ਇਹ ਵੈਕਸੀਨ ਇੱਕ ਵਿਸ਼ੇਸ਼ ਪ੍ਰਕਾਰ ਦੇ ਫੇਫੜਿਆਂ ਦੀ ਲਾਗ ਨੂੰ ਰੋਕਣ ਵਿੱਚ ਸਹਾਈ ਹੁੰਦੀ ਹੈ – ਡਾ ਅੰਜੂ ਕਾਂਸਲ, ਐੱਸ ਐੱਮ ਓ ਸੰਗਤ 
ਬਠਿੰਡਾ 28 ਅਗਸਤ (ਹਰਮੀਤ ਸਿਵੀਆਂ) ਸਿਹਤ ਵਿਭਾਗ ਪੰਜਾਬ ਵੱਲੋਂ ਬੱਚਿਆਂ ਵਿਚ ਨਿਮੂਨੀਆਂ ਤੋਂ ਬਚਾਅ ਲਈ ਨਿਊਮੋਕੋਕਲ ਕੰਜੂਗੇਟ   ਵੈਕਸੀਨ ਨੂੰ ਟੀਕਾਕਰਨ ਸੂਚੀ ਵਿਚ ਸ਼ਾਮਿਲ ਕਰ ਲਿਆ ਗਿਆ ਹੈ। ਅੱਜ ਇਸ ਵੈਕਸੀਨ ਦੀ ਬਲਾਕ ਸੰਗਤ ਚ ਸ਼ੁਰੂਆਤ ਸੀਨੀਅਰ ਮੈਡੀਕਲ ਅਫ਼ਸਰ ਡਾ ਅੰਜੁ ਕਾਂਸਲ ਨੇ ਕੀਤੀ। ਅੱਜ ਟੀਕਾਕਰਨ ਦਿਵਸ ਮੌਕੇ ਬਲਾਕ ਸੰਗਤ ਦੇ ਵੱਖ ਵੱਖ ਪਿੰਡਾਂ ਵਿੱਚ ਬੱਚਿਆਂ ਨੂੰ ਇਸ ਵੈਕਸੀਨ ਦੀ ਖ਼ੁਰਾਕ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ ਅੰਜੂ ਕਾਂਸਲ ਨੇ ਕਿਹਾ ਕਿ ਨਿਊਮੋਨੋਕੋਕਲ ਕੰਜੂਗੇਟ ਟੀਕਾਕਰਨ ਇੱਕ ਵਿਸ਼ੇਸ਼ ਪ੍ਰਕਾਰ ਦੇ ਫੇਫੜਿਆਂ ਦੀ ਲਾਗ ਭਾਵ ਨਿਮੂਨੀਆ ਨੂੰ ਰੋਕਣ ਵਿੱਚ ਸਹਾਈ ਹੁੰਦਾ ਹੈ,ਜੋ ਕਿ ਸਟਰੈਪਟੋਕੋਕਸ ਨਿਮੂਨੀਆ ਨਾਮਕ ਜੀਵਾਣੂ ਦੇ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਿਮੂਨੀਆ ਹਰੇਕ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ ਪਰ ਦੋ ਸਾਲ ਤੱਕ ਦੇ ਬੱਚਿਆਂ ਅਤੇ 65 ਸਾਲ ਤੋਂ ਵੱਧ ਬਜ਼ੁਰਗਾਂ ਲਈ ਇਹ ਵਧੇਰੇ ਘਾਤਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਰੋਨਿਕ ਬੀਮਾਰੀਆਂ ਤੋਂ ਪੀੜਤ ਵਿਅਕਤੀ ਅਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਵੀ ਇਸ ਦਾ ਵਧੇਰੇ ਖਤਰਾ ਹੁੰਦਾ ਹੈ।
ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਨੇ ਕਿਹਾ ਕਿ ਹੁਣ ਇਸ ਤੋਂ ਬਚਾਅ ਲਈ ਪੰਜਾਬ ਵਿੱਚ 25 ਅਗਸਤ ਨੂੰ ਇਸ ਵੈਕਸੀਨ ਨੂੰ ਲਾਂਚ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਬੱਚਿਆਂ ਦੀ ਟੀਕਾਕਰਨ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਵੈਕਸੀਨ ਨਿਊਮੋਨੋਕੋਕਲ ਜੀਵਾਣੂਆਂ ਦੀਆਂ ਦਸ ਕਿਸਮਾਂ ਤੋਂ ਸੁਰੱਖਿਆ ਪ੍ਰਦਾਨ ਕਰੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਇਹ ਵੈਕਸੀਨ ਜ਼ਰੂਰ ਲਗਵਾਉਣ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਹਿਲਾਂ ਤੋਂ ਹੀ ਟ੍ਰੇਨਿੰਗ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇਹ ਵੈਕਸੀਨ ਬਹੁਤ ਮਹਿੰਗੀ ਹੈ, ਜਦਕਿ ਸਰਕਾਰੀ ਹਸਪਤਾਲਾਂ ਵਿੱਚ ਇਸ ਨੂੰ ਬਿਲਕੁਲ ਮੁਫ਼ਤ ਲਗਾਇਆ ਜਾਵੇਗਾ।
ਇਸ ਮੌਕੇ ਅਮਰਜੀਤ ਕੌਰ ਹੈਲਥ ਸੁਪਰਵਾਈਜ਼ਰ ਨੇ ਕਿਹਾ ਕਿ ਨਿਊਮੋਕੋਕਲ ਕੰਜੂਗੇਟ ਵੈਕਸੀਨ ਦੀਆ ਤਿੰਨ ਖ਼ੁਰਾਕਾਂ ਬੱਚਿਆਂ ਨੂੰ ਦਿੱਤੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਖੁਰਾਕ ਬੱਚੇ ਦੇ ਡੇਢ ਮਹੀਨੇ ਦੀ ਉਮਰ ਤੇ, ਦੂਜੀ ਖੁਰਾਕ ਸਾਢੇ ਤਿੰਨ ਮਹੀਨੇ ਅਤੇ ਤੀਜੀ ਖੁਰਾਕ ਬੱਚੇ ਦੇ ਨੌ ਮਹੀਨੇ ਦੇ ਹੋਣ ’ਤੇ ਦਿੱਤੀ ਜਾਵੇਗੀ।
ਇਸ ਮੌਕੇ ਵੀਰਪਾਲ ਕੌਰ ਮਲਟੀਪਰਪਜ਼ ਹੈਲਥ ਇੰਪਲਾਈ  ਮੇਲ (ਫੀਮੇਲ)ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।
WhatsAppFacebookTwitterEmailShare