ਤਾਰਾ ਮੰਡਲ (ਰਾਸ਼ੀਆਂ) ਸੂਰਜੀ ਕੈਲੰਡਰ – 1

ਸੂਰਜੀ ਕੈਲੰਡਰ – 1 ਤਾਰਿਆਂ ਦੀ ਬਣੀਆਂ ਆਕ੍ਰਿਤੀਆਂ ਨੂੰ ਤਾਰਾ ਸਮੂਹ/ਤਾਰਾ ਮੰਡਲ/constellation ਕਹਿੰਦੇ ਹਨ। ਵੈਸੇ ਤਾਂ ਹਰੇਕ ਵਿਅਕਤੀ ਆਪਣੀ ਸੋਚ ਮੁਤਾਬਕ ਕੋਈ ਵੀ ਆਕ੍ਰਿਤੀ ਬਣਾ ਸਕਦਾ ਹੈ ਪਰ 88 ਤਾਰਾ ਸਮੂਹਾਂ ਨੂੰ ਤਾਰਾ ਵਿਗਿਆਨ ਵਿੱਚ ਪਹਿਚਾਣਿਆ ਗਿਆ ਹੈ।
ਪੁਰਾਣੇ ਸਮਿਆਂ ਵਿੱਚ ਮਨੁੱਖਾਂ ਨੇ ਤਾਰਿਆਂ ਨੂੰ ਪਛਾਣਨ ਲਈ ਤਾਰਾਮੰਡਲਾਂ ਦੀ ਵਿਉਂਤ ਬਣਾਈ। ਤਾਰਾਮੰਡਲਾਂ ਦੀਆਂ ਸ਼ਕਲਾਂ ਉਨ੍ਹਾਂ ਵਿਅਕਤੀਆਂ ਦੀਆਂ ਜਾਣੀਆਂ ਵਸਤਾਂ ਨਾਲ਼ ਮੇਲ਼ ਖਾਂਦੀਆਂ ਹਨ।  ਰਾਤ ਦੇ ਅਕਾਸ਼ ਵਿੱਚ ਕੁਝ ਤਾਰਾਮੰਡਲਾਂ ਦੀ ਤੁਸੀਂ ਅਸਾਨੀ ਨਾਲ਼ ਪਹਿਚਾਣ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਇਹ ਜਾਨਣਾ ਹੋਵੇਗਾ ਕਿ ਆਕ੍ਰਿਤੀ ਕਿਹੋ ਜਿਹੀ ਹੈ ਤੇ ਅਕਾਸ਼ ਵਿੱਚ ਉਸਨੂੰ ਕਿੱਥੇ ਦੇਖਣਾ ਹੈ । ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਤਾਰੇ ਤਾਰਾਮੰਡਲ ਬਣਾਉਂਦੇ ਹਨ, ਉਹਨਾਂ ਦਾ ਇੱਕ ਦੂਜੇ ਦੇ ਨਜ਼ਦੀਕ ਹੋਣਾ ਜ਼ਰੂਰੀ ਨਹੀਂ, ਜ਼ਿਆਦਾਤਰ ਇੱਕ ਦੂਜੇ ਤੋਂ ਬਹੁਤ ਬਹੁਤ ਦੂਰ ਹਨ ਪਰ ਧਰਤੀ ਤੋਂ ਦੇਖਣ ਨੂੰ ਇੱਕੋ ਦਿਸ਼ਾ ਵੱਲ ਹੋਣ ਕਰਕੇ ਨੇੜੇ ਨੇੜੇ ਲੱਗਦੇ ਹਨ।
ਚਲੋਂ ਆਪਾਂ ਰਾਸ਼ੀਆਂ ਦੀ ਗੱਲ ਸ਼ੁਰੂ ਕਰਦੇ ਹਾਂ-
ਰਾਸ਼ੀਆਂ ਉਹ ਤਾਰਾ ਸਮੂਹ ਹਨ ਜਿਨ੍ਹਾਂ ਵਿਚੋਂ ਦੀ ਸੂਰਜ, ਚੰਦ, ਗ੍ਰਹਿ ਲੰਘਦੇ ਨਜ਼ਰ ਆਉਂਦੇ(ਪ੍ਰਤੀਤ ਹੁੰਦੇ) ਹਨ।  ਵੈਸੇ ਤਾਂ ਪੁਰਾਣਿਆਂ ਨੇ 12 ਰਾਸ਼ੀਆਂ ਮੰਨੀਆਂ ਨੇ ਤੇ 12 ਮਹੀਨੇ ਇਸੇ ਅਧਾਰ ਉੱਤੇ ਮੰਨੇ ਨੇ, ਪਰ ਅਸਲ ਵਿੱਚ ਸੂਰਜ 13 ਰਾਸ਼ੀਆਂ ਵਿਚੋਂ ਦੀ ਹੋ ਕੇ ਗੁਜ਼ਰਦਾ ਹੈ, ਇਹ ਸਮੇਂ ਨਾਲ਼ ਹੋਏ ਬਦਲਾਅ ਕਾਰਨ ਹੋਇਆ ਹੈ, ਧਰਤੀ ਦੀ Precession ਕਾਰਨ। Ophiuchus ਨਵੀਂ ਰਾਸ਼ੀ ਹੈ ਜੋਕਿ ਪਹਿਲਾਂ ਰਾਸ਼ੀ ਨਹੀਂ ਸੀ ਹੁੰਦੀ, ਹੁਣ ਤਾਂ ਸੂਰਜ ਬ੍ਰਿਸ਼ਚਕ ਨਾਲੋਂ ਵੱਧ ਸਮਾਂ ਇਸ ਰਾਸ਼ੀ ਵਿੱਚ ਗੁਜ਼ਾਰਦਾ ਹੈ।ਜੋਤਿਸ਼ ਨੂੰ precession ਦੇ ਨਾਲ਼ ਅਪਡੇਟ ਨਾ ਕਰਨ ਕਰਕੇ ਅੱਜ ਸੰਗਰਾਂਦ ਦੀ ਤਰੀਕ ਅਤੇ ਰਾਸ਼ੀ ਬਦਲਣ ਦੀ ਤਰੀਕ ਵਿੱਚ ਕੁਝ ਦਿਨਾਂ ਦਾ ਅੰਤਰ ਹੈ। ਸੰਗਰਾਂਦ ਦਾ ਮਤਲਬ ਹੈ ਸੂਰਜ ਦੀ ਰਾਸ਼ੀ ਵਿੱਚ ਕ੍ਰਾਂਤੀ ਆਉਣਾ, ਮਤਲਬ ਸੰਗਰਾਂਦ ਵਾਲ਼ੇ ਦਿਨ ਸੂਰਜ ਰਾਸ਼ੀ ਬਦਲਦਾ ਹੈ, ਪਿਛਲੀ ਰਾਸ਼ੀ ਵਿਚੋਂ ਅਗਲੀ ਵਿੱਚ ਜਾਂਦਾ ਹੈ ਤੇ ਜਦੋਂ ਦੋਬਾਰਾ ਉਸੇ ਰਾਸ਼ੀ ਵਿੱਚ ਆ ਜਾਂਦਾ ਹੈ ਤਾਂ ਇੱਕ ਸੂਰਜੀ ਬਰਸ ਪੂਰਾ ਹੋ ਜਾਂਦਾ ਹੈ। ਅੱਜ ਦੀ ਤਰੀਕ ਵਿੱਚ ਅਸੀਂ ਅਸਲ ਸੰਗਰਾਂਦ(ਪਰਿਭਾਸ਼ਿਤ) ਨਹੀਂ ਮਨਾਉਂਦੇ ।
ਚਲੋ ਹੁਣ ਆਪਾਂ ਰਾਸ਼ੀਆਂ ਦੇ ਨਾਵਾਂ ਬਾਰੇ ਜਾਣ ਲਈਏ ਅਤੇ ਆਪਣੀ ਵਿਗਿਆਨਿਕ ਰਾਸ਼ੀ ਬਾਰੇ ਵੀ –
1. ਮੇਖ/Aries ♈    ———— 19/04-13/05
2. ਬ੍ਰਿਖ/Taurus ♉   ———– 14/05-19/06
3. ਮਿਥੁਨ/Gemini ♊ ———- 20/06-20/07
4. ਕਰਕ/Cancer ♋   ———- 21/07-09/08
5. ਸਿੰਘ/Leo ♌      ————- 10/08-15/09
6. ਕੰਨਿਆ/Virgo ♍  ———– 16/09-30/10
7. ਤੁਲਾ/Libra ♎  ————– 31/10-22/11
8. ਬ੍ਰਿਸਚਕ/ Scorpio♏ ——– 23/11-29/11
9. Ophiuchus ⛎    ———– 30/11-17/12
10. ਧਨੁ/Sagittarius ♐  ——- 18/12-18/01
11. ਮਕਰ/Capricorn ♑  —— 19/01-15/02
12. ਕੁੰਭ /Aquarius ♒   ——- 16/02-11/03
13. ਮੀਨ/Pisces ♓     ———- 12/03-18/04
ਇਹਨਾਂ ਤਰੀਕਾਂ ਵਿੱਚ 2-4 ਦਿਨ ਦਾ ਫ਼ਰਕ ਹੋ ਸਕਦਾ ਹੈ, ਆਪਣੀ ਜਨਮ ਤਰੀਕ ਦੇ ਹਿਸਾਬ ਨਾਲ਼ ਆਪਾਂ ਆਪਣੀ ਵਿਗਿਆਨਿਕ ਰਾਸ਼ੀ ਦੇਖ ਸਕਦੇ ਹਾਂ
ਮਤਲਬ ਕਿ ਸਾਡੀ ਰਾਸ਼ੀ/zodiac sign ਉਹ ਤਾਰਾਮੰਡਲ ਹੈ ਜਿਸ ਵਿੱਚ ਸੂਰਜ ਸਾਡੇ ਜਨਮ ਸਮੇਂ ਮੌਜੂਦ ਸੀ।
ਅੱਜ ਕੱਲ੍ਹ ਅਸੀਂ ਬ੍ਰਿਖ ਰਾਸ਼ੀ ਨੂੰ ਰਾਤ ਨੂੰ, ਮਿਥੁਨ ਅਤੇ ਸਿੰਘ ਰਾਸ਼ੀ ਨੂੰ ਤੜਕੇ ਅਸਾਨੀ ਨਾਲ਼  ਦੇਖ ਸਕਦੇ ਹਾਂ।
ਕਈਆਂ ਦੇ ਮਨ ਵਿੱਚ ਇਹ ਸਵਾਲ ਹੋਵੇਗਾ ਕਿ ਤਾਰਾ ਮੰਡਲਾਂ ਦਾ ਜਾਂ ਰਾਸ਼ੀਆਂ ਦਾ ਕੀ ਫ਼ਾਇਦਾ? ਤਾਰਾ ਮੰਡਲ ਇੱਕ ਹਿਸਾਬ ਨਾਲ਼ ਤਾਰਿਆਂ ਦਾ ਐਡਰੈੱਸ ਹੁੰਦੇ ਹਨ, ਸਿਰਫ਼ ਤਾਰਿਆਂ ਦਾ ਹੀ ਨਹੀਂ, ਉਲਕਾ ਬੁਛਾੜਾਂ ਅਤੇ ਹੋਰ ਖੁਗੋਲੀ ਘਟਨਾਵਾਂ ਦਾ ਵੀ ਐਡਰੈੱਸ ਹੁੰਦੇ ਹਨ, ਇਹਨਾਂ ਤੋਂ ਪਤਾ ਲੱਗਦਾ ਹੈ ਕਿ ਕਿੱਧਰ ਨੂੰ ਦੇਖਣਾ ਹੈ, ਚਮਕਦਾਰ ਤਾਰਿਆਂ ਦੇ ਨਾਂ ਵਿੱਚ ਤਾਰਾਮੰਡਲ ਦਾ ਨਾਂਅ ਸ਼ਾਮਿਲ ਹੁੰਦਾ ਹੈ, ਜਿਵੇਂ “ਅਲਫਾ ਲਿਓਨਿਸ “, ਇਥੋਂ ਸਾਫ ਹੈ ਕਿ ਲਿਓ/ਸਿੰਘ ਰਾਸ਼ੀ ਦੇ ਤਾਰੇ ਦੀ ਗੱਲ ਹੋ ਰਹੀ ਹੈ। ਰਾਸ਼ੀਆਂ ਦਾ ਇੱਕ ਫ਼ਾਇਦਾ ਇਹ ਵੀ ਹੈ ਕਿ ਇਹਨਾਂ ਰਾਹੀਂ ਅਸੀਂ ਸੂਰਜੀ ਕੈਲੰਡਰ ਨੂੰ ਸਮਝ ਸਕਦੇ ਹਾਂ, ਇਹਨਾਂ ਨੂੰ ਦੇਖਕੇ ਪਤਾ ਲਗਾ ਸਕਦੇ ਹਾਂ ਕਿ ਕਿਹੜੀ ਰੁੱਤ/ਮਹੀਨਾ ਚੱਲ ਰਿਹਾ ਹੈ। ਕਿਵੇਂ? ਏਹ ਅਗਲੀ ਕਿਸ਼ਤ ਵਿੱਚ ਜਾਣਾਂਗੇ…
🖊

ਜਸਵਿੰਦਰ ਸਿੰਘ ਭਾਰੀ 

️ 

ਮੋਬਾਈਲ – 94644 80909
ਰਾਹੀਂ ਮੱਖਣ ਸਿੰਘ ਬੁੱਟਰ ਜਿਲਾ ਇੰਚਾਰਜ ਬਠਿੰਡਾ ਅਖਬਾਰ ਲੋਕ ਭਲਾਈ ਦਾ ਸੁਨੇਹਾ

Leave a Reply

Your email address will not be published. Required fields are marked *