ਨਿਊਯਾਰਕ/ਸਿਕਾਗੋ, 7 ਮਾਰਚ (ਰਾਜ ਗੋਗਨਾ/ਕੁਲਜੀਤ ਦਿਆਲਪੁਰੀ)— ਬੀਤੇਂ ਦਿਨ ਸ਼ਿਕਾਗੋਲੈਂਡ ਵਿਚ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਮਨਾਏ ਗਏ ਮਾਤ ਭਾਸ਼ਾ ਦਿਵਸ ਮੌਕੇ ਪਹੁੰਚੇ ਪੰਜਾਬੀ ਬੋਲੀ ਪ੍ਰਤੀ ਸੁਹਿਰਦ ਪਤਵੰਤੇ ਸੱਜਣਾਂ ਨੇ ਆਪੋ ਆਪਣੀਆਂ ਤਕਰੀਰਾਂ ਵਿਚ ਜਿਥੇ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ, ਉਥੇ ਇਹ ਵਿਚਾਰ ਵੀ ਪ੍ਰਗਟਾਏ ਕਿ ਜੇ ਦੇਸ-ਪਰਦੇਸ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਸਾਰੇ ਲੋਕ ਆਪੋ-ਆਪਣੇ ਘਰਾਂ ਵਿਚ ਪੰਜਾਬੀ ਬੋਲਣ-ਪੜ੍ਹਨ ਨੂੰ ਤਰਜੀਹ ਦਿੰਦੇ ਰਹਿਣ ਤਾਂ ਇਹ ਪੀੜ੍ਹੀਓ-ਪੀੜ੍ਹੀ ਪ੍ਰਫੁਲਿਤ ਹੁੰਦੀ ਰਹੇਗੀ। ਇਸ ਤੋਂ ਇਲਾਵਾ ਬੁਲਾਰਿਆਂ ਨੇ ਪੰਜਾਬੀ ਦੇ ਇਤਿਹਾਸ, ਇਸ ਵਿਚ ਹੋਰ ਭਾਸ਼ਾਵਾਂ ਦੇ ਰਲੇਵੇਂ ਅਤੇ ਵਿਦੇਸ਼ਾਂ ਵਿਚ ਪੰਜਾਬੀ ਨੂੰ ਤਵੱਜੋ ਦਿੱਤੇ ਜਾਣ ਉਤੇ ਜਾਣਕਾਰੀ ਤਾਂ ਸਾਂਝੀ ਕੀਤੀ ਹੀ, ਪਰ ਪੰਜਾਬ ਦੇ ਸਕੂਲਾਂ ਤੇ ਸਰਕਾਰੀ ਦਫਤਰਾਂ ਵਿਚ ਪੰਜਾਬੀ ਪ੍ਰਤੀ ਅਪਨਾਈ ਜਾ ਰਹੀ ਨਾਂਹ-ਪੱਖੀ ਪਹੁੰਚ ਉਤੇ ਰੋਸ ਵੀ ਪ੍ਰਗਟਾਇਆ।
ਪ੍ਰੋਗਰਾਮ ਦੇ ਪ੍ਰਬੰਧਕਾਂ ਵਿਚੋਂ ਇੱਕ ਅਤੇ ਮੰਚ ਸੰਚਾਲਨ ਦੀ ਸੇਵਾ ਨਿਭਾਅ ਰਹੇ ਡਾ. ਹਰਜਿੰਦਰ ਸਿੰਘ ਖਹਿਰਾ ਨੇ ਮੁੱਖ ਮਹਿਮਾਨ ਸ਼ਿਕਾਗੋ ਵਿਚ ਭਾਰਤੀ ਕੌਂਸਲ ਜਨਰਲ ਸ੍ਰੀ ਅਮਿਤ ਕੁਮਾਰ ਨਾਲ ਤੁਆਰਫ ਕਰਵਾਇਆ ਅਤੇ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਹਾਫਮੈਨ ਐਸਟੇਟ ਅਤੇ ਹੈਨੋਵਰ ਪਾਰਕ ਕੇ ਮੇਅਰਾਂ-ਵਿਲੀਅਮ ਮੈਕਲਾਓਡ ਤੇ ਰੋਡਨੀ ਕਰੈਗ ਦਾ ਵੀ ਸਮਾਗਮ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਇਨ੍ਹਾਂ ਮੇਅਰਾਂ ਨੇ ਸੰਬੋਧਨ ਵੀ ਕੀਤਾ ਅਤੇ ਅਮਰੀਕਾ ਵਿਚ ਬਹੁਰੰਗੀ ਸੱਭਿਆਚਾਰ ਪ੍ਰਤੀ ਹਾਂ-ਪੱਖੀ ਨਜ਼ਰੀਆ ਰੱਖਦਿਆਂ ਮਾਤ ਭਾਸ਼ਾ ਦਿਵਸ ਸਬੰਧੀ ਇਸ ਪ੍ਰੋਗਰਾਮ ਦੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਬੋਲਦਿਆਂ ਕੌਂਸਲ ਜਨਰਲ ਸ੍ਰੀ ਅਮਿਤ ਕੁਮਾਰ ਨੇ ਇਸ ਪ੍ਰੋਗਰਾਮ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਵਿਸ਼ੇਸ਼ ਤੌਰ `ਤੇ ਉਨ੍ਹਾਂ ਵਲੋਂ ਨੌਜਵਾਨ ਪੀੜ੍ਹੀ ਨੂੰ ਇਸ ਯਤਨ ਵਿਚ ਸ਼ਾਮਲ ਕਰਨ ਤੇ ਉਨ੍ਹਾਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਲਈ ਕੀਤੀ ਪਹਿਲਕਦਮੀ ਨੂੰ ਵੀ ਸਰਾਹਿਆ। ਉਨ੍ਹਾਂ ਕਿਹਾ ਕਿ ਅਗਸਤ 2020 ਵਿਚ ਜਾਰੀ ਕੀਤੀ ਗਈ ਰਾਸ਼ਟਰੀ ਸਿੱਖਿਆ ਨੀਤੀ ਵਿਚ ਹੋਰ ਭਾਸ਼ਾਵਾਂ ਦੇ ਨਾਲ ਨਾਲ ਮਾਤ ਭਾਸ਼ਾ ਵਿਚ ਸਿੱਖਿਆ `ਤੇ ਜੋਰ ਦਿੱਤਾ ਗਿਆ ਹੈ। ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਖ-ਵੱਖ ਸਰਕਾਰੀ ਭਾਸ਼ਾਵਾਂ ਵਿਚ ਉਚ ਗੁਣਵੱਤਾ ਵਾਲੀ ਸਿੱਖਿਆ ਸਮੱਗਰੀ ਦਾ ਅਨੁਵਾਦ ਕਰਨ ਲਈ ਕੁਦਰਤੀ ਭਾਸ਼ਾ ਪ੍ਰੋਸੈਸਿੰਗ ਐਲਗੋਰਿਦਮ ਦੀ ਵਰਤੋਂ ਕਰਦੇ ਹੋਏ ਤਕਨਾਲੋਜੀ ਦਾ ਲਾਭ ਉਠਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਭਾਰਤ ਦੇ ਲੋਕਾਂ ਨੂੰ 22 ਸਰਕਾਰੀ ਭਾਸ਼ਾਵਾਂ ਵਿਚ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀ ਗੱਲਬਾਤ ਦੇ ਬੁਨਿਆਦੀ ਵਾਕਾਂ ਨੂੰ ਸਿੱਖਣ ਦੇ ਯੋਗ ਬਣਾਉਣ ਲਈ ਸਿੱਖਿਆ ਮੰਤਰਾਲੇ ਦੁਆਰਾ ਲਿਆਂਦੀ ਗਈ ਭਾਸ਼ਾ ਸੰਗਮ ਐਪ ਵੱਲ ਵੀ ਧਿਆਨ ਖਿੱਚਿਆ।
ਇਸ ਮੌਕੇ ਯੂਨੀਵਰਸਿਟੀ ਆਫ ਮਿਸ਼ੀਗਨ ਵਿਚ ਪੰਜਾਬੀ ਦੇ ਪ੍ਰੋਫੈਸਰ ਡਾ. ਉਪਿੰਦਰਜੀਤ ਕੌਰ ਗਿੱਲ ਨੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਦੱਸਿਆ ਕਿ ਪੰਜਾਬੀ ਸਿਰਫ ਪੰਜਾਬ ਤੱਕ ਹੀ ਸੀਮਤ ਨਹੀਂ, ਇਹ ਹੁਣ ਤੀਹ ਤੋਂ ਵੱਧ ਮੁਲਕਾਂ ਵਿਚ ਬੋਲੀ ਜਾਂਦੀ ਹੈ। ਪੰਜਾਬੀ ਅੰਤਰਰਾਸ਼ਟਰੀ ਪੱਧਰ `ਤੇ ਪ੍ਰਵਾਣੀ ਜਾ ਚੁਕੀ ਹੈ ਅਤੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 13 ਕਰੋੜ ਤੋਂ ਵੀ ਵਧ ਚੁਕੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਪੰਜਾਬੀ ਕਈ ਮੁਲਕਾਂ ਦੀਆਂ ਯੂਨੀਵਰਸਿਟੀਆਂ ਵਿਚ ਵੀ ਪੜ੍ਹਾਈ ਜਾ ਰਹੀ ਹੈ। ਅਮਰੀਕਾ ਦੀਆਂ ਕਰੀਬ 11 ਯੂਨੀਵਰਸਿਟੀਆਂ ਵਿਚ ਪੰਜਾਬੀ ਪੜ੍ਹਾਈ ਜਾ ਰਹੀ ਹੈ। ਆਕਸਫੋਰਡ ਯੂਨੀਵਰਸਿਟੀ ਨੇ ਵੀ ਪੰਜਾਬੀ ਦੇ ਕਈ ਸ਼ਬਦ ਅਪਨਾਏ ਹਨ।
ਪ੍ਰੋਫੈਸਰ ਗਿੱਲ ਨੇ ਕਿਹਾ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ, ਆਪਣੀਆਂ ਜੜ੍ਹਾਂ ਨਾਲ ਜੋੜਨਾ ਚਾਹੁੰਦੇ ਹਾਂ ਤਾਂ ਇਹ ਭਾਸ਼ਾ ਤੋਂ ਬਿਨਾ ਸੰਭਵ ਨਹੀਂ ਹੈ। ਉਨ੍ਹਾਂ ਇਥੋਂ ਦੇ ਵਿਦਿਆਰਥੀਆਂ ਨਾਲ ਪੰਜਾਬੀ ਬੋਲੀ ਪ੍ਰਤੀ ਤਜਰਬੇ ਦੀ ਸਾਂਝ ਵੀ ਪਾਈ। ਪਰ ਉਨ੍ਹਾਂ ਦੀ ਤਕਰੀਰ ਲੰਮੀ ਹੋ ਜਾਣ ਕਾਰਨ ਤੇ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਵਿਚਾਲੇ ਹੀ ਰੋਕਣਾ ਪੈ ਗਿਆ।
ਯੂਟਾ ਤੋਂ ਉਚੇਚਾ ਪਹੁੰਚੇ ਸ. ਮਨਮੋਹਨ ਸਿੰਘ ਗਰੇਵਾਲ ਨੇ ਮੰਚ `ਤੇ ਕੰਪਿਊਟਰ ਪੇਸ਼ਕਾਰੀ ਰਾਹੀਂ ਪੰਜਾਬੀ ਬੋਲੀ ਦੇ ਇਤਿਹਾਸ, ਕਿੰਨਾ ਪੁਰਾਣਾ, ਵਿਕਾਸ (ਬਦਲਾਓ) ਅਤੇ ਪੰਜਾਬੀ ਦੀਆਂ ਵੱਖ ਵੱਖ ਉਪ-ਭਾਸ਼ਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਪਰੰਤ ਉਨ੍ਹਾਂ ਉਪ-ਬੋਲੀਆਂ ਤੇ ਪੰਜਾਬੀ ਸ਼ਬਦਾਂ ਦੇ “ਕਰੋ, ਨਾ ਕਰੋ” ਦਾ ਡੈਮੋ ਦਿਖਾਇਆ ਅਤੇ ਸਮਝਾਇਆ ਕਿ ਅਸੀਂ ਹੋਰ ਭਾਸ਼ਾਵਾਂ ਤੋਂ ਸ਼ਬਦ ਕਿਵੇਂ ਲਏ ਹਨ!
ਸ. ਗਰੇਵਾਲ ਨੇ ਅੰਗਰੇਜ਼ੀ ਅਤੇ ਹਿੰਦੀ ਦੇ ਨਾਲ ਪੰਜਾਬੀ ਦੇ ਮਿਸ਼ਰਣ ਉਤੇ ਵੀ ਚਰਚਾ ਕੀਤੀ ਅਤੇ ਇਹ ਵੀ ਚਰਚਾ ਕੀਤੀ ਕਿ ਭਾਸ਼ਾ ਵਿਭਾਗ ਪੰਜਾਬ ਕਿਵੇਂ ਢਹਿ-ਢੇਰੀ ਹੋ ਰਿਹਾ ਹੈ। ਅਖੀਰ ਵਿਚ ਉਨ੍ਹਾਂ ਸੁਝਾਅ ਪੇਸ਼ ਕੀਤੇ ਕਿ ਮਾਂ ਬੋਲੀ ਪੰਜਾਬੀ ਨੂੰ ਕਿਵੇਂ ਸੁਰੱਖਿਅਤ ਕਰਨਾ ਹੈ ਅਤੇ ਉਸ ਲਈ ਕੀ-ਕੀ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਉਘੇ ਕਾਲਮਨਵੀਸ ਤੇ ਲੇਖਕ ਐਸ. ਅਸ਼ੋਕ ਭੌਰਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸਾਹਿਤ ਜਾਂ ਰਚਨਾ ਦਾ ਰਚਿਆ ਜਾਣਾ ਤਾਂ ਹੀ ਸਾਰਥਕ ਹੈ, ਜੇ ਪਾਠਕ ਉਸ ਨੂੰ ਪੜ੍ਹ ਕੇ ਸਮਝ ਸਕਣ ਅਤੇ ਜੋ ਸਮਾਜ ਨੂੰ ਕੋਈ ਸੁਨੇਹਾ ਵੀ ਦਿੰਦਾ ਹੋਵੇ। ਉਹ ਹੀ ਗੱਲ ਅਸਰਦਾਇਕ ਤੇ ਭਾਵਪੂਰਤ ਹੁੰਦੀ ਹੈ, ਜਿਸ ਵਿਚ ਭਾਵਾਂ ਦੀ ਅਥਾਹ ਸਮਰੱਥਾ ਹੋਵੇ-ਉਹ ਗੱਲ ਭਾਵੇਂ ਦੋ-ਹਰਫੀ ਹੀ ਕਿਉਂ ਨਾ ਹੋਵੇ; ਜਰੂਰੀ ਨਹੀਂ ਕਿ ਲੰਮੇ ਲੰਮੇ ਲੇਖ ਜਾਂ ਭਾਸ਼ਣਾਂ ਦਾ ਸਹਾਰਾ ਲਿਆ ਜਾਵੇ, ਅਸਲ ਮੁੱਦਾ ਗੱਲ ਕਹਿਣ ਤੇ ਪਾਠਕਾਂ ਦੇ ਮਨ ਵਿਚ ਉਤਰਨ ਦਾ ਹੋਣਾ ਚਾਹੀਦਾ ਹੈ।
ਇਸੇ ਦੌਰਾਨ ਉਨ੍ਹਾਂ “ਭਲਾਈ ਦਾ ਜ਼ਮਾਨਾ ਨਹੀਂ” ਵਾਰਤਾ ਸੁਣਾ ਕੇ ਸਭ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸ੍ਰੀ ਭੌਰਾ ਦੀ ਲਿਖਣ-ਉਮਰ ਕਰੀਬ 45 ਸਾਲ ਹੋ ਗਈ ਹੈ ਅਤੇ ਉਨ੍ਹਾਂ ਇਸ ਅਰਸੇ ਦੌਰਾਨ ਕਈ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ।
ਪ੍ਰਬੁੱਧ ਲੇਖਕ ਡਾ. ਗੁਰਬਖਸ਼ ਸਿੰਘ ਭੰਡਾਲ ਨੇ ਕਿਹਾ ਕਿ ਸਾਨੂੰ ਘਰਾਂ ਵਿਚ ਬੱਚਿਆਂ ਨਾਲ ਪੰਜਾਬੀ ਜਰੂਰ ਬੋਲਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ `ਚ ਆਪਣੇ ਪੁਰਖਿਆਂ ਦੀ ਮਾਂ-ਬੋਲੀ ਪ੍ਰਤੀ ਵੀ ਲਗਾਓ ਪੈਦਾ ਹੋਵੇ। ਉਨ੍ਹਾਂ ਸਵਾਲ ਕੀਤਾ ਕਿ ਜੇ ਅਸੀਂ ਇੱਥੇ ਜੰਮੇ ਆਪਣੇ ਬੱਚਿਆਂ ਨਾਲ ਆਪ ਹੀ ਪੰਜਾਬੀ ਨਾ ਬੋਲੀ ਤਾਂ ਉਹ ਸਿੱਖਣਗੇ ਕਿਵੇਂ?
ਕਵਿਤਰੀ ਲਖਵਿੰਦਰ ਕੌਰ ਲੱਕੀ ਨੇ ਪੰਜਾਬੀ ਬੋਲੀ ਨੂੰ ਸਮਰਪਿਤ ਆਪਣੀਆਂ ਸਤਰਾਂ “ਇਹ ਨਾਨਕ ਦੀ ਹਾਣੀ ਹੈ, ਸਦੀਆਂ ਤੋਂ ਪਟਰਾਣੀ ਹੈ” ਨਾਲ ਸ਼ੁਰੂਆਤ ਕਰਦਿਆਂ ਆਪਣੀ ਇਕ ਬਹੁਤ ਹੀ ਸੰਜੀਦਾ ਤੇ ਅਰਥ-ਭਰਪੂਰ ਨਜ਼ਮ ਪੇਸ਼ ਕੀਤੀ। ਉਤੋਂ ਸੋਨੇ `ਤੇ ਸੁਹਾਗਾ ਇਹ ਸੀ ਕਿ ਉਨ੍ਹਾਂ ਇਸ ਨਜ਼ਮ ਨੂੰ ਤਰੰਨਮ ਵਿਚ ਗਾ ਕੇ ਸਰੋਤਿਆਂ ਦਾ ਧਿਆਨ ਖਿੱਚਿਆ। ਹਾਲਾਂਕਿ ਰਚਨਾ ਕੁਝ ਵਧੇਰੇ ਲੰਮੀ ਹੋ ਗਈ ਸੀ, ਪਰ ਇਸ ਦੀ ਬਣਤਰ ਤੇ ਇਸ ਅੰਦਰ ਭਰੇ ਅਹਿਸਾਸ ਦੀ ਜੁਗਲਬੰਦੀ ਕਾਰਨ ਸਰੋਤਿਆਂ ਨੂੰ ਰਸ ਆਉਂਦਾ ਰਿਹਾ।
ਟੈਲ ਸਿਟੀ (ਇੰਡੀਆਨਾ) ਤੋਂ ਆਈ ਕਵਿਤਰੀ ਰਾਕਿੰਦ ਕੌਰ ਨੇ ਆਪਣੀਆਂ ਦੋ ਕਵਿਤਾਵਾਂ ਪੜ੍ਹੀਆਂ। ਪਹਿਲੀ ਕਵਿਤਾ “ਬੋਲੀ” ਅਤੇ ਦੂਜੀ ਕਵਿਤਾ “ਮੇਰੇ ਵੱਡ-ਵਡੇਰੇ”, ਜੋ ਕਿ ਪੰਜਾਬੀ ਦੇ ਨਾਮੀ ਕਵੀਆਂ-ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਮੋਹਨ ਸਿੰਘ ਤੇ ਵਿਧਾਤਾ ਸਿੰਘ ਤੀਰ ਨੂੰ ਸਮਰਪਿਤ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 14ਵੀਂ ਸਦੀ ਦੀ ਕਸ਼ਮੀਰ ਦੀ ਕਵਿਤਰੀ ਲੱਲੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਉਸ ਨੇ ਉਦੋਂ ਕਵਿਤਾ ਰਚੀ, ਜਿਸ ਜ਼ਮਾਨੇ ਵਿਚ ਔਰਤਾਂ ਨੂੰ ਸਮਾਜਿਕ ਤੌਰ `ਤੇ ਕੋਈ ਹੱਕ ਵੀ ਪ੍ਰਾਪਤ ਨਹੀਂ ਸੀ।
“ਜਸ ਪੰਜਾਬੀ” ਦੀ ਨੁਮਾਇੰਦਾ ਪੈਨੀ ਸੰਧੂ ਨੇ ਜਦੋਂ ਆਪਣੀ ਤਕਰੀਰ ਪੰਜਾਬੀ ਦੀ ਥਾਂ ਅੰਗਰੇਜ਼ੀ ਵਿਚ ਹੀ ਸ਼ੁਰੂ ਕਰ ਦਿੱਤੀ ਤਾਂ ਹਾਜ਼ਰੀਨ ਵਿਚੋਂ ਆਵਾਜ਼ ਆਈ, “ਪੰਜਾਬੀ ਵਿਚ ਬੋਲੋ!” ਫਿਰ ਉਸ ਨੇ ਇਕ-ਦੋ ਸ਼ਬਦ ਪੰਜਾਬੀ ਵਿਚ ਬੋਲੇ, ਪਰ ਉਸ ਦੀ ਜ਼ੁਬਾਨ `ਚੋਂ ਅੰਗਰੇਜ਼ੀ ਆਪ-ਮੁਹਾਰੇ ਨਿਕਲਦੀ ਰਹੀ। ਲੱਗ ਰਿਹਾ ਸੀ ਕਿ ਉਹ ਕਿਸੇ ਪੰਜਾਬੀ ਚੈਨਲ ਦੀ ਨੁਮਾਇੰਦਾ ਨਾ ਹੋ ਕੇ ਕਿਸੇ “ਜੱਸ ਅੰਗਰੇਜ਼ੀ” ਦੀ ਨੁਮਾਇੰਦਾ ਹੋਵੇ!
ਗੁਰਦੁਆਰਾ ਵ੍ਹੀਟਨ ਦੇ ਹੈਡ ਗ੍ਰੰਥੀ ਭਾਈ ਮਹਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸਾਡੇ ਗੁਰੂਆਂ ਦੇ ਮੁੱਖ `ਚੋਂ ਨਿਕਲੀ ਗੁਰਮੁਖੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਪੰਜਾਬੀ ਬੋਲਦਿਆਂ ਕੋਈ ਸ਼ਰਮ ਨਹੀਂ ਮੰਨਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣੀ ਹੈ ਤਾਂ ਸਾਨੂੰ ਖੁਦ ਪੰਜਾਬੀ ਬੋਲਣ ਤੇ ਸਿੱਖਣ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਗੁਰਮੁਖੀ ਜਰੂਰ ਸਿਖਾਉਣੀ ਪੈਣੀ ਹੈ।
ਭਾਈ ਦਲਜੀਤ ਸਿੰਘ ਸ਼ਿਕਾਗੋ ਨੇ ਆਪਣੀ ਤਕਰੀਰ ਇਨ੍ਹਾਂ ਸਤਰਾਂ “ਸ਼ਰਫ ਪੁੱਛੀ ਨਾ ਬਾਤ ਜਿਨ੍ਹਾਂ ਨੇ, ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ” ਨਾਲ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਮਾਂ ਬੋਲੀ ਦੀ ਥਾਂ ਕੋਈ ਹੋਰ ਬੋਲੀ ਨਹੀਂ ਲੈ ਸਕਦੀ, ਕਿਉਂਕਿ ਸ਼ਬਦਾਂ ਦਾ ਤਰਜਮਾ ਤਾਂ ਹੋ ਸਕਦਾ ਹੈ, ਪਰ ਭਾਵਾਂ ਦਾ ਨਹੀਂ। ਉਨ੍ਹਾਂ ਆਪਣੇ ਕੁਝ ਸੁਝਾਅ ਵੀ ਪੇਸ਼ ਕੀਤੇ।
ਐਫ. ਆਈ. ਏ. ਦੇ ਪ੍ਰਧਾਨ ਰਾਕੇਸ਼ ਮਲਹੋਤਰਾ ਨੇ ਕਿਹਾ ਕਿ ਜੋ ਬੋਲੀ ਗੁਰੂ ਦੇ ਮੁੱਖ ਤੋਂ ਨਿਕਲੀ ਹੋਈ ਹੈ, ਉਹ ਸਾਡੀ ਇਬਾਦਤ ਹੈ ਅਤੇ ਸਭ ਤੋਂ ਵੱਡੀ ਕਵਿਤਾ ਮਾਂ ਹੈ। ਉਨ੍ਹਾਂ ਮਾਂ ਬੋਲੀ, ਮਾਂ ਭੂਮੀ ਤੇ ਕਰਮ ਭੂਮੀ ਨਾਲ ਸਾਂਝ ਬਣਾਈ ਰੱਖਣ ਦੀ ਗੱਲ ਕਹੀ। ਇਸ ਤੋਂ ਇਲਾਵਾ ਉਨ੍ਹਾਂ ਗੁਰਦਾਸ ਮਾਨ ਦੇ ਗੀਤ “ਰੋਟੀ” ਦੀਆਂ ਸਤਰਾਂ ਵੀ ਪੜ੍ਹੀਆਂ, ਪਰ ਕਿਤੇ ਕਿਤੇ ਉਹ ਪੰਜਾਬੀ ਸ਼ਬਦਾਂ ਨੂੰ ਹਿੰਦੀ ਦੀ ਤਰਜ਼ `ਤੇ ਪੜ੍ਹਦੇ ਰਹੇ।
ਮਾਹੌਲ ਵਿਚ ਉਦੋਂ ਹਾਸ-ਰਸ ਭਰ ਗਿਆ ਜਦੋਂ ਗੁਰਮੁਖ ਸਿੰਘ ਭੁੱਲਰ ਅਤੇ ਚਰਨਦੀਪ ਸਿੰਘ ਨੇ ਆਪਣੀ ਸਕਿੱਟ “ਭਾਈਆ” (ਕਹਿੰਦੇ ਬਾਬਾ ਬੋਲਦਾ ਐ) ਪੇਸ਼ ਕੀਤੀ। ਬਾਬਾ ਬਣੇ ਸ. ਭੁੱਲਰ ਨੇ “ਗੱਪਾਂ ਦੀਆਂ ਪੰਡਾਂ” ਤਾਂ ਖੋਲ੍ਹੀਆਂ ਹੀ, ਸਗੋਂ ਸਾਥੀ ਕਲਾਕਾਰ ਨਾਲ ਆਪਸੀ ਵਾਰਤਾਲਾਪ ਦੌਰਾਨ ਸਥਾਨਕ ਭਾਈਚਾਰਕ ਸ਼ਖਸੀਅਤਾਂ ਦੇ ਕਿੱਤੇ ਅਤੇ ਵਿਹਾਰ ਪ੍ਰਤੀ ਮਜਾਹੀਆ ਫੁਲਝੜੀਆਂ ਵੀ ਚਲਾਈਆਂ। ਗੱਪਾਂ ਛੱਡਦੇ ਉਹ ਪੰਜਾਬ ਦੇ ਕਈ ਸਿਆਸਤਦਾਨਾਂ ਦੀ ਯਾਦ ਦਿਵਾ ਰਹੇ ਸਨ। ਮੰਜੇ ਉਤੇ ਬੈਠ ਕੇ ਹਾਸੇ-ਠੱਠੇ ਦੀਆਂ ਗੱਲਾਂ-ਬਾਤਾਂ ਕਰਦਿਆਂ ਦੋਹਾਂ ਕਲਾਕਾਰਾਂ ਨੇ ਅਖੀਰ ਵਿਚ ਮਾਈਕ ਅਤੇ ਕੁਰਸੀ ਵਿਚਲੇ ਅੰਤਰ ਨੂੰ ਮਿਟਾਉਂਦਿਆਂ ਵਿਅੰਗਮਈ ਤੋੜਾ ਝਾੜਿਆ ਕਿ ਕੁਰਸੀ ਤੇ ਮਾਈਕ ਜਿਸ ਨੂੰ ਵੀ ਮਿਲ ਜਾਵੇ, ਛੱਡਣਾ ਨਹੀਂ ਚਾਹੁੰਦਾ।
ਇਥੋਂ ਦੇ ਜੰਮੇ ਬੱਚਿਆਂ ਕਮਨੀਵ ਕੌਰ ਤੇ ਸਾਥੀਆਂ ਨੇ ਪੁਰਾਣੇ ਸਾਜ਼ਾਂ ਦੀ ਵਰਤੋਂ ਕਰਦਿਆਂ ਰਾਗਾਂ `ਤੇ ਆਧਾਰਤ ਸ਼ਬਦ ਦਾ ਗਾਇਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਤੰਤੀ ਸਾਜ਼ਾਂ ਰਾਹੀਂ ਸੰਗੀਤਕ ਧੁਨਾਂ ਵੀ ਬਿਖੇਰੀਆਂ। ਉਨ੍ਹਾਂ ਤਾਊਸ, ਦਿਲਰੁਬਾ, ਤਬਲਾ ਆਦਿ ਸਾਜ਼ਾਂ ਦੀ ਵਰਤੋਂ ਕੀਤੀ। ਇਸ ਮੌਕੇ ਪੰਜਾਬੀ ਲੋਕ ਸੰਗੀਤ ਸਾਜ਼ਾਂ ਅਤੇ ਪੰਜਾਬ ਦੇ ਪੇਂਡੂ ਜਨ-ਜੀਵਨ ਦੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਵੀ ਲਾਈ ਗਈ।
ਗੁਰਦੁਆਰਾ ਪੈਲਾਟਾਈਨ ਦੇ ਗੁਰਮਤਿ ਸਕੂਲ ਦੇ ਬੱਚਿਆਂ ਨੇ “ਮਾਂ ਬੋਲੀ ਵਿਚ ਬੋਲ ਅੰਮੜੀਏ” ਗੀਤ ਪੇਸ਼ ਕਰਨ ਤੋਂ ਇਲਾਵਾ “ਸਾਡੀ ਬੋਲੀ, ਸਾਡਾ ਭਵਿੱਖ” ਦੀ ਪੇਸ਼ਕਾਰੀ ਵੀ ਕੀਤੀ। ਬੱਚਿਆਂ ਨੇ ਪ੍ਰਸਿੱਧ ਪੰਜਾਬੀ ਕਵੀ ਮਰਹੂਮ ਧਨੀ ਰਾਮ ਚਾਤ੍ਰਿਕ ਦੀ ਕਵਿਤਾ “ਬੋਲੀ ਹੈ ਪੰਜਾਬੀ ਸਾਡੀ” ਸੁਣਾ ਕੇ ਪੰਜਾਬੀ ਬੋਲੀ ਪ੍ਰਤੀ ਅਪਾਣੇ ਪਿਆਰ ਦਾ ਇਜ਼ਹਾਰ ਕੀਤਾ। ਪੈਂਤੀ ਦੇ ਕੁਝ ਅੱਖਰਾਂ ਦੀ ਛਪਾਈ ਵਾਲੀਆਂ ਟੀ-ਸ਼ਰਟਾਂ ਪਾਈ ਪੰਜਾਬੀ ਕਲਚਰਲ ਸੁਸਾਇਟੀ (ਸ਼ਿਕਾਗੋ) ਦੇ ਯੂਥ ਭੰਗੜਾ ਗਰੁੱਪ ਨੇ ਗਾਇਕ ਸਤਿੰਦਰ ਸਰਤਾਜ ਦੇ ਗੀਤ “ਗੁਰਮੁਖੀ ਦਾ ਬੇਟਾ” ਉਤੇ ਭੰਗੜਾ ਪੇਸ਼ ਕੀਤਾ।
ਸ਼ਾਇਰ ਰਾਜ ਲਾਲੀ ਬਟਾਲਾ ਨੇ ਮੰਚ ਸੰਚਾਲਨ ਕਰਨ ਦੇ ਨਾਲ-ਨਾਲ ਆਏ ਲੇਖਕਾਂ ਤੇ ਕਵੀਆਂ ਨੂੰ ਮੰਚ `ਤੇ ਆਉਣ ਦਾ ਸੱਦਾ ਦਿੱਤਾ ਅਤੇ ਵਿਚ-ਵਿਚ ਆਪਣੇ ਸ਼ੇਅਰ ਵੀ ਪੇਸ਼ ਕੀਤੇ। ਗਾਇਕਾ ਅਨੀਤਾ ਲਿਆਕੇ ਦੀ ਗਾਇਕੀ ਅਤੇ ਆਮ ਵਰਤੋ-ਵਿਹਾਰ ਦੇ ਸ਼ਬਦ ਠੇਠ ਪੰਜਾਬੀ ਵਿਚ ਬੋਲੇ ਜਾਣ ਦੀ ਬੱਚਿਆਂ ਵਲੋਂ ਕੀਤੀ ਗਈ ਨਸੀਹਤ ਇਸ ਪ੍ਰੋਗਰਾਮ ਦਾ ਇੱਕ ਰੰਗ ਸਨ। ਗੀਤਕਾਰ ਗੁਰਨੇਕ ਸਿੰਘ ਝਾਵਰ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਸਾਜਿਦ ਚੌਧਰੀ ਨੇ ਵੀ ਸੰਬੋਧਨ ਕੀਤਾ।
ਇਸ ਸਮਾਗਮ ਦੇ ਹਿੱਸੇ ਵਜੋਂ ਇਕ ਨਵੀਂ ਪਹਿਲਕਦਮੀ “ਪਿੰਡਾਂ ਵਿਚੋਂ ਪਿੰਡ ਸੁਣੀਂਦਾ” ਵਿਚ ਬੱਚਿਆਂ ਨੇ ਪੰਜਾਬ ਦੇ ਪਿੰਡਾਂ ਵਿਚ ਆਪਣੀ ਯਾਤਰਾ ਬਾਰੇ ਤਜਰਬੇ ਸਾਂਝੇ ਕਰਨ ਵਾਲੇ ਵੀਡੀਓ ਕਲਿੱਪ ਵੀ ਬਣਾਏ, ਜਿਸ ਵਿਚ ਉਨ੍ਹਾਂ ਆਪਣੇ ਦਾਦਕੇ ਤੇ ਨਾਨਕੇ ਪਿੰਡਾਂ ਦਾ ਜ਼ਿਕਰ ਵੀ ਕੀਤਾ। ਇਨ੍ਹਾਂ ਬੱਚਿਆਂ ਦਾ ਕੌਂਸਲ ਜਨਰਲ ਵਲੋਂ ਸਨਮਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਮਿਲਵਾਕੀ ਤੋਂ ਬਿਜਨਸਮੈਨ ਸ. ਦਰਸ਼ਨ ਸਿੰਘ ਧਾਲੀਵਾਲ ਨੇ ਕੁਝ ਸ਼ਖਸੀਅਤਾਂ ਦਾ ਸਨਮਾਨ ਪੱਤਰ ਦੇ ਕੇ ਸਨਮਾਨ ਵੀ ਕੀਤਾ।
ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਕਰਵਾਉਣ ਲਈ ਕੌਂਸਲ ਸ. ਰਣਜੀਤ ਸਿੰਘ ਨੇ ਉਚੇਚੀ ਦਿਲਚਸਪੀ ਦਿਖਾਈ ਅਤੇ ਸੁਝਾਅ ਪੇਸ਼ ਕਰਨ ਦੇ ਨਾਲ ਨਾਲ ਮੀਟਿੰਗਾਂ ਦਾ ਬੰਨ੍ਹ-ਸੁੱਬ ਕਰਨ, ਰੂਪ-ਰੇਖਾ ਉਲੀਕਣ ਤੇ ਪ੍ਰੋਗਰਾਮ ਵਾਲੇ ਦਿਨ ਵੀ ਜਰੂਰੀ ਜ਼ਿੰਮੇਵਾਰੀਆਂ ਨਿਭਾਉਣ ਤੱਕ ਉਨ੍ਹਾਂ ਤਹੱਈਏ ਨਾਲ ਕੰਮ ਕੀਤਾ। ਇਹ ਵੀ ਜ਼ਿਕਰਯੋਗ ਹੈ ਕਿ ਉਨ੍ਹਾਂ ਹੋਰਨਾਂ ਪ੍ਰਬੰਧਕਾਂ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਸ ਪ੍ਰੋਗਰਾਮ ਵਿਚ ਭਾਈਚਾਰਕ, ਸੱਭਿਆਚਾਰਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ। ਹਾਲਾਂਕਿ ਮਿਡਵੈਸਟ ਦੀਆਂ ਬਹੁਤੀਆਂ ਸੰਸਥਾਵਾਂ ਦੀ ਇਸ ਸਮਾਗਮ ਵਿਚ ਨਾਦਾਰਦਗੀ ਰਹੀ, ਪਰ ਫਿਰ ਵੀ ਇਹ ਪਹਿਲਾ ਉਦਮ ਹਾਜ਼ਰੀ ਪੱਖੋਂ ਤਸੱਲੀਬਖਸ਼ ਰਿਹਾ।
ਇਹ ਸਮਾਗਮ ਹਾਫਮੈਨ ਐਸਟੇਟ ਵਿਚ ਸਥਿੱਤ ਘੁਮਾਣ ਭਰਾਵਾਂ-ਅਮਰਬੀਰ ਸਿੰਘ ਘੁਮਾਣ ਤੇ ਹਰਸ਼ਰਨ ਸਿੰਘ ਘੁਮਾਣ ਦੇ ਹੋਟਲ ਮੈਰੀਅਟ ਵਿਚ ਕੀਤਾ ਗਿਆ। ਘੁਮਾਣ ਭਰਾਵਾਂ ਨੇ ਪਿਛਲੇ ਸਾਲ ਹੀ ਮਾਂ ਬੋਲੀ ਸਬੰਧੀ ਇਹ ਸਮਾਗਮ ਮੁੜ ਉਨ੍ਹਾਂ ਦੇ ਹੋਟਲ ਵਿਚ ਕਰਵਾਉਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਨੇ ਸਮਾਗਮ ਲਈ ਹਾਲ ਮੁਫਤ ਵਿਚ ਮੁਹੱਈਆ ਕਰਵਾਉਣ ਦੇ ਨਾਲ ਨਾਲ ਆਏ ਮਹਿਮਾਨਾਂ ਦੀ ਆਓ-ਭਗਤ ਲਈ ਉਚੇਚੀ ਸੇਵਾ ਨਿਭਾਈ। ਇਸੇ ਦੌਰਾਨ ਉਨ੍ਹਾਂ ਭਵਿੱਖ ਵਿਚ ਵੀ ਅਜਿਹੇ ਸਮਾਗਮਾਂ ਲਈ ਸਹਿਯੋਗ ਕਰਨ ਦੀ ਗੱਲ ਦੁਹਰਾਈ ਹੈ। ਲਜ਼ੀਜ਼ ਖਾਣੇ ਦਾ ਪ੍ਰਬੰਧ ਮੁਖਤਿਆਰ ਸਿੰਘ (ਹੈਪੀ) ਹੀਰ ਵਲੋਂ ਮਹਾਰਾਜਾ ਰੈਸੋਟਰੈਂਟ (ਰੋਜ਼ਮਾਂਟ) ਦੀ ਤਰਫੋਂ ਕੀਤਾ ਗਿਆ ਸੀ। ਸਮਾਗਮ ਦੇ ਸਪਾਂਸਰਾਂ ਵਿਚੋਂ ਅਮਰੀਕ ਸਿੰਘ (ਅਮਰ ਕਾਰਪੈਟਸ) ਵੀ ਇੱਕ ਸਨ।
WhatsAppFacebookTwitterEmailShare