ਮਾਲੇਰਕੋਟਲਾ/ਅਮਰਗਡ਼੍ਹ, (ਬਲਵਿੰਦਰ ਸਿੰਘ ਸ਼ੇਰਗਿੱਲ)- ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਹੋਈ ਹੂੰਝਾ ਫੇਰ ਜਿੱਤ ਦੀ ਖੁਸ਼ੀ ‘ਚ ਪਿੰਡ ਅਲੀਪੁਰ ਵਾਸੀਆਂ ਨੇ ਲੱਡੂ ਵੰਡਕੇ ਮਨਾਈ। ਪੰਜਾਬ ਦੇ ਨਵੇਂ ਬਣਨ ਵਾਲੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਦੇ ਅਤੀ ਨੇੜਲੇ ਰਿਸ਼ਤੇਦਾਰ ਖੇਮ ਸਿੰਘ ਅਲੀਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕੇ ਪਏ ਸਨ, ਉਨ੍ਹਾਂ ਨੂੰ ਆਮ ਆਦਮੀ ਪਾਰਟੀ ‘ਚੋਂ ਆਸ ਦੀ ਕਿਰਨ ਨਜ਼ਰ ਆਈ ਜਿਸ ਕਾਰਨ ਉਨ੍ਹਾਂ ਏਡਾ ਵੱਡਾ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਆਪਣੇ ਦਿਲ ਅੰਦਰ ਪੰਜਾਬ ਲਈ ਦਰਦ ਰੱਖਦੇ ਹਨ
ਅਤੇ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ ਬੜੇ ਸਮੇਂ ਤੋਂ ਤੱਤਪਰ ਸਨ। ਹੁਣ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨਾਲ ਜਿੱਥੇ ਹਰ ਪੱਖੋਂ ਫਾਡੀ ਰਿਹਾ ਪੰਜਾਬ ਮੁੜ ਤੋਂ ਇੱਕ ਨਵੀਂ ਉਡਾਣ ਭਰੇਗਾ ਉੱਥੇ ਹੀ ਬੇਰੁਜ਼ਗਾਰੀ ਕਾਰਨ ਵਿਦੇਸ਼ਾਂ ਵੱਲ ਹਿਜ਼ਰਤ ਕਰ ਰਹੀ ਅਤੇ ਨਸ਼ਿਆਂ ‘ਚ ਡੁੱਬ ਰਹੀ ਜਵਾਨੀ ਨੂੰ ਵੀ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਭਗਵੰਤ ਮਾਨ ਤੇ ਅਮਰਗੜ੍ਹ ਹਲਕੇ ਤੋਂ ਜਿੱਤੇ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਸਮੇਤ ਆਮ ਆਦਮੀ ਪਾਰਟੀ ਦੇ ਸਮੁੱਚੇ ਜੇਤੂ ਉਮੀਦਵਾਰਾਂ ਨੂੰ ਤੇ ਵਲੰਟੀਅਰਾਂ ਨੂੰ ਇਸ ਮਿਸ਼ਾਲੀ ਜਿੱਤ ਲਈ ਮੁਬਾਰਕਬਾਦ ਦਿੱਤੀ।
WhatsAppFacebookTwitterEmailShare