈ ਵਾਰ ਫੁੱਟ ਪੈਂਦੀ ਰਹੀ। ਫਿਰ ਏਕਤਾ ਹੁੰਦੀ ਰਹੀ। ਇਹ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ। ਹਾਲੇ ਕਈ ਚਸ਼ਮਦੀਦ ਵੀ ਜਿਉਂਦੇ ਹੋ ਸਕਦੇ ਹਨ। ਇਸ ਦੇ ਨਤੀਜ਼ੇ ਉਹਨਾਂ ਨੂੰ ਪਤਾ ਹੈ ਕਿ ਏਕਤਾ ਸੀ ਤਾਂ ਚੜਦੀਕਲਾ ਸੀ। ਜਦੋਂ ਅਨੇਕਤਾ ਸੀ ਤਾਂ ਖੁਆਰੀਆਂ ਸਨ।
ਪ੍ਰੰਤੂ ਦਰਬਾਰ ਸਾਹਿਬ ਉੱਤੇ ਹੋਏ ਜੂਨ 1984 ਵਿੱਚ ਫੌਜ਼ੀ ਹਮਲੇ ਤੋਂ ਬਾਅਦ, ਸਿੱਖ ਪੰਥ ਅਤੇ ਖਾਸ ਕਰਕੇ ਸਿੱਖਾਂ ਦੀ ਰਾਜਸੀ ਸ਼ਕਤੀ ਦਾ ਜਾਮਣ ਸ਼੍ਰੋਮਣੀ ਅਕਾਲੀ ਦਲ, ਅਜਿਹਾ ਵੰਡਿਆ ਗਿਆ ਕਿ ਦੋ ਟੁਕੜੇ ਨਹੀਂ, ਸਗੋਂ ਤਾਰ ਤਾਰ ਹੋ ਗਿਆ। ਅੱਜ ਵੀ ਦਰਜਨਾਂ ਅਕਾਲੀ ਦਲ ਬਣੇ ਹੋਏ ਹਨ। ਬੇਸ਼ੱਕ ਪ੍ਰਮੁੱਖ ਧਿਰ ਅਕਾਲੀ ਦਲ ਬਾਦਲ ਹੀ ਹੈ ਅਤੇ ਦੂਜੇ ਨੰਬਰ ਉੱਤੇ ਅਕਾਲੀ ਦਲ ਅਮਿ੍ਰਤਸਰ

ਆਉਂਦਾ ਹੈ। ਇਸ ਫੁੱਟ ਨੇ ਤਾਂ ਸਿੱਖਾਂ ਨੂੰ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣਾਕੇ ਰੱਖ ਦਿੱਤਾ ਹੈ। ਗੱਲ ਕਤਲਾਂ ਤੱਕ ਵੀ ਚਲੀ ਗਈ। ਬੇਸ਼ੱਕ ਉਹ ਸਰੀਰਕ ਰੂਪ ਵਿੱਚ ਕਤਲ ਹੋਏ ਜਾਂ ਰਾਜਸੀ ਕਤਲ ਹੋਏ ਹਨ, ਨੁਕਸਾਨ ਬਹੁਤ ਹੋਇਆ ਹੈ। ਪਿਛਲਾ ਇੱਕ ਡੇਢ ਦਹਾਕਾ ਤਾਂ ਬਹੁਤ ਹੀ ਘਟੀਆ ਸਿਆਸਤ ਵਿੱਚ ਗੁਜ਼ਰਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਨਿਜ਼ਾਮ ਜਾਂ ਕੇਦਰ ਸਰਕਾਰ ਅਤੇ ਏਜੰਸੀਆਂ ਨੇ ਕੁਝ ਲੀਡਰਾਂ ਨੂੰ ਰਾਜਸੀ ਤਾਕਤ ਦਾ ਨਸ਼ਾ ਦੇਕੇ ਜਾਂ ਕਈਆਂ ਤੇ ਜਬਰ ਨਾਲ ਹੱਡ ਪੋਲੇ ਕਰਕੇ, ਇੱਕ ਦੂਜੇ ਦੇ ਸਾਹਮਣੇ ਦੁਸ਼ਮਣ ਬਣਾਕੇ ਖੜੇ ਕਰ ਦਿੱਤਾ। ਬਹੁਤ ਕੁਝ ਵਾਪਰਿਆ ਇੱਕ ਦੂਜੇ ਉੱਤੇ ਦੋਸ਼ ਲੱਗੇ ।ਜਿਸ ਵਿੱਚ ਕਿਧਰੇ ਅਣਗਹਿਲੀਆਂ, ਮਚਲਾਊਪੁਣਾ, ਨੀਅਤ ਵਿੱਚ ਖੋਟ ਜਾਂ ਵੋਟਾਂ ਦੇ ਲਾਲਚ ਵੀ ਸਨ। ਪ੍ਰੰਤੂ ਇਸ ਸਮੇਂ ਨੂੰ ਬਰਬਾਦੀ ਦਾ ਸਮਾਂ ਹੀ ਮੰਨਿਆ ਜਾ ਸਕਦਾ ਹੈ।
ਇੱਕ ਦੂਜੇ ਦੀ ਕਲਗੀ ਵਿੱਚੋਂ ਲਹੂ ਕੱਢਕੇ,ਖੰਭ ਪੁੱਟਕੇ ਅੱਜ ਇੱਕ ਸਮਾਂ ਆਇਆ ਹੈ ਕਿ ਇੱਕ ਨਦੀ ਦੇ ਦੋ ਕਿਨਾਰਿਆਂ ਨੇ ਗਲਵੱਕੜੀ ਪਾਉਣ ਦੀ ਹਿੰਮਤ ਕੀਤੀ ਹੈ। ਕੁੱਝ ਲੋਕਾਂ ਨੂੰ ਇਹ ਰਹੱਸਮਈ ਬਦਲਾਅ ਰਾਸ ਨਹੀਂ ਆ ਰਿਹਾ। ਉਹਨਾਂ ਦੇ ਢਿੱਡ ਵਿੱਚ ਬਹੁਤ ਗੜਬੜ ਹੋ ਗਈ ਅਤੇ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਚੀਕ ਚੰਘਿਆੜਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਮਿਹਣਿਆਂ

,ਤਾਹਨਿਆਂ,ਉਲਾਭਿਆਂ ਅਤੇ ਊਝਾਂ ਦਾ ਦੌਰ ਆਰੰਭ ਹੋ ਗਿਆ ਹੈ। ਸਿਆਣੇ ਅਤੇ ਸਮਝਦਾਰ ਲੋਕਾਂ ਨੇ ਸਮੇਂ ਅਤੇ ਹਲਾਤਾਂ ਨੂੰ ਤੋਲਦਿਆਂ, ਇਸ ਏਕਤਾ ਨੂੰ ਸ਼ੁਭ ਸ਼ਗੁਨ ਵੀ ਆਖਿਆ ਹੈ। ਦਾਸ ਲੇਖਕ ਵੀ ਸਮੇਂ ਸਮੇਂ ਕੋਸਦਾ ਰਿਹਾ ਹੈ ਅਤੇ ਕਲਮੀਂ ਚੂੰਢੀਆਂ ਵੱਢਕੇ ਦਰਦ ਦਿੰਦਾ ਰਿਹਾ ਹੈ ਕਿ ਕੋਈ ਜਾਗ ਜਾਵੇ ਅਤੇ ਪੰਥ ਦੀ ਗੱਡੀ ਲੀਹੋਂ ਲੱਥਣ ਬਚੀ ਰਹੇ? ਪ੍ਰੰਤੂ ‘‘ਹਮ ਦੁਆ ਲਿਖਤੇ ਗਏ ਵੋਹ ਦਗਾ ਪੜਤੇ ਗਏ। ਹਮੇਂ ਮਹਿਰਮ ਸੇ ਮੁਜ਼ਰਿਮ ਕਰ ਦੀਆਂ’’, ਵਾਂਗੂੰ ਸਗੋਂ ਲਿਖਤਾਂ ਦਾ ਗੁੱਸਾ ਕੀਤਾ ਅਤੇ ਦੁਸ਼ਮਣਾਂ ਦੀ ਸੂਚੀ ਵਿੱਚ ਲਿਖ ਲਿਆ। ਪ੍ਰੰਤੂ ਅਸਲੀ ਦੁਸ਼ਮਣ ਉਹ ਕਮਜ਼ੋਰ ਮਾਨਸਿਕਤਾ ਵਾਲੇ ਲੋਕ ਹਨ। ਜੋ ਨਿੱਜੀ ਸਵਾਰਥਾਂ ਅਤੇ ਲਾਲਚਾਂ ਕਰਕੇ ਵੱਡੇ ਆਗੂਆਂ ਦੇ ਕੁੱਛੜ ਵੀ ਚੜੇ ਰਹਿੰਦੇ ਹਨ ਅਤੇ ਆਪਣੀ ਸ਼ਾਖ ਖੁਰਨ ਦੇ ਡਰੋਂ, ਦੂਜਿਆਂ ਦੀਆਂ ਚੁਗਲੀਆਂ ਕਰਕੇ ਫੁੱਟ ਪਵਾਕੇ, ਅੰਤ ਨੂੰ ਦਾਹੜੀ ਵੀ ਮੁੰਨ ਜਾਂਦੇ ਹਨ?
ਕੁੱਝ ਦਾਸ ਵਰਗੇ ਜਿਹੜੇ ਨਾ ਤਿੰਨਾਂ ’ਚ ਨਾ ਤੇਰਾਂ ’ਚ ਹੁੰਦੇ ਹਨ। ਉਹਨਾਂ ਦਾ ਕੰਮ ਹੀ ਫਿਰ ਸੂਤ ਆਉਂਦਾ ਹੈ। ਜੇ ਕਿਸੇ ਨਾ ਕਿਸੇ ਪਾਸੇ ਟਿੰਡ ਵਿੱਚ ਕਾਨਾਂ ਪਿਆ ਰਹੇ ਨਹੀਂ ਤਾਂ ਉਹਨਾਂ ਦੇ ਚੁੱਲੇ ਤਪਣੋਂ ਹਟ ਜਾਂਦੇ ਹਨ? ਅੱਜ ਵੀ ਬਹੁਤ ਲੋਕਾਂ ਦਾ ਢਿੱਡ ਦੁਖਿਆ ਹੈ ਕਿ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਸੁਖਬੀਰ ਸਿੰਘ ਬਾਦਲ ਇਕੱਠੇ ਕਿਉਂ ਤੁਰਨ ਲੱਗੇ ਹਨ? ਸੋਸ਼ਲ ਮੀਡੀਆ ਉੱਤੇ ਆਪਣੀ ਕਸਰ ਪੂਰੀ ਕੀਤੀ ਹੈ, ਕੋਈ ਲਿਖਦਾ ਹੈ ਕਿ ‘‘ਬਾਦਲਾਂ ਦੀ ਭਾਵੇਂ ਸਿਆਸੀ ਮਜ਼ਬੂਰੀ ਹੈ ਮਾਨ ਸਾਬ ਕੋਲ ਪਹੁੰਚਣਾ। ਪਰ ਮਾਨ ਸਾਬ ਇਹ ਉਹੀ ਲੋਕ ਨੇ ਜਿਹੜੇ ਬੇਅਦਬੀ ਦੇ ਦੋਸ਼ੀ ਨੇ, ਸਿੱਖ ਨੌਜਵਾਨਾਂ ਨੂੰ ਜੇਲਾਂ ਵਿੱਚ ਸੁੱਟਣ ਅਤੇ ਉਹਨਾਂ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਨੇ,ਪੰਥ ਨੂੰ ਪਿੱਠ ਦਿਖਾ ਕੇ ਡੇਰੇਦਾਰਾਂ ਨਾਲ ਖੜਣ ਵਾਲੇ ਨੇ ਤੇ ਸਭ ਤੋਂ ਵੱਡੀ ਗੱਲ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਆਰ.ਐਸ.ਐਸ. ਨਾਲ ਮਿਲਕੇ ਕੌਮ ਨੂੰ ਢਾਹ ਲਾਉਣ ਵਾਲੇ ਨੇ । ਮਾਨ ਸਾਬ ਤੁਹਾਡੇ ਬਾਰੇ ਸ਼ੰਕੇ ਬਹੁਤ ਸੀ ਮਨ ਵਿੱਚ। ਇਹਨਾਂ ਮੁਲਾਕਾਤਾਂ ਨਾਲ ਚਲੋ ਉਹ ਵੀ ਦੂਰ ਹੋ ਜਾਣਗੇ। ਬਾਕੀ ਕੁਰਸੀ ਦਾ ਮੋਹ ਕੀਹਨੇ ਛੱਡਿਆ ਭਾਈ?’’

ਕੁੱਝ ਹੋਰ ਵੀ ਲਿਖਦੇ ਹਨ ਕਿ ‘‘ਹੁਣ ਮਾਨ ਨੇ ਖਾਲਿਸਤਾਨ ਦੀ ਮੰਗ ਛੱਡ ਦਿਤੀ ਜਾਂ ਸੁਖਬੀਰ ਬਾਦਲ ਖਾਲਿਸਤਾਨ ਦੀ ਮੰਗ ਨਾਲ ਸਹਿਮਤ ਹੋ ਗਿਆ? ਸੁਖਬੀਰ ਨੇ ਸ਼ਿਵ ਸੈਨਾ, ਡੇਰਾ ਸਿਰਸਾ, ਨੂਰ ਮਹਿਲ ਨਾਲ ਸੰਬੰਧ ਤੋੜ ਲਏ ਜਾਂ ਸਿਮਰਨਜੀਤ ਸਿੰਘ ਮਾਨ ਨੇ ਸ਼ਿਵ ਸੈਨਾ, ਸਿਰਸਾ ਡੇਰਾ ਨੂੰ ਪ੍ਰਵਾਨ ਕਰ ਲਿਆ?’’ ਵਗੈਰਾ ਵਗੈਰਾ ਬਹੁਤ ਕੁੱਝ ਲਿਖਿਆ ਗਿਆ। ਪ੍ਰੰਤੂ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਭਾਰਤ ਦੇ ਹਲਾਤ ਕਿੱਧਰ ਨੂੰ ਜਾ ਰਹੇ ਹਨ। ਆਉਣ ਵਾਲਾ ਸਮਾਂ ਬਹੁਤ ਖਰਾਬ ਨਜ਼ਰ ਆ ਰਿਹਾ ਹੈ। ਜਿਸ ਵਿੱਚ ਏਕਤਾ ਕਰਕੇ ,ਇੱਕ ਮਜ਼ਬੂਤ ਸਿਆਸੀ ਧਿਰ ਬਣਾਕੇ, ਆਪਣੇ ਹੱਕਾਂ ਅਤੇ ਆਪਣੀ ਹੋਂਦ ਵਾਸਤੇ ਲੜਿਆ ਜਾ ਸਕਦਾ ਹੈ। ਹੁਣ ਦੋਹਾਂ ਆਗੂਆਂ ਜਾਂ ਦਲਾਂ ਨੂੰ ਵਿਰੋਧੀ ਪੀਪਣੀਆਂ ਦੀ ਆਵਾਜ਼ ਦੀ ਪ੍ਰਵਾਹ ਛੱਡਕੇ, ਏਕਤਾ ਦਾ ਵਾਜਾ ਏਨਾ ਉੱਚੀ ਵਜਾਉਣਾ ਚਾਹੀਦਾ ਹੈ ਕਿ ਇਹ ਰੌਲਾ ਵੀ ਮੱਧਮ ਪੈ ਜਾਵੇ ਅਤੇ ਸਿੱਖ ਪੰਥ ਨਾਲ ਟੱਕਰ ਲੈਣ ਵਾਲਿਆਂ ਨੂੰ ਵੀ ਕੰਨ ਹੋ ਜਾਣ ਕਿ ਪੰਥ ਨੇ ਵੀ ਦੋ ਦੋ ਹੱਥ ਕਰਨ ਲਈ ਕਮਰਕੱਸੇ ਕਰ ਲਏ?

ਲੋਕਾਂ ਨੇ ਜੋ ਕਹਿਣਾ ਹੈ ਕਹਿਣ ਦਿਓ, ਕਿਸੇ ਦੀ ਪ੍ਰਵਾਹ ਨਾ ਕਰੋ? ਪ੍ਰੰਤੂ ਦੋਹਾਂ ਆਗੂਆਂ ਨੂੰ ਬਹੁਤ ਸੰਭਲਕੇ ਚੱਲਣ ਦੀ ਜ਼ਰੂਰਤ ਹੈ ਕਿ ਦੋਹੀਂ ਪਾਸੀਂ ਕੁੱਝ ਅਜਿਹੇ ਭੱਦਰਪੁਰਸ਼ ਵੀ ਮੌਜ਼ੂਦ ਹਨ,ਜਿਹਨਾਂ ਨੂੰ ਸਿਰਫ ਸਟੇਜ ਉੱਤੇ ਅੱਗੇ ਬੈਠਣ ਵਾਸਤੇ ਥਾਂ ਚਾਹੀਦੀ ਹੈ ਅਤੇ ਮਾਈਕ ਉੱਤੇ ਸੰਘ ਪਾੜਨ ਵਾਸਤੇ ਸਮਾਂ ਚਾਹੀਦਾ ਹੁੰਦਾ ਹੈ? ਇਹ ਕੁਦਰਤੀ ਹੈ ਕਿ ਜਦੋਂ ਇਸ ਤਰਾਂ ਦੇ ਰਲੇਵੇਂ ਜਾਂ ਏਕਤਾ ਹੁੰਦੀ ਹੈ ਤਾਂ ਪੀੜੀਆਂ ਖਿਸਕਦੀਆਂ ਹਨ। ਜਿਹੜਾ ਤਾਂ ਸਮਝ ਤੋਂ ਕੰਮ ਲਵੇ ਅਤੇ ਕੌਮ ਦੇ ਵਡੇਰੇ ਹਿਤਾਂ ਨੂੰ ਧਿਆਨ ਵਿੱਚ ਰੱਖੇ ,ਉਸ ਨੂੰ ਤਾਂ ਕੋਈ ਗਿਲਾ ਨਹੀਂ ਹੁੰਦਾ। ਦੂਜੇ ਤਾਂ ਉਸਲਵੱਟੇ ਹੀ ਲਈ ਜਾਂਦੇ ਹਨ। ਇਸ ਕਰਕੇ ਦੋਹੇਂ ਆਗੂ ਆਪਣੇ ਸਾਥੀਆਂ ਨੂੰ ਸਮਝਕੇ ਜ਼ਾਬਤੇ ਵਿੱਚ ਰੱਖਣ ਅਤੇ ਇੱਕ ਦੂਜੇ ਨਾਲ ਪੁਰਾਣੀਆਂ ਨਫਰਤਾਂ ਭੁੱਲਕੇ,ਨਵੀਂ ਸਾਂਝ ਪਾਉਣ ਦਾ ਹੁਨਰ ਦੱਸੋ। ਸਮਾਂ ਕੱਢਕੇ ਇੱਕ ਦੂਜੇ ਨੂੰ ਮਿਲਦੇ ਰਹੋ ਤਾਂ ਕਿ ਕਿਸੇ ਨੂੰ ਵਿਰਲ ਨਾ ਮਿਲੇ। ਦੋਹੇ ਧਿਰਾਂ ਬੀਤੇ ਸਮੇਂ ਨੂੰ ਵੇਖਕੇ ਇਹ ਵੀ ਸਮਝ ਲੈਣ ਕਿ ਹੁਣ ਤੱਕ ਸ.ਸੁਖਬੀਰ ਸਿੰਘ ਬਾਦਲ ਦੀ ਧਿਰ ਰਾਜ ਕਰਦੀ ਰਹੀ ਹੈ। ਉਸ ਦੇ ਬਰਾਬਰ ਕੋਈ ਧਿਰ ਨਹੀਂ ਬਣਾ ਸਕਿਆ, ਜਿਹੜਾ ਉਸ ਤੋਂ ਰਾਜ ਪ੍ਰਬੰਧ ਖੋਹ ਸਕਦਾ ਹੋਵੇ? ਬਾਦਲਾਂ ਨੇ ਰੱਜ ਕੇ ਰਾਜ ਕੀਤਾ ਹੈ। ਬਾਦਲਾਂ ਦੇ ਬਰਾਬਰ ਸਿੱਖ ਸਿਆਸਤ ਵਿੱਚ ਆਉਣ ਵਾਲੀਆਂ ਧਿਰਾਂ ਅਸਮਾਨੋਂ ਟੁੱਟਦੇ ਤਾਰੇ ਵਾਂਗੂੰ ਥੋੜਾ ਜਿਹਾ ਚਾਨਣ ਬਿਖੇਰਕੇ ਅਲੋਪ ਹੁੰਦੀਆਂ ਰਹੀਆਂ ਹਨ।

ਸ.ਬਾਦਲ ਅਤੇ ਉਹਨਾਂ ਦੇ ਸੰਗੀਆਂ ਸਾਥੀਆਂ ਨੂੰ ਵੀ ਇਹ ਯਾਦ ਰੱਖਣ ਦੀ ਲੋੜ ਹੈ ਕਿ ਆਪਣੇ ਆਪਣੇ ਹੀ ਹੁੰਦੇ ਹਨ। ਅੱਜ ਜਦੋਂ ਰਾਜ ਸ਼ਕਤੀ ਨਹੀਂ ਰਹੀ ਅਤੇ ਦਿਨ-ਬ-ਦਿਨ ਧਰਾਤਲ ਵੱਲ ਨੂੰ ਜਾਣਾ ਪੈ ਰਿਹਾ ਹੈ ਤਾਂ ਅਜਿਹੇ ਸਮੇਂ ਵਿੱਚ ਕੱਚੇ ਪਿੱਲੇ ਅਤੇ ਮਤਲਬੀ ਯਾਰ ਭੱਜ ਨਿਕਲੇ ਹਨ। ਹੁਣ ਪੰਥ ਨੇ ਹੀ ਬੇੜੀ ਬੰਨੇ ਪਾਉਣੀ ਹੈ। ਅਕਾਲੀ ਵਰਕਰ ਦੇ ਅੰਦਰ ਪੰਥਕ ਹਿਰਦਾ ਧੜਕਦਾ ਹੈ। ਜਦੋਂ ਪੰਥ ਨੂੰ ਕੋਈ ਆਂਚ ਆਉਂਦੀ ਹੋਵੇ ਤਾਂ ਅਕਾਲੀ ਦਾ ਸਾਹ ਘੁਟਣਾ ਕੁਦਰਤੀ ਹੁੰਦਾ ਹੈ। ਇਸ ਕਰਕੇ ਬੀਤੇ ਦੀਆਂ ਗਲਤੀਆਂ ਅਤੇ ਕਮਜ਼ੋਰੀਆਂ ਤੋਂ ਸਬਕ ਲੈਕੇ ਅੱਗੇ ਵਾਸਤੇ ਸਾਫਦਿਲੀ ਨਾਲ , ਮਿਲਕੇ ਤੁਰਦਿਆਂ ,ਕੁੱਝ ਨਵੇਂ ਮੀਲ ਪੱਥਰ ਗੱਡਣ ਦੀ ਲੋੜ ਹੈ। ਬਹੁਤ ਸਾਰੇ ਪੁਰਾਣੇ ਵਰਕਰ ਫੁੱਟ ਤੋਂ ਦੁਖੀ ਹੋਕੇ ਜਾਂ ਸੁਣਵਾਈ ਨਾ ਹੋਣ ਕਰਕੇ ਘਰਾਂ ਵਿੱਚ ਬੈਠੇ ਹਨ। ਸਭ ਨੂੰ ਆਵਾਜ਼ ਮਾਰਨ ਦੀ ਲੋੜ ਹੈ।

 

ਪੰਥਕ ਸ਼ਮਾਂ ਤਾਂ ਬਾਲਕੇ ਵੇਖੋ ਪਤੰਗੇ ਕਿਵੇਂ ਬੇਪਰਵਾਹੀ ਨਾਲ ਤੁਹਾਡੇ ਵੱਲ ਨੂੰ ਉਮੜਦੇ ਹਨ ? ਦੋਹੇ ਧਿਰਾਂ ਇੱਕ ਗੱਲ ਪੱਲੇ ਬੰਨ ਲਵੋ ਕਿ ਤਲਵਾਰਾਂ ਦੇ ਫੱਟ ਰਾਜੀ ਹੋ ਜਾਂਦੇ ਹਨ। ਬੋਲਾਂ ਦੇ ਜ਼ਖਮ ਛੇਤੀ ਠੀਕ ਨਹੀਂ ਹੁੰਦੇ। ਇਸ ਕਰਕੇ ਸ਼ਬਦੀ ਬਾਣ ਦਾਗਣ ਤੋਂ ਪਹਿਲਾਂ ਸੌ ਵਾਰੀ ਸੋਚਣ ਦੀ ਲੋੜ ਹੈ। ਗੱਲ ਸੰਗਰੂਰ ਦੀ ਜਿਮਨੀ ਚੋਣ ਦੀ ਜਿੱਤ ਹਾਰ ਦੀ ਨਹੀਂ ਸਗੋਂ ਗੱਲ ਕੌਮ ਦੇ ਭਵਿੱਖ ਦੀ ਲੈਕੇ ਤੁਰੋ ਪੰਥਕ ਲੋਕਾਂ ਦਾ ਕਾਰਵਾਂ ਮਗਰ ਵਹੀਰਾਂ ਘੱਤ ਦੇਵੇਗਾ। ਜਿਹੜੇ ਗਾਲਾਂ ਕੱਢ ਰਹੇ ਹਨ ਜਾਂ ਤਾਹਨੇ ਦੇ ਰਹੇ ਹਨ, ਅਸਲ ਵਿੱਚ ਉਹਨਾਂ ਦੀ ਹਾਲਤ ਵੀ ਇਹ ਹੈ ਕਿ ‘‘ਰੋਂਦੀ ਯਾਰਾਂ ਨੂੰ ਨਾ ਲੈਕੇ ਭਰਾਵਾਂ ਦੇ’’ , ਕਿਉਂਕਿ ਉਹ ਇਕੱਲੇ ਪੈ ਜਾਣਗੇ। ਹਕੀਕਤ ਇਹ ਹੈ ਕਿ ਉਹ ਵੀ ਏਕਤਾ ਦਾ ਹਿੱਸਾ ਬਣਨ ਵਾਸਤੇ ਚੂੰਢੀਆਂ ਵੱਢ ਰਹੇ ਹਨ। ਇਸ ਵਾਸਤੇ ਤੁਸੀਂ ਕਿਸੇ ਦਾ ਗਿਲਾ ਨਹੀਂ ਕਰਨਾ। ਸਗੋਂ ਬਾਕੀਆਂ ਨੂੰ ਵੀ ਏਕਤਾ ਦੀ ਛਤਰੀ ਥੱਲੇ ਲਿਆਕੇ ,ਪੰਥਕ ਸ਼ਕਤੀ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦਾ ਯਤਨ ਕਰੋ। ਪੰਥ ਦਰਦੀ ਏਕਤਾ ਨੂੰ ਵਧੀਆ ਆਖਣਗੇ। ਵਿਰੋਧੀਆਂ ਜਾਂ ਕਿਸੇ ਜਾਲ ਵਿੱਚ ਫਸੇ ਬੁਲਾਰੇ ਤਿੱਤਰਾਂ ਨੇ ਆਪਣਾ ਕੰਮ ਕਰਨਾ ਹੈ। ਇਸ ਕਰਕੇ ਇਹ ਆਖਕੇ ਹੀ ਸ਼ਬਦਾਂ ਨੂੰ ਵਿਰਾਮ ਦੇਣਾ ਚਾਹਾਂਗਾ ਕਿ ‘‘ਅਕਾਲੀ ਏਕਤਾ ਕਿਸੇ ਵਾਸਤੇ ਢਿੱਡ ਪੀੜ ਅਤੇ ਕਿਸੇ ਲਈ ਚੂਰਨ ਹੈ,ਪ੍ਰੰਤੂ ਪੰਥ ਅਤੇ ਪੰਜਾਬ ਵਾਸਤੇ ਇੱਕ ਸ਼ੁਭ ਸ਼ਗਨ ਹੈ। ’’ ਗੁਰੂ ਰਾਖਾ।

WhatsAppFacebookTwitterEmailShare