
ਬਚਪਣ
ਬਚਪਣ ਵਾਲੀ ਮੌਜ ਯਾਰੋ ਹੁੰਦੀ ਹਮੇਸ਼ਾਂ ਬੜੀ ਕਮਾਲ,
ਚਾਰੇ ਬੰਨ੍ਹੇਂ ਲੱਗੇ ਜਿਵੇਂ ਖ਼ੁਸ਼ੀਆਂ ਦਾ ਬੁਣਿਆ ਹੈ ਜਾਲ।
ਬਚਪਣ ਵਿੱਚ ਹੁੰਦਾ ਨਹੀਂ ਦਿਖਦਾ ਹਮੇਸ਼ਾਂ ਯਾਰੋ ਝੋਰਾ,
ਬਚਪਣ ਕਰਕੇ ਡਰ ਨਹੀਂ ਲੱਗਦਾ ਅਪਣੱਤ ਨੂੰ ਭੋਰਾ।
ਸਤਰੰਗੀ ਪੀਘਾਂ ਝੂਟਦੇ ਭੁੱਲਦੇ ਨਹੀਂ ਹਨ ਝੂਟੇ -ਮਾਟੇ,
ਅਤੇ ਝਗੜਿਆਂ ਨੂੰ ਮਾਰਦਾ ਸੀ ਹਰ ਕੋਈ ਦੂਰੋਂ ਕਾਂਟੇ।
ਨਾ ਕੁੱਝ ਪਾਉਣ ਦੀ ਅਤੇ ਨਾ ਗੁਆਉਣ ਦੀ ਸੀ ਚਿੰਤਾ,
ਪਰ ਪਿਆਰ ਵਿੱਚ ਜੱਫ਼ੀਆਂ ਪਾ ਕੇ ਕਰਦੇ ਸੀ ਮਿੰਨਤਾਂ।
ਸਾਰਿਆਂ ਹੀ ਭੇਦ -ਭਾਵ ਭੁੱਲ ਨਿੱਘ ਸੀ ਅੰਦਰ ਲੁਕੋਈ,
ਅਤੇ ਉਸ ਵੇਲੇ ਤਾਂ ਬਸ ਸਾਂਝੀ ਬਾਤ ਹਰ ਵਿਹੜੇ ਖਲੋਈ।
ਪਾਉਂਦੇ ਸੀ ਕਿਲਕਾਰੀਆਂ ਥਾਂ-ਥਾਂ ਬੰਨ੍ਹ- ਬੰਨ੍ਹ ਟੋਲੀਆਂ,
ਅਤੇ ਇੱਕ -ਦੂਜੇ ਨਾਲ ਖਹਿ ਗੱਲਾਂ ਨਾ ਕਦੇ ਫਰੋਲੀਆਂ।
ਹਾਸਿਆਂ ਨੂੰ ਅੱਖਾਂ ਵਿੱਚ ਪਰ੍ਹੋ ਕੇ ਖ਼ੂਬ ਕੀਤੇ ਹਾਸੇ -ਠੱਠੇ,
ਮੀਹਾਂ, ਝੱਖੜਾਂ ਅਤੇ ਹਨੇਰੀਆਂ ‘ਚ ਚਾਅ ਕੀਤੇ ਨਾ ਮੱਠੇ।
ਚਿਹਰਿਆਂ ਉੱਤੇ ਲਿਸ਼ਕਦੀ ਸੀ ਹਮੇਸ਼ਾਂ ਹੀ ਬਹੁਤੀ ਲਾਲੀ,
ਅਤੇ ਹਰ ਪਾਸੇ ਚਹਿਕਦੀ ਸੀ ਸਾਰੇ ਪਹਿਰ ਹਰਿਆਲੀ।
ਦੌਲਤ ਨਾਲ ਇਹ ਕਦੇ ਨਹੀਂ ਮਿਲਦਾ ਮੁੱਲ ਲਾ ਬਜ਼ਾਰਾਂ,
ਅਤੇ ਮੁੜ ਕਦੇ ਨਾ ਇਹ ਵਾਪਿਸ ਆਵੇ ਬਣ ਕੇ ਬਹਾਰਾਂ।
ਨਿੱਕੀਆਂ -ਨਿੱਕੀਆਂ ਦੰਦੀਆਂ ਵਾਲਾ ਦਿਖਦਾ ਨਾ ਹਾਸਾ,
ਜਿਹੜਾ ਦਿੰਦਾ ਸੀ ਹਾਰ ਵਾਰੀ ਹੀ ਜੀਵਣ ਦਾ ਦਿਲਾਸਾ।
ਸੋਢੀ ਆਖਦਾ ਰੱਬਾ ਵੇ!ਲਿਖ ਦੇ ਮੁੜ ਬਚਪਣ ਵਾਲੇ ਪੰਨੇਂ,
ਤਾਂ ਕਿ ਇਹ ਬਚਪਣ ਯਾਦਾਂ ਬਣ ਦਿਖਦਾ ਰਹੇ ਹਰ ਬੰਨ੍ਹੇਂ।