ਕੀਤੂ ਦੀ ਕੋਠੀ ਕੋਲ ਲੱਗਿਆ ਦਵਿੰਦਰ ਬੀਹਲੇ ਦਾ ਫਲੈਕਸ ਬੋਰਡ ਰਾਤੋ-ਰਾਤ ਗਾਇਬ
ਸੰਘੇੜਾ 24 ਜੁਲਾਈ ਅਜਮੇਰ ਸਿੰਘ ਸਿੱਧੂ
ਆਮ ਆਦਮੀ ਪਾਰਟੀ ਤੋਂ ਸ਼ੁਰੂ ਹੋ ਕੇ ਪੰਜਾਬੀ ਏਕਤਾ ਪਾਰਟੀ ਦੇ ਰਾਸਤੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪੱਲਾਂ ਫੜ੍ਹ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦਾ ਸੁਪਨਾ ਮਨ ਚ, ਲੈ ਕੇ ਇਲਾਕੇ ਦੀ ਰਾਜਨੀਤੀ ਵਿੱਚ ਸਰਗਰਮ ਹੋਏ ਐਨ.ਆਰ.ਆਈ. ਆਗੂ ਦਵਿੰਦਰ ਸਿੰਘ ਬੀਹਲਾ ਦੀ ਅਕਾਲੀ ਦਲ ਵਿੱਚ ਹੋਈ ਐਂਟਰੀ ਨਾਲ ਇਲਾਕੇ ਦੀ ਅਕਾਲੀ ਸਿਆਸਤ ਚ,ਹੜਕੰਪ ਮੱਚ ਗਿਆ ਹੈ। ਲੰਘੀਆਂ ਤਿੰਨ ਵਿਧਾਨ ਸਭਾ ਚੋਣਾਂ ਚ, ਕ੍ਰਮਾਨੁਸਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਧੜੇਬੰਦੀ ਕਾਰਣ ਕਰਾਰੀ ਹਾਰ ਦਾ ਮੂੰਹ ਦੇਖਣ ਵਾਲੇ ਅਕਾਲੀ ਦਲ ਦੀ ਧੜੇਬੰਦੀ ਦਵਿੰਦਰ ਬੀਹਲਾ ਦੀ ਆਮਦ ਨਾਲ ਹੋਰ ਵੀ ਸਿਖਰ ਤੇ ਪਹੁੰਚ ਗਈ ਹੈ। ਅਕਾਲੀ ਦਲ ਚ, ਪੈਦਾ ਹੋ ਰਹੀ ਨਵੀ ਸਫਬੰਦੀ ਦਾ ਅਸਰ 2022 ਦੀਆਂ ਚੋਣਾਂ ਚ, ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
-ਕੁਲਵੰਤ ਸਿੰਘ ਕੀਤੂ ਧੜੇ ਚ, ਵਧ ਰਹੀ ਨਰਾਜ਼ਗੀ
ਬਰਨਾਲਾ ਹਲਕੇ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਸਵਰਗੀ ਅਕਾਲੀ ਆਗੂ ਮਲਕੀਤ ਸਿੰਘ ਕੀਤੂ ਦੇ ਪੁੱਤਰ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ਼ ਅਤੇ ਪੇਡਾ ਪੰਜਾਬ ਦੇ ਵਾਈਸ ਚੇਅਰਮੈਨ ਕੁਲਵੰਤ ਸਿੰਘ ਕੀਤੂ ਦੇ ਧੜੇ ਅੰਦਰ ਵੀ ਦਵਿੰਦਰ ਸਿੰਘ ਬੀਹਲਾ ਦੀਆਂ ਵੱਧ ਰਹੀਆਂ ਰਾਜਸੀ ਸਰਗਰਮੀਆਂ ਨੇ ਨਰਾਜ਼ਗੀ ਪੈਦਾ ਕਰ ਦਿੱਤੀ ਹੈ। ਕਿਉਂਕਿ ਕੀਤੂ ਦੇ ਸਮਰਥਕ ਕੁਲਵੰਤ ਸਿੰਘ ਨੂੰ ਹੀ ਹਲਕੇ ਤੋਂ ਸੰਭਾਵੀ ਅਕਾਲੀ ਉਮੀਦਵਾਰ ਦੇ ਤੌਰ ਤੇ ਪੇਸ਼ ਕਰਦੇ ਆ ਰਹੇ ਸਨ। ਪਰ ਹੁਣ ਬੀਹਲੇ ਦੇ ਸ਼ਹਿਰ ਅੰਦਰ ਜਗ੍ਹਾ ਜਗ੍ਹਾ ਤੇ ਲੱਗੇ ਫਲੈਕਸ ਬੋਰਡ ਕੀਤੂ ਸਮਰਥਕਾਂ ਦੀਆਂ ਧੜਕਣਾਂ ਤੇਜ਼ ਕਰ ਰਹੇ ਹਨ। ਭਾਂਵੇ ਕੁਲਵੰਤ ਸਿੰਘ ਦੇ ਕਰੀਬੀ ਆਗੂ ਹਾਲੇ ਵੀ ਕੀਤੂ ਨੂੰ ਹੀ ਆਪਣਾ ਆਗੂ ਮੰਨਦੇ ਹਨ। ਪਰੰਤੂ ਉਨਾਂ ਦੇ ਚਿਹਰਿਆਂ ਤੇ ਬੀਹਲਾ ਦੀ ਵੱਧਦੀ ਸਰਗਰਮੀ ਕਾਰਣ ਨਿਰਾਸ਼ਾ ਸਾਫ ਤੌਰ ਤੇ ਝਲਕਦੀ ਹੈ। ਕੁਲਵੰਤ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਰਾਜਸੀ ਹਾਲਤ ਕੁਝ ਵੀ ਹੋਣ ਉਹ ਪਹਿਲਾਂ ਕੀਤੂ ਤੇ ਹੁਣ ਕੰਤੇ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਕੰਤੇ ਦੇ ਕਰੀਬੀ ਕੁਝ ਕੌਂਸਲਰਾਂ ਨੇ ਦਬੀ ਜੁਬਾਨ ਚ, ਕਿਹਾ ਕਿ ਜੇਕਰ ਕੰਤੇ ਦੀ ਬਜਾਏ ਅਕਾਲੀ ਦਲ ਬੀਹਲੇ ਨੂੰ ਉਮੀਦਵਾਰ ਦੇ ਤੌਰ ਦੇ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗਾ ਤਾਂ ਇਸਦਾ ਖਾਮਿਆਜਾ ਦਲ ਨੂੰ ਫਿਰ ਕਰਾਰੀ ਹਾਰ ਦੇ ਰੂਪ ਚ, ਹੀ ਵੇਖਣਾ ਪਵੇਗਾ