ਫ਼ਤਹਿਗੜ੍ਹ ਸਾਹਿਬ,  (ਵਿਕਰਮ ਸਿੰਘ ਮਦਾਨ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਬਰਗਾੜੀ ਮੋਰਚੇ ਦੇ ਸਥਾਂਨ ਉਤੇ ਕੌਮੀ ਮਕਸਦ ਭਰਪੂਰ ਅਤੇ ਸ. ਦੀਪ ਸਿੰਘ ਸਿੱਧੂ ਨੂੰ ਸਰਧਾਂ ਦੇ ਫੁੱਲ ਭੇਂਟ ਕਰਨ ਲਈ 06 ਮਾਰਚ ਨੂੰ ਇਕੱਠ ਰੱਖਿਆ ਗਿਆ ਸੀ, ਉਸ ਇਕੱਠ ਵਿਚ ਜਿਸ ਸਿੱਦਤ, ਸੰਜ਼ੀਦਗੀ ਅਤੇ ਵੱਡੀ ਕੌਮੀ ਜਿ਼ੰਮੇਵਾਰੀ ਨੂੰ ਸਮਝਦੇ ਹੋਏ ਸਮੁੱਚੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਚੰਡੀਗੜ੍ਹ, ਦਿੱਲੀ ਆਦਿ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸਮੂਲੀਅਤ ਕਰਕੇ ਪਾਰਟੀ ਦੇ ਪ੍ਰੋਗਰਾਮਾਂ ਨੂੰ ਸਹਿਯੋਗ ਕੀਤਾ ਹੈ ਅਤੇ ਸ. ਦੀਪ ਸਿੰਘ ਸਿੱਧੂ ਨੂੰ ਸਰਧਾਂ ਦੇ ਫੁੱਲ ਭੇਂਟ ਕਰਨ ਵਾਲੀ ਅਰਦਾਸ ਵਿਚ ਸਮੂਹਿਕ ਤੌਰ ਤੇ ਸਮੂਲੀਅਤ ਕੀਤੀ ਹੈ, ਉਸ ਲਈ ਅਸੀਂ ਆਈਆ ਸਭ ਸੰਗਤਾਂ, ਪਾਰਟੀ ਅਹੁਦੇਦਾਰਾਂ, ਮੈਬਰਾਂ, ਸਮਰਥਕਾਂ, ਵੱਖ-ਵੱਖ ਸੰਗਠਨਾਂ, ਜਥੇਬੰਦੀਆਂ, ਵਿਸ਼ੇਸ਼ ਤੌਰ ਤੇ ਵਾਰਿਸ ਪੰਜਾਬ ਦੇ ਦੀ ਜਥੇਬੰਦੀ ਅਤੇ ਨੌਜ਼ਵਾਨੀ ਦਾ ਅਸੀਂ ਤਹਿ ਦਿਲੋ ਜਿਥੇ ਧੰਨਵਾਦ ਕਰਦੇ ਹਾਂ, ਉਥੇ ਇਹ ਵੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਜਦੋਂ ਵੀ ਕੌਮੀ ਮਕਸਦ ਦੀ ਪ੍ਰਾਪਤੀ ਲਈ ਪਾਰਟੀ ਵੱਲੋਂ ਪ੍ਰੋਗਰਾਮ ਦਿੱਤੇ ਜਾਣਗੇ, ਉਸ ਵਿਚ ਇਸੇ ਤਰ੍ਹਾਂ ਵੱਧ ਚੜ੍ਹਕੇ ਯੋਗਦਾਨ ਪਾਉਦੇ ਹੋਏ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਸਹਿਯੋਗ ਕਰਦੇ ਰਹਿਣਗੇ ਤਾਂ ਕਿ ਅਸੀਂ ਜਿਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ, 328 ਪਾਵਨ ਸਰੂਪਾਂ ਦੀ ਗੁੰਮਸੁਦਗੀ ਅਤੇ ਸਿੱਖ ਕੌਮ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦੀ ਜਿ਼ੰਮੇਵਾਰੀ ਨਿਭਾਅ ਸਕੀਏ, ਕੌਮੀ ਮੰਜਿ਼ਲ ਵੱਲ ਸਮੂਹਿਕ ਤਾਕਤ ਬਣਕੇ ਵੱਧ ਸਕੀਏ ।”
 ਇਹ ਧੰਨਵਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਵੱਖ-ਵੱਖ ਸੰਗਠਨਾਂ, ਜਥੇਬੰਦੀਆਂ, ਵਿਸ਼ੇਸ਼ ਤੌਰ ਤੇ ਵਾਰਿਸ ਪੰਜਾਬ ਦੇ ਸਮੁੱਚੇ ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿਚ ਇਸ ਇਕੱਠ ਵਿਚ ਪਹੁੰਚੀ ਨੌਜ਼ਵਾਨੀ, ਵਰਕਰਾਂ, ਮੈਬਰਾਂ, ਅਹੁਦੇਦਾਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤਾ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਹੁੰਦੀਆਂ ਆ ਰਹੀਆ ਜਿਆਦਤੀਆਂ ਤੇ ਜ਼ਬਰ ਜੁਲਮ ਵਿਰੁੱਧ ਬੀਤੇ 247 ਦਿਨਾਂ ਤੋਂ ਨਿਰੰਤਰ ਬਰਗਾੜੀ ਵਾਲੇ ਸਥਾਂਨ ਤੇ ਗ੍ਰਿਫ਼ਤਾਰੀਆਂ ਦੇਣ ਦਾ ਸਿਲਸਿਲਾ ਸੁਰੂ ਕੀਤਾ ਹੋਇਆ ਹੈ । ਇਹ ਉਦੋ ਤੱਕ ਜਾਰੀ ਰਹੇਗਾ ਜਦੋ ਤੱਕ ਸਾਨੂੰ ਇਨਸਾਫ਼ ਨਹੀਂ ਮਿਲ ਜਾਂਦਾ ਤੇ ਸਿੱਖ ਕੌਮ ਦੇ ਕਾਤਲਾਂ ਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਨਹੀਂ ਹੋ ਜਾਂਦੀਆ । ਉਨ੍ਹਾਂ ਕਿਹਾ ਕਿ ਇਸ ਮੋਰਚੇ ਨੂੰ ਚੱਲਦਾ ਰੱਖਣ ਦੇ ਨਾਲ-ਨਾਲ ਜੋ ਸ਼ਹੀਦ ਸ. ਦੀਪ ਸਿੰਘ ਸਿੱਧੂ ਨੇ ਆਪਣੀ ਕੁਰਬਾਨੀ ਦੇਕੇ ਨੌਜ਼ਵਾਨੀ ਨੂੰ ਖ਼ਾਲਸਾ ਪੰਥ ਦੀ ਮੰਜਿ਼ਲ ਦੇ ਰਾਹ ਵੱਲ ਤੋਰਨ ਵਿਚ ਮੁੱਖ ਭੂਮਿਕਾ ਨਿਭਾਈ ਹੈ ਅਤੇ ਬਾਦਲੀਲ ਢੰਗ ਨਾਲ ਨੌਜ਼ਵਾਨੀ ਨੂੰ ਕੌਮੀ ਨਿਸ਼ਾਨੇ ਉਤੇ ਕੇਦਰਿਤ ਕਰਦੇ ਹੋਏ ਅਗਲੇ ਪੜਾਅ ਵੱਲ ਵੱਧਣ ਲਈ ਪ੍ਰੇਰਿਆ ਹੈ, ਉਨ੍ਹਾਂ ਵੱਲੋਂ ਥੋੜੇ ਸਮੇਂ ਵਿਚ ਕੀਤੀ ਗਈ ਵੱਡੀ ਸੇਵਾ ਅਤੇ ਕੁਰਬਾਨੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਦਾਚਿਤ ਨਹੀਂ ਭੁੱਲੇਗਾ । ਉਨ੍ਹਾਂ ਵੱਲੋ ਬਣਾਈ ਗਈ ‘ਵਾਰਿਸ ਪੰਜਾਬ ਦੇ’ ਦੀ ਜਥੇਬੰਦੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ, ਸ. ਸਿੱਧੂ ਦੇ ਪਰਿਵਾਰਿਕ ਮੈਬਰਾਂ ਅਤੇ ਉਨ੍ਹਾਂ ਦੇ ਹਮਖਿਆਲੀਆਂ ਨਾਲ ਹਰ ਤਰ੍ਹਾਂ ਵਿਚਾਰਾਂ ਦੀ ਸਾਂਝ ਨੂੰ ਕਾਇਮ ਰੱਖਦੇ ਹੋਏ ਜਿਥੇ ਇਸ ਜਥੇਬੰਦੀ ਦੀ ਸਰਪ੍ਰਸਤੀ ਕਰਨ ਦੀ ਜਿ਼ੰਮੇਵਾਰੀ ਵੀ ਪੂਰਨ ਕਰਾਂਗੇ, ਉਥੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੂਝਵਾਨ ਨੌਜ਼ਵਾਨਾਂ ਵੱਲੋ ਸਮੇ-ਸਮੇ ਤੇ ਆਏ ਕੀਮਤੀ ਵਿਚਾਰਾਂ ਅਤੇ ਸੁਝਾਵਾਂ ਨੂੰ ਗੌਰ ਨਾਲ ਸੁਣਦੇ ਹੋਏ ਅਮਲੀ ਰੂਪ ਦੇਣ ਵਿਚ ਅਤੇ ਸਮੁੱਚੀ ਏਕਤਾ ਨੂੰ ਨਿਸ਼ਾਨੇ ਦੀ ਪ੍ਰਾਪਤੀ ਤੱਕ ਕਾਇਮ ਰੱਖਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿਉਂਕਿ ਇਹ ਚੱਲ ਰਿਹਾ ਕੌਮੀ ਸੰਘਰਸ਼ ਸਾਡਾ ਸਭ ਦਾ ਸਾਂਝਾ, ਮਨੁੱਖਤਾ ਦੀ ਬਿਹਤਰੀ ਕਰਨ ਵਾਲਾ ਅਤੇ ਕੌਮੀ ਆਜ਼ਾਦੀ ਦੀ ਮੰਜਿਲ ਨੂੰ ਪ੍ਰਾਪਤ ਕਰਨ ਵਾਲਾ ਹੈ ।
 ਸ. ਮਾਨ ਨੇ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਵੇ ਸਭਨਾਂ ਨੇ ਪਹਿਲੇ 24 ਫਰਵਰੀ 2022 ਨੂੰ ਸ਼ਹੀਦ ਸ. ਦੀਪ ਸਿੰਘ ਸਿੱਧੂ ਦੇ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਭੋਗ ਸਮਾਗਮ ਦੀ ਅਰਦਾਸ ਵਿਚ ਵੱਡੀ ਗਿਣਤੀ ਵਿਚ ਸਮੂਲੀਅਤ ਕਰਕੇ ਆਪਣੀਆ ਕੌਮ ਪ੍ਰਤੀ ਭਾਵਨਾਵਾ ਨੂੰ ਉਜਾਗਰ ਕੀਤਾ ਹੈ, ਫਿਰ 06 ਮਾਰਚ 2022 ਨੂੰ ਬਰਗਾੜੀ ਵਿਖੇ ਰੱਖੇ ਕੌਮੀ ਇਕੱਠ ਵਿਚ ਯੋਗਦਾਨ ਪਾਇਆ ਹੈ ਉਸੇ ਤਰ੍ਹਾਂ 18 ਮਾਰਚ 2022 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਸਰੋਵਰ ਦੇ ਨਜਦੀਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੀ ਜਾਣ ਵਾਲੀ ਮੀਰੀ-ਪੀਰੀ ਕਾਨਫਰੰਸ ਵਿਚ ਇਸੇ ਤਰ੍ਹਾਂ ਜਿ਼ੰਮੇਵਾਰੀ ਨੂੰ ਸਮਝਦੇ ਹੋਏ ਸਮੂਲੀਅਤ ਕਰਨ ਦੀ ਜੋਰਦਾਰ ਅਪੀਲ ਵੀ ਕੀਤੀ ਤਾਂ ਕਿ ਅਸੀਂ ਆਪਣੀਆ ਕੌਮੀ ਅਤੇ ਇਤਿਹਾਸਿਕ ਲੀਹਾਂ ਨੂੰ ਪਹਿਚਾਣਦੇ ਤੇ ਪ੍ਰਚਾਰਦੇ ਹੋਏ ਆਪਣੀ ਨੌਜ਼ਵਾਨੀ ਨੂੰ ਕੌਮੀ ਮਕਸਦ ਉਤੇ ਕੇਦਰਿਤ ਕਰਦੇ ਹੋਏ ਇਕਤਾਕਤ ਹੋ ਕੇ ਮੰਜਿਲ ਵੱਲ ਵੱਧ ਸਕੀਏ ਅਤੇ ਕੌਮੀ ਮੰਜਿਲ ਦੀ ਘੱਟ ਤੋ ਘੱਟ ਨੁਕਸਾਨ ਅਤੇ ਵੱਧ ਤੋ ਵੱਧ ਪ੍ਰਾਪਤੀ ਕਰ ਸਕੀਏ । ਸ. ਮਾਨ ਨੇ ਗੁਰਦੁਆਰਾ ਦਸਵੀ ਪਾਤਸਾਹੀ ਬਰਗਾੜੀ ਦੇ ਸਮੁੱਚੇ ਪ੍ਰਬੰਧਕਾਂ, ਮੈਬਰਾਂ, ਬਰਗਾੜੀ ਨਿਵਾਸੀਆਂ ਦੇ ਵੱਲੋ ਦਿੱਤੇ ਜਾ ਰਹੇ ਵੱਡੇ ਸਹਿਯੋਗ ਲਈ ਵੀ ਧੰਨਵਾਦ ਕੀਤਾ ।
WhatsAppFacebookTwitterEmailShare