ਬਠਿੰਡਾ 10 ਅਪ੍ਰੈਲ  (ਹਰਮੀਤ ਸਿਵੀਆਂ) ਬਾਬਾ ਫ਼ਰੀਦ ਕਾਲਜ ਦੇ ਕਾਮਰਸ ਵਿਭਾਗ ਨੇ ਬੀ.ਕਾਮ. ਅਤੇ ਐਮ.ਕਾਮ. (ਬੈਚ 2021-23) ਦੇ ਵਿਦਿਆਰਥੀਆਂ ਲਈ ਇੱਕ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਸਾਰੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਇਸ ਪ੍ਰੋਗਰਾਮ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਬਹੁਤ ਕੁੱਝ ਸਿੱਖਿਆ। ਓਰੀਐਂਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਆਗਾਮੀ ਸਮੈਸਟਰ ਦੀ ਜਾਣ ਪਛਾਣ, ਵਿਭਾਗ, ਫੈਕਲਟੀ ਅਤੇ ਇਮਤਿਹਾਨ ਵਿੱਚ ਹਾਜ਼ਰ ਹੋਣ ਲਈ ਉਨ੍ਹਾਂ ਦੀ ਯੋਗਤਾ ਦੇ ਮਾਪਦੰਡ ਦੇ ਨਾਲ-ਨਾਲ ਪੂਰੇ ਸਿਸਟਮ ਦੀ ਕਾਰਜਸ਼ੈਲੀ ਨਾਲ ਹੋਈ ਜਦੋਂ ਕਿ ਇਸ ਦੀ ਸਮਾਪਤੀ ਵਿਦਿਆਰਥੀਆਂ ਦੀਆਂ ਖੇਡਾਂ ਨਾਲ ਕੀਤੀ ਗਈ। ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਕਈ ਗਤੀਵਿਧੀਆਂ ਜਿਵੇਂ ਕਿ ਨੌਕਰੀ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਦੀ ਹੋਰਨਾਂ ਵਿਦਿਆਰਥੀਆਂ ਨਾਲ ਜਾਣ-ਪਛਾਣ,  ਮਹਿਮਾਨ ਪੇਸ਼ਕਾਰੀਆਂ, ਖੇਡਾਂ (ਕਾਮਰਸ ਐਟਲਸ) ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਲਾਈਵ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
ਇਸ ਉਪਰੰਤ ਟੀਚਿੰਗ ਸਹਾਇਕ (ਟੀ.ਏ.) ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਦੇ ਨਾਲ-ਨਾਲ ਕਾਲਜ ਦੇ ਵਿਭਿੰਨ ਕਲੱਬਾਂ, ਕਮੇਟੀਆਂ ਅਤੇ ਸੈੱਲਾਂ ਦੇ ਵੇਰਵਿਆਂ ਬਾਰੇ ਵੀ ਵਿਦਿਆਰਥੀਆਂ ਨਾਲ ਚਰਚਾ ਕੀਤੀ ਗਈ। ਵਿਦਿਆਰਥੀਆਂ ਨੇ ਇਨ੍ਹਾਂ ਸੈਸ਼ਨਾਂ ਦੌਰਾਨ ਪ੍ਰਮੁੱਖ ਬੁਲਾਰਿਆਂ ਤੋਂ ਕਈ ਸਵਾਲ ਪੁੱਛੇ ਅਤੇ ਆਪਣੇ ਸ਼ੰਕਿਆਂ ਨੂੰ ਦੂਰ ਕੀਤਾ।
ਅਖੀਰ ਵਿੱਚ ਕਾਮਰਸ ਵਿਭਾਗ ਦੇ ਇੰਚਾਰਜ ਸ. ਸੁਖਮੰਦਰ ਸਿੰਘ ਨੇ ਵਿਦਿਆਰਥੀਆਂ ਦੀ ਸ਼ਮੂਲੀਅਤ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸਮੈਸਟਰ ਵਿੱਚ ਬਹੁਤ ਹੀ ਉਤਸ਼ਾਹ ਨਾਲ ਭਾਗ ਲੈਣ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਬੀ.ਕਾਮ. ਅਤੇ ਐਮ.ਕਾਮ. ਦੇ ਵਿਦਿਆਰਥੀਆਂ ਲਈ  ਕਰਵਾਏ ਗਏ ਇਸ ਮਿਆਰੀ ਓਰੀਐਂਟੇਸ਼ਨ ਪ੍ਰੋਗਰਾਮ ਦੀ ਸਫਲਤਾ ਲਈ ਸਮੁੱਚੇ ਕਾਮਰਸ ਵਿਭਾਗ ਨੂੰ ਵਧਾਈ ਦਿੱਤੀ। ਕੁਲ ਮਿਲਾ ਕੇ ਇਹ ਇੱਕ ਦਿਲਚਸਪ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੀ।
WhatsAppFacebookTwitterEmailShare